For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ਲਈ ਬਜਟ ਉਮੀਦ ਤੋਂ ਘੱਟ ਪਰ ਪਿਛਲੇ ਸਾਲ ਨਾਲੋਂ ਵੱਧ

05:01 AM Feb 02, 2025 IST
ਚੰਡੀਗੜ੍ਹ ਲਈ ਬਜਟ ਉਮੀਦ ਤੋਂ ਘੱਟ ਪਰ ਪਿਛਲੇ ਸਾਲ ਨਾਲੋਂ ਵੱਧ
Advertisement

ਆਤਿਸ਼ ਗੁਪਤਾ
ਚੰਡੀਗੜ੍ਹ, 1 ਫਰਵਰੀ
ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਅੱਜ ਸੰਸਦ ’ਚ ਪੇਸ਼ ਕੀਤੇ ਗਏ ਵਿੱਤ ਵਰ੍ਹੇ 2025-26 ਦੇ ਬਜਟ ’ਚ ਚੰਡੀਗੜ੍ਹ ਨੂੰ ਉਮੀਦ ਨਾਲੋਂ ਘੱਟ ਭਰ ਪਿਛਲੇ ਸਾਲ ਦੇ ਮੁਕਾਬਲੇ ਦਿਲ ਖੋਲ੍ਹ ਕੇ ਰੁਪਏ ਦਿੱਤੇ ਗਏ ਹਨ। ਇਸ ਵਾਰ ਕੇਂਦਰੀ ਬਜਟ ਵਿੱਚ ਪੰਜਾਬ ਅਤੇ ਹਰਿਆਣਾ ਦੀ ਰਾਜਧਾਨੀ ਚੰਡੀਗੜ੍ਹ ਨੂੰ ਪਿਛਲੇ ਸਾਲ ਦੇ ਮੁਕਾਬਲੇ 7.21 ਫ਼ੀਸਦ ਵਾਧੇ ਨਾਲ 6983.18 ਕਰੋੜ ਰੁਪਏ ਦਿੱਤੇ ਗਏ ਹਨ, ਜੋ ਕਿ ਪਿਛਲੇ ਸਾਲ ਦੇ ਮੁਕਾਬਲਾ 469.56 ਕਰੋੜ ਰੁਪਏ ਵੱਧ ਹਨ।
ਕੇਂਦਰ ਸਰਕਾਰ ਨੇ ਚੰਡੀਗੜ੍ਹ ਦੇ ਰੈਵੇਨਿਯੂ (ਤਨਖ਼ਾਹ ਅਤੇ ਹੋਰ ਖਰਚੇ) ਲਈ 6185.18 ਕਰੋੜ ਰੁਪਏ ਅਤੇ 798 ਕਰੋੜ ਰੁਪਏ ਕੈਪਿਟਲ ਵਾਸਤੇ ਜਾਰੀ ਕੀਤੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਨੇ ਵਿੱਤ ਵਰ੍ਹੇ 2025-26 ਵਿੱਚ ਸ਼ਹਿਰ ਦੇ ਵਿਕਾਸ ਅਤੇ ਹੋਰਨਾਂ ਖਰਚਿਆਂ ਲਈ 7600 ਕਰੋੜ ਰੁਪਏ ਦੀ ਮੰਗ ਕੀਤੀ ਸੀ। ਪਿਛਲੇ ਸਾਲ ਕੇਂਦਰ ਸਰਕਾਰ ਨੇ ਚੰਡੀਗੜ੍ਹ ਲਈ 6513.62 ਕਰੋੜ ਰੁਪਏ ਜਾਰੀ ਕੀਤੇ ਸਨ, ਜਿਸ ਵਿੱਚ 5858.62 ਕਰੋੜ ਰੁਪਏ ਰੈਵੇਨਿਊ ਅਤੇ 655 ਕਰੋੜ ਰੁਪਏ ਕੈਪਿਟਲ ਵਾਸਤੇ ਸੀ। ਇਸ ਵਾਰ ਕੇਂਦਰ ਸਰਕਾਰ ਨੇ ਚੰਡੀਗੜ੍ਹ ਦੇ ਬਜਟ ’ਚ ਸਿੱਖਿਆ ਤੇ ਸਿਹਤ ਦੇ ਖੇਤਰ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਇਸ ਦੇ ਨਾਲ ਹੀ ਸੁਰੱਖਿਆ, ਊਰਜਾ, ਟਰਾਂਸਪੋਰਟ ਤੇ ਸ਼ਹਿਰੀ ਵਿਕਾਸ ਲਈ ਵੀ ਦਿਲ ਖੋਲ੍ਹ ਕੇ ਫੰਡ ਰੱਖੇ ਗਏ ਹਨ, ਜਦੋਂ ਕਿ ਕੇਂਦਰ ਸਰਕਾਰ ਨੇ ਇਸ ਵਰ੍ਹੇ ਸਿੱਖਿਆ ਦੇ ਬਜਟ ਵਿੱਚ 200 ਕਰੋੜ ਰੁਪਏ ਦਾ ਵਾਧਾ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਸਿੱਖਿਆ ਦੇ ਖੇਤਰ ਲਈ 1206.36 ਕਰੋੜ ਰੁਪਏ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਨੂੰ ਸਿਹਤ ਹੱਬ ਵਜੋਂ ਵਿਕਸਤ ਕਰਨ ਦੇ ਟੀਚਾ ਰੱਖਦਿਆ ਸਿਹਤ ਪ੍ਰਬੰਧਾਂ ਲਈ ਵੀ ਪਿਛਲੇ ਸਾਲ ਨਾਲੋਂ ਵੱਧ ਫੰਡ ਜਾਰੀ ਕੀਤੇ ਹਨ।
ਇਸ ਵਾਰ ਸਿਹਤ ਪ੍ਰਬੰਧਾਂ ਲਈ 987.37 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਦੇਸ਼ ਵਿੱਚ ਵਧੀਆਂ ਸੇਵਾਵਾਂ ਦੇਣ ਲਈ ਮੰਨੀ ਜਾਂਦੀ ਚੰਡੀਗੜ੍ਹ ਪੁਲੀਸ ਦੇ ਬਜਟ ’ਚ ਇਜ਼ਾਫਾ ਕਰਦਿਆਂ 958.79 ਕਰੋੜ ਰੁਪਏ, ਊਰਜਾ ਲਈ 984.85 ਕਰੋੜ ਰੁਪਏ, ਟਰਾਂਸਪੋਰਟ ਲਈ 445.84 ਕਰੋੜ ਰੁਪਏ, ਘਰੇਲੂ ਅਤੇ ਸ਼ਹਿਰੀ ਵਿਕਾਸ ਲਈ 884.31 ਕਰੋੜ ਰੁਪਏ ਅਤੇ ਹੋਰਨਾਂ ਲਈ 1515.66 ਕਰੋੜ ਰੁਪਏ ਜਾਰੀ ਕੀਤੇ ਗਏ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਯੂਟੀ ਪ੍ਰਸ਼ਾਸਨ ਨੇ ਸਿੱਖਿਆ, ਪੁਲੀਸ, ਸਿਹਤ ਅਤੇ ਸ਼ਹਿਰੀ ਵਿਕਾਸ ਨੂੰ ਮੁੱਖ ਰੱਖਦਿਆਂ ਵਿੱਤ ਵਰ੍ਹੇ 2025-26 ਲਈ 7600 ਕਰੋੜ ਰੁਪਏ ਦੇ ਕਰੀਬ ਬਜਟ ਦੀ ਮੰਗ ਕੀਤੀ ਗਈ ਪਰ ਕੇਂਦਰ ਸਰਕਾਰ ਨੇ ਚੰਡੀਗੜ੍ਹ ਦੀ ਉਮੀਦ ਨਾਲੋਂ ਘੱਟ ਪਰ ਪਿਛਲੇ ਸਾਲ ਦੇ ਮੁਕਾਬਲੇ ਵਾਧੂ ਰਕਮ ਚੰਡੀਗੜ੍ਹ ਦੇ ਹਵਾਲੇ ਕੀਤੀ ਗਈ ਹੈ।
ਇਸੇ ਦੌਰਾਨ ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵੱਲੋਂ ਕੇਂਦਰੀ ਬਜਟ ਨੂੰ ਜਨ ਵਿਰੋਧੀ ਬਜਟ ਕਰਾਰ ਦਿੱਤਾ ਜਾ ਰਿਹਾ ਹੈ ਤਾਂ ਭਾਜਪਾ ਵੱਲੋਂ ਬਜਟ ਦੀ ਸ਼ਲਾਘਾ ਕੀਤੀ ਜਾ ਰਹੀ ਹੈ।

