ਚੰਡੀਗੜ੍ਹ ਵਿਸ਼ਵ ਵਿਰਾਸਤੀ ਸ਼ਹਿਰ ਨਹੀਂ: ਸ਼ੇਖਾਵਤ
ਸੰਸਦ ਮੈਂਬਰ ਮਨੀਸ਼ ਤਿਵਾੜੀ ਦੇ ਸਵਾਲ ’ਤੇ ਕੇਂਦਰੀ ਮੰਤਰੀ ਨੇ ਦਿੱਤਾ ਜਵਾਬ
ਆਤਿਸ਼ ਗੁਪਤਾ
ਚੰਡੀਗੜ੍ਹ, 3 ਫਰਵਰੀ
ਪੰਜਾਬ ਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਨੂੰ ਵਿਰਾਸਤੀ ਸ਼ਹਿਰ ਦਾ ਦਰਜਾ ਪ੍ਰਾਪਤ ਹੋਣ ਕਰਕੇ ਕਈ ਵਾਰ ਵਿਕਾਸ ਕਾਰਜਾਂ ਵਿੱਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਚੰਡੀਗੜ੍ਹ ਵਿਸ਼ਵ ਵਿਰਾਸਤੀ ਸ਼ਹਿਰ ਨਹੀਂ ਹੈ। ਇਹ ਪ੍ਰਗਟਾਵਾ ਅੱਜ ਲੋਕ ਸਭਾ ਵਿੱਚ ਕੇਂਦਰੀ ਸੱਭਿਆਚਾਰ ਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕੀਤਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦਾ ਸਿਰਫ਼ ਕੈਪੀਟਲ ਕੰਪਲੈਕਸ ਵਿਰਾਸਤੀ ਇਮਾਰਤਾਂ ਦੀ ਸੂਚੀ ਵਿੱਚ ਸ਼ਾਮਲ ਹੈ।
ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਅੱਜ ਲੋਕ ਸਭਾ ਵਿੱਚ ਸਵਾਲ ਪੁੱਛਿਆ ‘ਕੀ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੂੰ ਵਿਰਾਸਤੀ ਸ਼ਹਿਰ ਦਾ ਦਰਜਾ ਪ੍ਰਾਪਤ ਹੈ।’ ਇਸ ਦੇ ਨਾਲ ਹੀ ਤਿਵਾੜੀ ਨੇ ਲੋਕ ਸਭਾ ਵਿੱਚ ‘ਭਾਰਤ ਸਰਕਾਰ, ਯੂਨੈਸਕੋ ਜਾਂ ਕਿਸੇ ਹੋਰ ਅੰਤਰਰਾਸ਼ਟਰੀ ਸੰਸਥਾ ਵੱਲੋਂ ਐਲਾਨੇ ਵਿਰਾਸਤੀ ਸ਼ਹਿਰਾਂ ਦੀ ਸੂਚੀ ਮੰਗੀ ਅਤੇ ਇਸ ਦੇ ਮਾਪਦੰਢ ਪੁੱਛੇ’।
