ਚੰਡੀਗੜ੍ਹ ’ਚ ਸੜਕ ਸੁਰੱਖਿਆ ਯਕੀਨੀ ਬਣਾਉਣ ’ਤੇ ਜ਼ੋਰ
ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਅਪਰੈਲ
ਸਿਟੀ ਬਿਊਟੀਫੁੱਲ ਚੰਡੀਗੜ੍ਹ ਵਿੱਚ ਸੜਕ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਅੱਜ ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਡਿਪਟੀ ਕਮਿਸ਼ਨਰ ਤੇ ਕਮੇਟੀ ਦੇ ਚੇਅਰਮੈਨ ਨਿਸ਼ਾਂਤ ਕੁਮਾਰ ਯਾਦਵ ਦੀ ਅਗਵਾਈ ਹੇਠ ਹੋਈ। ਇਸ ਵਿੱਚ ਚੰਡੀਗੜ੍ਹ ਪੁਲੀਸ, ਟਰੈਫਿਕ ਪੁਲੀਸ, ਨਗਰ ਨਿਗਮ, ਪ੍ਰਸ਼ਾਸਨ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ। ਮੀਟਿੰਗ ਵਿੱਚ ਕਮੇਟੀ ਮੈਂਬਰਾਂ ਵੱਲੋਂ ਸੜਕ ਹਾਦਸੇ ਦੌਰਾਨ ਪੀੜਤ ਨੂੰ ਹਸਪਤਾਲ ਵਿੱਚ ਪਹੁੰਚਾਉਣ ਲਈ ਐਂਬੂਲੈਂਸ ਦੀ ਗਿਣਤੀ ਵਧਾਉਣ ’ਤੇ ਜ਼ੋਰ ਦਿੱਤਾ। ਕਮੇਟੀ ਮੈਂਬਰਾਂ ਨੇ ਕਿਹਾ ਕਿ ਐਮਰਜੰਸੀ ਸੇਵਾਵਾਂ ਯੋਜਨਾ ਅਧੀਨ ਸ਼ਹਿਰ ਵਿੱਚ 6 ਐਂਬੂਲੈਂਸ ਚੱਲ ਰਹੀਆਂ ਹਨ। ਇਸ ਦੀ ਗਿਣਤੀ ਵਧਾ ਕੇ 12 ਕੀਤੀ ਜਾਵੇ। ਇਸ ਲਈ ਸਾਰਿਆਂ ਨੇ 6 ਹੋਰ ਐਂਬੂਲੈਂਸਾਂ ਖ਼ਰੀਦਣ ਦੀ ਸਿਫ਼ਾਰਸ਼ ਕੀਤੀ।
ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੇ ਮੈਂਬਰਾਂ ਨੇ ਸ਼ਹਿਰ ਵਿੱਚ ਪੈਦਲ ਚੱਲ ਵਾਲੇ ਅਤੇ ਸਾਈਕਲ ਚਲਾਉਣ ਵਾਲਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਵਿਸ਼ੇਸ਼ ਪ੍ਰਬੰਧ ਯਕੀਨੀ ਤੌਰ ’ਤੇ ਕਰਨ ਦਾ ਜ਼ੋਰ ਦਿੱਤਾ। ਇਸ ਤੋਂ ਇਲਾਵਾ ਸਾਈਕਲ ਟਰੈਕ, ਪੈਦਲ ਚੱਲਣ ਵਾਲਿਆਂ ਦੇ ਟਰੈਕ ਦੀ ਨਿਸ਼ਾਨਦੇਹੀ ਸਹੀ ਢੰਗ ਨਾਲ ਕਰਨ ਦੀ ਸਿਫ਼ਾਰਸ਼ ਕੀਤੀ ਗਈ। ਇਸ ਦੇ ਨਾਲ ਹੀ ਚੰਡੀਗੜ੍ਹ ਨਗਰ ਨਿਗਮ ਦੇ ਅਧਿਕਾਰੀਆਂ ਨੂੰ ਸੈਕਟਰ-5 ਤੇ 8 ਦੀ ਡਿਵਾਈਡਿੰਗ ਸੜਕ ’ਤੇ ਪੀਲੇ ਰੰਗ ਦੇ ਨਿਸ਼ਾਨ ਅਤੇ ਸਾਈਨ ਬੋਰਡ ਲਗਾਉਣ ਦੇ ਨਿਰਦੇਸ਼ ਦਿੱਤੇ।
ਇਸ ਮੀਟਿੰਗ ਵਿੱਚ ਐੱਸਐੱਸਪੀ ਟਰੈਫਿਕ ਤੇ ਸੁਰੱਖਿਆ ਵੱਲੋਂ ਸ਼ਹਿਰ ਵਿੱਚ ਸੜਕ ਹਾਦਸਿਆਂ ਦੇ ਬਲੈਕ ਸਪਾਟ ਬਾਰੇ ਰਿਪੋਰਟ ਪੇਸ਼ ਕੀਤੀ। ਐੱਸਐੱਸਪੀ ਟਰੈਫ਼ਿਕ ਨੇ ਕਮੇਟੀ ਮੈਂਬਰਾਂ ਨੂੰ ਇਨ੍ਹਾਂ ਬਲੈਕ ਸਪੋਰਟ ’ਤੇ ਸੜਕ ਹਾਦਸਿਆਂ ਦੀ ਗਿਣਤੀ ਘਟਾਉਣ ਲਈ ਵਿਸ਼ੇਸ਼ ਪ੍ਰਬੰਧ ਕਰਨ ਦੀ ਅਪੀਲ ਕੀਤੀ।