Advertisement

ਬਜਟ ਗਰੀਬਾਂ, ਕਿਸਾਨਾਂ ਅਤੇ ਮੱਧ ਵਰਗ ਦੇ ਵਿਕਾਸ ਲਈ ਇਤਿਹਾਸਕ: ਕਟਾਰੀਆ


ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਕੇਂਦਰੀ ਬਜਟ ਨੂੰ ਗਰੀਬਾਂ, ਕਿਸਾਨਾਂ ਅਤੇ ਮੱਧ ਵਰਗ ਲਈ ਇਤਿਹਾਸਕ ਕਰਾਰਿਆ ਹੈ। ਉਨ੍ਹਾਂ ਕਿਹਾ, “ਮੇਰੇ 40 ਸਾਲਾਂ ਦੇ ਜਨਤਕ ਜੀਵਨ ਦੇ ਤਜ਼ਰਬੇ ਵਿੱਚ, ਪਹਿਲੀ ਵਾਰ ਦੇਖਿਆ ਹੈ ਕਿ ਮੱਧ ਵਰਗ ਨੂੰ ਟੈਕਸ ਛੋਟਾਂ ਅਤੇ ਹੋਰ ਪ੍ਰੋਤਸਾਹਨਾਂ ਰਾਹੀਂ ਸਹਾਇਤਾ ਪ੍ਰਦਾਨ ਕੀਤੀ ਗਈ ਹੈ ਜੋ ਬਹੁਤ ਹੀ ਸ਼ਲਾਘਾਯੋਗ ਹੈ। ਇਹ ਬਜਟ ਸਮਾਜ ਦੇ ਸਾਰੇ ਵਰਗਾਂ ਦੇ ਸਸ਼ਕਤੀਕਰਨ ਵੱਲ ਇੱਕ ਅਹਿਮ ਕਦਮ ਹੈ।’’ ਸ੍ਰੀ ਕਟਾਰੀਆ ਨੇ ਕੇਂਦਰੀ ਬਜਟ ਵਿੱਚ ਚੰਡੀਗੜ੍ਹ ਦੇ ਵਿਕਾਸ ਲਈ ਕੀਤੇ ਉਪਬੰਧਾਂ ਲਈ ਧੰਨਵਾਦ ਪ੍ਰਗਟਾਇਆ।