ਮਨੀਸ਼ ਤਿਵਾੜੀ ਦੇ ਸਵਾਲ ਦੇ ਜਵਾਬ ਵਿੱਚ ਸ਼ੇਖਾਵਤ ਨੇ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਨੂੰ ਵਿਰਾਸਤੀ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਸਾਲ 2016 ਵਿੱਚ ‘ਦਿ ਆਰਕੀਟੈਕਚਰਲ ਵਰਕ ਆਫ਼ ਲਾ ਕਾਰਬੁਜ਼ੀਅਰ, ਆਧੁਨਿਕ ਅੰਦੋਲਨ ਵਿੱਚ ਸ਼ਾਨਦਾਰ ਯੋਗਦਾਨ’ ਦੇ ਸਿਰਲੇਖ ਹੇਠ ਚੰਡੀਗੜ੍ਹ ਦੇ ਕੈਪੀਟਲ ਕੰਪਲੈਕਸ ਨੂੰ ਕੌਮਾਂਤਰੀ ਵਿਰਾਸਤੀ ਇਮਾਰਤਾਂ ਦੀ ਸੂਚੀ ਵਿੱਚ ਸ਼ਾਮਲ ਕਰ ਲਿਆ ਸੀ। ਕੇਂਦਰੀ ਮੰਤਰੀ ਨੇ ਕਿਹਾ ਕਿ ਕਿਸੇ ਵੀ ਸ਼ਹਿਰ ਨੂੰ ਵਿਸ਼ਵ ਵਿਰਾਸਤੀ ਸ਼ਹਿਰ ਤੇ ਇਮਾਰਤ ਨੂੰ ਵਿਸ਼ਵ ਵਿਰਾਸਤੀ ਇਮਾਰਤ ਦੀ ਸੂਚੀ ਵਿੱਚ ਸ਼ਾਮਲ ਕਰਨ ਲਈ ਕਈ ਮਾਪਦੰਡ ਨੂੰ ਪੂਰੇ ਕਰਨੇ ਹੁੰਦੇ ਹਨ। ਜ਼ਿਕਰਯੋਗ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਨੂੰ ਵਿਰਾਸਤੀ ਸ਼ਹਿਰ ਦੱਸਦਿਆਂ ਸਮੇਂ-ਸਮੇਂ ’ਤੇ ਕਈ ਵਿਕਾਸ ਕਾਰਜਾਂ ਦੇ ਪ੍ਰਾਜੈਕਟਾਂ ਨੂੰ ਪ੍ਰਵਾਨਗੀ ਲਈ ‘ਚੰਡੀਗੜ੍ਹ ਹੈਰੀਟੇਜ ਕੰਜ਼ਰਵੇਸ਼ਨ ਕਮੇਟੀ’ ਕੋਲ ਮਨਜ਼ੂਰੀ ਲਈ ਭੇਜਿਆ ਜਾਂਦਾ ਹੈ। ਇਸ ਦੌਰਾਨ ਕਮੇਟੀ ਵੱਲੋਂ ਵਧੇਰੇ ਪ੍ਰਾਜੈਕਟਾਂ ਨੂੰ ਵਿਰਾਸਤੀ ਸ਼ਹਿਰ ਨਾਲ ਛੇੜਛਾੜ ਦੱਸ ਕੇ ਰੱਦ ਵੀ ਕਰ ਦਿੱਤਾ ਜਾਂਦਾ ਹੈ, ਜਿਸ ਕਰਕੇ ਸ਼ਹਿਰ ਵਿੱਚ ਵਧੇਰੇ ਵਿਕਾਸ ਦੇ ਪ੍ਰਾਜੈਕਟਾਂ ਵਿੱਚ ਬਰੇਕਾਂ ਲੱਗੀਆਂ ਹੋਈਆਂ ਹਨ।
ਅਹਿਮਦਾਬਾਦ ਤੇ ਜੈਪੁਰ ਵਿਰਾਸਤੀ ਸ਼ਹਿਰਾਂ ਦੀ ਸੂਚੀ ਵਿੱਚ ਸ਼ਾਮਲ
ਕੇਂਦਰੀ ਸੱਭਿਆਚਾਰ ਤੇ ਸੈਰ ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਲੋਕ ਸਭਾ ਵਿੱਚ ਕਿਹਾ ਕਿ ਭਾਰਤ ਦੇ ਸਿਰਫ਼ ਦੋ ਸ਼ਹਿਰਾਂ ਨੂੰ ਵਿਸ਼ਵ ਵਿਰਾਸਤੀ ਸ਼ਹਿਰ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿਰਾਸਤੀ ਸ਼ਹਿਰ ਦੀ ਸੂਚੀ ਵਿੱਚ ਅਹਿਮਦਾਬਾਦ ਤੇ ਜੈਪੁਰ ਦੇ ਨਾਮ ਸ਼ਾਮਲ ਹਨ।