ਚੰਡੀਗੜ੍ਹ ਬੱਸ ਅੱਡੇ ’ਤੇ ਘਰਾਂ ਨੂੰ ਮੁੜਨ ਵਾਲਿਆਂ ਦੀ ਭੀੜ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਮਈ
ਭਾਰਤ-ਪਾਕਿਸਤਾਨ ਵਿਚਕਾਰ ਵਧ ਰਹੇ ਤਣਾਅ ਦੌਰਾਨ ਚੰਡੀਗੜ੍ਹ ਵਿੱਚ ਰਹਿਣ ਵਾਲੇ ਲੋਕਾਂ ਦੇ ਮਨਾਂ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਚੰਡੀਗੜ੍ਹ ’ਚ ਕੰਮ ਕਰਨ ਵਾਲੇ ਜਾਂ ਪੜ੍ਹਾਈ ਕਰਨ ਵਾਲੇ ਨੌਜਵਾਨ ਆਪੋ-ਆਪਣੇ ਘਰਾਂ ਨੂੰ ਵਾਪਸ ਪਰਤ ਰਹੇ ਹਨ। ਇਸੇ ਕਰਕੇ ਅੱਜ ਚੰਡੀਗੜ੍ਹ ਦੇ ਸੈਕਟਰ-43 ਅਤੇ 17 ਵਿੱਚ ਸਥਿਤ ਬੱਸ ਅੱਡੇ ਅਤੇ ਰੇਲਵੇ ਸਟੇਸ਼ਨ ਤੇ ਸਾਰਾਂ ਦਿਨ ਵਾਪਸ ਜਾਣ ਵਾਲਿਆਂ ਦੀ ਭੀੜ ਲੱਗੀ ਰਹੀ ਹੈ। ਇਸ ਦੌਰਾਨ ਵੱਡੀ ਗਿਣਤੀ ਵਿੱਚ ਨੌਜਵਾਨ ਆਪਣੇ ਘਰਾਂ ਨੂੰ ਵਾਪਸੀ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੇ ਵਿੱਦਿਅਕ ਅਦਾਰਿਆਂ ਅਤੇ ਕੰਮਕਾਜ ਵਾਲੀਆਂ ਥਾਵਾਂ ’ਤੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਸਣੇ ਹੋਰਨਾਂ ਸੂਬਿਆਂ ਦੇ ਵੱਡੀ ਗਿਣਤੀ ਵਿੱਚ ਨੌਜਵਾਨ ਪੜ੍ਹਦੇ ’ਤੇ ਕੰਮ ਕਰਦੇ ਹਨ। ਉੱਧਰ ਯੂਟੀ ਪ੍ਰਸ਼ਾਸਨ ਨੇ ਮੌਜੂਦਾ ਹਾਲਾਤ ਨੂੰ ਵੇਖਦਿਆਂ ਸ਼ਹਿਰ ਵਿੱਚ ਵਿਦਿਅਕ ਅਦਾਰੇ ਬੰਦ ਕਰ ਦਿੱਤੇ ਹਨ। ਉੱਥੇ ਹੀ ਕਿਸੇ ਵੀ ਸਮੇਂ ਬਲੈਕਆਉਟ ਕਰਨ ਕਰਕੇ ਕੰਮਕਾਜ ਵਾਲੀਆਂ ਥਾਵਾਂ ’ਤੇ ਵੀ ਰੁਕਾਵਟਾ ਖੜੀਆਂ ਹੋ ਰਹੀਆਂ ਹਨ। ਇਸੇ ਕਰਕੇ ਨੌਜਵਾਨ ਆਪਣੇ ਘਰਾਂ ਨੂੰ ਵਾਪਸੀ ਕਰ ਰਹੇ ਹਨ।ਯੂਟੀ ਪ੍ਰਸ਼ਾਸਨ ਨੇ ਸ਼ਹਿਰ ਵਿੱਚ ਜ਼ਰੂਰੀ ਵਸਤੂਆਂ ਦੀ ਜਮਾਂਖੋਰੀ ਅਤੇ ਮੁਨਾਫ਼ਾਖੋਰੀ ਕਰਨ ਵਾਲਿਆਂ ਨੂੰ ਸਖਤ ਚੇਤਾਵਨੀ ਦਿੱਤੀ ਹੈ। ਉਨ੍ਹਾਂ ਨੇ ਸ਼ਹਿਰ ਦੇ ਸਾਰੇ ਵਪਾਰੀਆਂ ਤੋਂ ਸਟਾਕ ਦੀ ਜਾਣਕਾਰੀ ਮੰਗ ਲਈ ਹੈ ਤਾਂ ਜੋ ਲੋੜ ਪੈਣ ’ਤੇ ਉਸ ਦੀ ਸਹੀ ਢੰਗ ਨਾਲ ਵਰਤੋਂ ਕੀਤੀ ਜਾ ਸਕੇ।
ਤੇਲ ਪੁਆਉਣ ਲਈ ਪੈਟਰੋਲ ਪੰਪਾਂ ’ਤੇ ਲੱਗੀਆਂ ਕਤਾਰਾਂ
ਭਾਰਤ-ਪਾਕਿਸਤਾਨ ਵਿਚਕਾਰ ਪੈਦਾ ਹੋਏ ਤਣਾਅ ਦੌਰਾਨ ਚੰਡੀਗੜ੍ਹ ਦੇ ਪੈਟਰੋਲ ਪੰਪਾਂ ’ਤੇ ਤੇਲ ਪਵਾਉਣ ਲਈ ਲੋਕਾਂ ਦੀਆਂ ਵੱਡੀਆਂ-ਵੱਡੀਆਂ ਲਾਈਨਾਂ ਲੱਗੀਆਂ ਰਹੀਆਂ ਹਨ। ਲੋਕਾਂ ਨੂੂੰ ਆਪਣੇ ਵਾਹਨਾਂ ਵਿੱਚ ਪੈਟਰੋਲ ਤੇ ਡੀਜ਼ਲ ਦੇ ਖਤਮ ਹੋਣ ਦਾ ਖਦਸ਼ਾ ਜਤਾ ਰਿਹਾ ਹੈ। ਇਸੇ ਕਰਕੇ ਅੱਜ ਵੱਡੀ ਗਿਣਤੀ ਵਿੱਚ ਲੋਕ ਪੈਟਰੋਲ ਪੰਪਾਂ ’ਤੇ ਪਹੁੰਚ ਕੇ ਤੇਲ ਪਵਾਉਣ ਲਈ ਲਾਈਨਾਂ ਵਿੱਚ ਲੱਗੇ ਹੋਏ ਸਨ।