Advertisement

ਬਜਟ ਵਿੱਚ ਚੰਡੀਗੜ੍ਹ ਲਈ ਕੁਝ ਖ਼ਾਸ ਨਹੀਂ: ਮਨੀਸ਼ ਤਿਵਾੜੀ


ਚੰਡੀਗੜ੍ਹ ਦੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਦੋ ਸੂਬਿਆਂ ਦੀ ਰਾਜਧਾਨੀ ਤੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਅਣਗੋਲਿਆ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਬਜਟ ਵਿੱਚ ਚੰਡੀਗੜ੍ਹ ਲਈ ਕੁਝ ਵਿਸ਼ੇਸ਼ ਨਹੀਂ ਦਿੱਤਾ ਹੈ। ਸ੍ਰੀ ਤਿਵਾੜੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਬਜਟ ਵਿੱਚ ਕਿਸਾਨਾਂ, ਨੌਜਵਾਨਾਂ, ਬੇਰੁਜ਼ਗਾਰਾਂ ਸਣੇ ਹਰੇਕ ਵਰਗ ਨੂੰ ਹੀ ਨਜ਼ਰਅੰਦਾਜ ਕੀਤਾ ਹੈ। ਇਹ ਬਜਟ ਕੇਂਦਰ ਸਰਕਾਰ ਦਾ ਬਜਟ ਨਹੀਂ ਬਿਹਾਰ ਦਾ ਬਜਟ ਵੱਧ ਲੱਗ ਰਿਹਾ ਹੈ, ਜਿਸ ਵਿੱਚ ਬਿਹਾਰ ਲਈ ਵਧੇਰੇ ਕੁਝ ਦਿੱਤਾ ਗਿਆ ਹੈ।

ਕੇਂਦਰੀ ਸਰਕਾਰ ਦਾ ਬਜਟ ਔਰਤ ਵਿਰੋਧੀ: ਦੀਪਾ ਦੂਬੇ


ਚੰਡੀਗੜ੍ਹ ਮਹਿਲਾ ਕਾਂਗਰਸ ਦੀ ਸਾਬਕਾ ਪ੍ਰਧਾਨ ਦੀਪਾ ਦੂਬੇ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਵਿੱਤ ਵਰ੍ਹੇ 2025-26 ਦਾ ਬਜਟ ਔਰਤ ਵਿਰੋਧੀ ਬਜਟ ਹੈ। ਇਸ ਵਿੱਚ ਔਰਤਾਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਔਰਤਾਂ ਦੀ ਰਸੋਈ ਬਾਰੇ ਕੋਈ ਧਿਆਨ ਨਹੀਂ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮੁਟਿਆਰਾਂ, ਔਰਤਾਂ, ਬਜ਼ੁਰਗਾਂ, ਗਰਭਵਤੀ ਅਤੇ ਵਿਧਵਾ ਔਰਤਾਂ ਲਈ ਕੋਈ ਸਹੂਲਤ ਨਹੀਂ ਦਿੱਤੀ ਗਈ ਹੈ। ਮੁਟਿਆਰਾਂ ਲਈ ਰੁਜ਼ਗਾਰ ਦੀ ਕੋਈ ਯੋਜਨਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਔਰਤਾਂ ਦੀ ਸੁਰੱਖਿਆ ਲਈ ਵੀ ਕੋਈ ਵਿਸ਼ੇਸ਼ ਐਲਾਨ ਨਹੀਂ ਕੀਤਾ ਗਿਆ ਹੈ।

ਕੇਂਦਰ ਮਹਿੰਗਾਈ ’ਤੇ ਨੱਥ ਪਾਉਣ ’ਚ ਨਾਕਾਮ: ਲੱਕੀ


ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਵਿੱਚ ਕੁਝ ਨਵਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਬਜਟ ਵਿੱਚ ਬੇਰੁਜ਼ਗਾਰੀ, ਗਰੀਬੀ ਤੇ ਮੰਹਿਗਾਈ ’ਤੇ ਨੱਥ ਪਾਉਣ ਵਿੱਚ ਨਾਕਾਮ ਰਹੀ ਹੈ। ਇਸ ਬਜਟ ਵਿੱਚ ਨਵੀਂਆਂ ਨੌਕਰੀਆਂ ਬਾਰੇ ਕੋਈ ਗੱਲ ਨਹੀਂ ਕੀਤੀ ਗਈ ਹੈ ਅਤੇ ਨਾ ਹੀ ਦੇਸ਼ ਦੇ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਕੋਈ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਬਜਟ ਵਿੱਚ ਚੰਡੀਗੜ੍ਹ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਹੈ।

ਕੇਂਦਰ ਨੇ ਮੱਧ ਵਰਗ ਨੂੰ ਉਮੀਦਾਂ ਨਾਲੋਂ ਵੱਧ ਦਿੱਤਾ: ਮਲਹੋਤਰਾ


ਚੰਡੀਗੜ੍ਹ ਭਾਜਪਾ ਦੇ ਪ੍ਰਧਾਨ ਜਤਿੰਦਰਪਾਲ ਮਲਹੋਤਰਾ ਨੇ ਕਿਹਾ ਕਿ ਕੇਂਦਰੀ ਬਜਟ ਵਿੱਚ ਹਰੇਕ ਵਰਗ ਵੱਲ ਧਿਆਨ ਕੇਂਦਰਿਤ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਮੱਧ ਵਰਗ ਨੂੰ ਤਾਂ ਉਮੀਦਵਾਰ ਨਾਲੋਂ ਵੱਧ ਦਿੱਤਾ ਗਿਆ ਹੈ। ਕੇਂਦਰ ਨੇ ਆਮਦਨ ਕਰ ਦੀ ਸਲੈਬ ਵਿੱਚ ਕੀਤੀ ਤਬਦੀਲੀ ਨਾਲ ਨੌਕਰੀ ਕਰਨ ਵਾਲੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲਾਭ ਮਿਲੇਗਾ। ਉਨ੍ਹਾਂ ਨੇ ਕੇਂਦਰ ਸਰਕਾਰ ਵੱਲੋਂ ਚੰਡੀਗੜ੍ਹ ਦੇ ਸਿੱਖਿਆ, ਸਿਹਤ ਤੇ ਹੋਰਨਾਂ ਖੇਤਰਾਂ ਦੇ ਬਜਟ ਵਿੱਚ ਕੀਤੇ ਵਾਅਦੇ ਸਬੰਧੀ ਕੇਂਦਰ ਦਾ ਧੰਨਵਾਦ ਕੀਤਾ।

ਕੇਂਦਰੀ ਬਜਟ ਵਿਕਸਿਤ ਭਾਰਤ ਦੀ ਸੋਚ ਨੂੰ ਦਰਸਾਉਂਦਾ ਹੈ: ਸੰਜੇ ਟੰਡਨ


ਚੰਡੀਗੜ੍ਹ ਭਾਜਪਾ ਦੇ ਸੀਨੀਅਰ ਆਗੂ ਸੰਜੇ ਟੰਡਨ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਪੇਸ਼ ਕੀਤਾ ਗਿਆ ਬਜਟ ਵਿਕਸਿਤ ਭਾਰਤ ਦੀ ਸੋਚ ਨੂੰ ਦਰਸਾਉਂਦਾ ਹੈ। ਕੇਂਦਰ ਸਰਕਾਰ ਨੇ ਸਿਹਤ ਦੇ ਖੇਤਰ ਵਿੱਚ 36 ਜੀਵਨ ਰੱਖਿਆ ਵਾਲੀਆਂ ਦਵਾਈਆਂ ਤੋਂ ਡਿਊਟੀ ਟੈਕਸ ਖਤਮ ਕੀਤਾ। ਦੇਸ਼ ਦੇ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਵਿੱਚ ਅਗਲੇ ਪੰਜ ਸਾਲਾਂ ਦੌਰਾਨ 75 ਹਜ਼ਾਰ ਮੈਡੀਕਲ ਸੀਟਾਂ ਵਧਾਉਣ ਦਾ ਟੀਚਾ ਰੱਖਿਆ ਹੈ। ਇਸ ਦਾ ਸਿੱਧਾ ਲਾਭ ਦੇਸ਼ ਦੇ ਹਰੇਕ ਵਰਗ ਦੇ ਲੋਕਾਂ ਨੂੰ ਮਿਲੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਆਮਦਨ ਕਰ ਵਿੱਚ 12 ਲੱਖ ਰੁਪਏ ਤੱਕ ਦੀ ਆਮਦਨ ’ਤੇ ਛੂਟ ਦੇਣ ਨਾਲ ਵੀ ਦੇਸ਼ ਦੇ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਲਾਭ ਮਿਲੇਗਾ।

ਹਰ ਵਰਗ ਨੂੰ ਅਣਗੌਲਿਆ ਕੀਤਾ: ਆਹਲੂਵਾਲੀਆ


ਚੰਡੀਗੜ੍ਹ ‘ਆਪ’ ਦੇ ਸਹਿ ਇੰਚਾਰਜ ਡਾ. ਸੰਨੀ ਆਹਲੂਵਾਲੀਆ ਨੇ ਕਿਹਾ ਕਿ ਕੇਂਦਰ ਨੇ ਬਜਟ ਵਿੱਚ ਹਰ ਵਰਗ ਨੂੰ ਨਜ਼ਰਅੰਦਾਜ ਕੀਤਾ ਹੈ। ਇਸ ਬਜਟ ਵਿੱਚ ਕਿਸਾਨਾਂ, ਨੌਜਵਾਨਾਂ, ਔਰਤਾਂ, ਵਪਾਰੀਆਂ ਤੇ ਆਮ ਲੋਕਾਂ ਲਈ ਕੁਝ ਨਹੀਂ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਨੂੰ ਅੰਕੜਿਆਂ ਨਾਲ ਗੁਮਰਾਹ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ। ਸ੍ਰੀ ਆਹਲੂਵਾਲੀਆ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਬਜਟ ਵਿੱਚ ਚੰਡੀਗੜ੍ਹ ਲਈ ਵੀ ਕੁਝ ਵਿਸ਼ੇਸ਼ ਨਹੀਂ ਕੀਤਾ ਗਿਆ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸ਼ਹਿਰ ਦੇ ਵਿਕਾਸ ਲਈ ਮੰਗ ਕੀਤੀ ਗਈ ਰਾਸ਼ੀ ਤੋਂ ਬਹੁਤ ਘੱਟ ਬਜਟ ਜਾਰੀ ਕੀਤਾ ਗਿਆ ਹੈ।

ਬਜਟ ਨੇ ਪੰਜਾਬ ਨੂੰ ਨਿਰਾਸ਼ ਕੀਤਾ: ਬੇਦੀ


ਐੱਸਏਐੱਸ ਨਗਰ (ਮੁਹਾਲੀ) (ਦਰਸ਼ਨ ਸਿੰਘ ਸੋਢੀ): ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਅੱਜ ਪੇਸ਼ ਕੀਤੇ ਬਜਟ ਨੇ ਪੰਜਾਬ ਨੂੰ ਨਿਰਾਸ਼ ਕਰ ਦਿੱਤਾ ਹੈ। ਇਹ ਪ੍ਰਗਟਾਵਾ ਮੁਹਾਲੀ ਨਗਰ ਨਿਗਮ ਦੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਨੇ ਬਜਟ ’ਤੇ ਟਿੱਪਣੀ ਕਰਦਿਆਂ ਕੀਤਾ। ਆਪਣੀ ਨਾਰਾਜ਼ਗੀ ਦਰਸਾਉਂਦਿਆਂ ਕੁਲਜੀਤ ਬੇਦੀ ਨੇ ਕਿਹਾ ਕਿ ਬਜਟ ਵਿੱਚ ਮਿਡਲ ਕਲਾਸ ਨੂੰ ਭਾਵੇਂ ਇਨਕਮ ਟੈਕਸ ਵਿੱਚ ਛੋਟ ਦਿੱਤੀ ਗਈ ਹੈ ਪਰ ਪੰਜਾਬ ਦੇ ਮੁੱਦਿਆਂ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਪੰਜਾਬ ਦਾ ਜ਼ਿਕਰ ਤੱਕ ਨਾ ਕਰਨਾ, ਤੇ ਐਮਐਸਪੀ ਬਾਰੇ ਕੋਈ ਚਰਚਾ ਨਾ ਕਰਨਾ ਅਤੇ ਪੰਜਾਬ ਦੇ ਉਦਯੋਗ ਲਈ ਕੋਈ ਖਾਸ ਐਲਾਨ ਨਾ ਕਰਨਾ, ਇਹ ਦਰਸਾਉਂਦਾ ਹੈ ਕਿ ਇਹ ਕੇਂਦਰੀ ਬਜਟ ਸਿਰਫ਼ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਤਿਆਰ ਕੀਤਾ ਗਿਆ ਹੈ।

ਕੇਂਦਰੀ ਬਜਟ ਪੰਜਾਬ ਤੇ ਕਿਸਾਨ ਵਿਰੋਧੀ: ਪਰਵਿੰਦਰ


ਸ਼੍ਰੋਮਣੀ ਅਕਾਲੀ ਦਲ, ਮੁਹਾਲੀ ਦੇ ਹਲਕਾ ਇੰਚਾਰਜ ਪਰਵਿੰਦਰ ਸਿੰਘ ਸੋਹਾਣਾ ਨੇ ਕਿਹਾ ਕਿ ਕੇਂਦਰੀ ਬਜਟ 2025 ਵਿੱਚ ਕਿਸਾਨਾਂ ਅਤੇ ਖੇਤੀਬਾੜੀ ਖੇਤਰ ਨੂੰ ਪੂਰੀ ਤਰ੍ਹਾਂ ਨਜ਼ਰਅੰਦਾਜ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਬਜਟ ਵਿੱਚ ਐੱਮਐੱਸਪੀ ਕਾਨੂੰਨ ਦੀ ਗਾਰੰਟੀ, ਕਿਸਾਨ ਕਰਜ਼ਾ ਮੁਆਫ਼ੀ, ਫ਼ਸਲੀ ਵਿਭਿੰਨਤਾ ਲਈ ਵਿਸ਼ੇਸ਼ ਫ਼ੰਡ ਜਾਂ ਕਿਸਾਨਾਂ ਲਈ ਨਵੀਆਂ ਯੋਜਨਾਵਾਂ ਸ਼ਾਮਲ ਨਹੀਂ ਕੀਤੀਆਂ ਗਈਆਂ। ਅੱਜ ਇੱਥੇ ਕੇਂਦਰੀ ਬਜਟ ’ਤੇ ਟਿੱਪਣੀ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਇਹ ਮਹਿਜ਼ ਚੋਣ ਬਜਟ ਹੈ।

ਕੇਂਦਰ ਦਾ ਬਜਟ ਕਿਸਾਨ, ਮਜ਼ਦੂਰ ਅਤੇ ਨੌਜਵਾਨ ਵਿਰੋਧੀ: ਅਮਰ ਸਿੰਘ


ਫ਼ਤਹਿਗੜ੍ਹ ਸਾਹਿਬ (ਡਾ. ਹਿਮਾਂਸ਼ੂ ਸੂਦ): ਹਲਕਾ ਫ਼ਤਹਿਗੜ੍ਹ ਸਾਹਿਬ ਦੇ ਸੰਸਦ ਮੈਂਬਰ ਡਾ ਅਮਰ ਸਿੰਘ ਨੇ ਕੇਂਦਰੀ ਬਜਟ ਨੂੰ ਨੌਜਵਾਨ, ਕਿਸਾਨ ਅਤੇ ਗਰੀਬ ਵਿਰੋਧੀ ਦਸਿਆ। ਉਨ੍ਹਾਂ ਕਿਹਾ ਕਿ ਇਸ ਬਜਟ ਨੇ ਸਾਬਤ ਕਰ ਦਿਤਾ ਕਿ ਗਰੀਬ, ਕਿਸਾਨ ਅਤੇ ਨੌਜਵਾਨਾਂ ਦੇ ਭਲੇ ਲਈ ਇਹ ਸਰਕਾਰ ਕੁਝ ਨਹੀਂ ਕਰ ਸਕਦੀ, ਜਿਸ ਕਾਰਨ ਹੀ ਲੰਮੇ ਸਮੇਂ ਤੋਂ ਕਿਸਾਨ ਅਤੇ ਖੇਤ ਮਜ਼ਦੂਰ ਆਪਣੇ ਹੱਕਾਂ ਲਈ ਲੜਾਈ ਲੜ ਰਹੇ ਹਨ।

Advertisement
Author Image

Charanjeet Channi

View all posts

Advertisement