ਚੌਕ ’ਚੋਂ ਮਿਲਿਆ ਸੋਨੇ ਦਾ ਸੈੱਟ ਵਾਪਸ ਕਰਕੇ ਪੁਲੀਸ ਨੇ ਮਿਸਾਲ ਕਾਇਮ ਕੀਤੀ

ਥਾਣਾ ਪਾਤੜਾਂ ਦੇ ਇੰਚਾਰਜ ਸੋਨੇ ਦਾ ਸੈੱਟ ਵਾਪਸ ਕਰਦੇ ਹੋਏ।

ਗੁਰਨਾਮ ਸਿੰਘ ਚੌਹਾਨ
ਪਾਤੜਾਂ, 8 ਅਕਤੂਬਰ
ਪਿੰਡ ਕਾਠ ਦੀ ਔਰਤ ਦਾ ਕਰੀਬ ਲੱਖ ਰੁਪਏ ਦਾ ਸੋਨੇ ਦਾ ਸੈੱਟ ਪਾਤੜਾਂ ਪੁਲੀਸ ਨੂੰ ਸ਼ਹੀਦ ਭਗਤ ਸਿੰਘ ਚੌਕ ਤੋਂ ਮਿਲਿਆ ਤੇ ਪੁਲੀਸ ਨੇ ਸੈੱਟ ਔਰਤ ਦੇ ਪਤੀ ਨੂੰ ਦੇ ਕੇ ਇਮਾਨਦਾਰੀ ਦੀ ਕਾਇਮ ਕੀਤੀ ਮਿਸਲ ਦੀ ਚਰਚਾ ਸ਼ਹਿਰ ਤੇ ਪਿੰਡਾਂ ਵਿੱਚ ਹੈ। ਥਾਣਾ ਪਾਤੜਾਂ ਦੇ ਇੰਚਾਰਜ ਰਣਬੀਰ ਸਿੰਘ ਨੇ ਦੱਸਿਆ ਕਿ ਸ਼ਹੀਦ ਭਗਤ ਸਿੰਘ ਚੌਕ ਵਿੱਚ ਟਰੈਫਿਕ ਪੁਲੀਸ ਜਵਾਨ ਰਾਜੇਸ਼ ਕੁਮਾਰ ਤੇ ਗੁਰਚਰਨ ਸਿੰਘ ਨੂੰ ਸੋਨੇ ਦਾ ਸੈੱਟ ਡਿੱਗਿਆ ਮਿਲਿਆ। ਉਨ੍ਹਾਂ ਇਮਾਨਦਾਰੀ ਦੀ ਮਿਸਾਲ ਕਾਇਮ ਕਰਦਿਆਂ ਸੈੱਟ ਥਾਣੇਦਾਰ ਜਸਵੰਤ ਸਿੰਘ ਦੇ ਹਵਾਲੇ ਕਰ ਦਿੱਤਾ। ਇਸ ਤੋਂ ਬਾਅਦ ਸੋਸ਼ਲ ਮੀਡੀਆ ਉਤੇ ਸੈੱਟ ਮਿਲਣ ਦੀ ਗੱਲ ਨੂੰ ਵਾਇਰਲ ਕਰਨ ਮਗਰੋਂ ਜਦੋਂ ਸੈੱਟ ਦੇ ਮਾਲਕ ਦਾ ਪਤਾ ਲੱਗਿਆ ਉਸ ਨੂੰ ਥਾਣੇ ਬੁਲਾਇਆ ਗਿਆ। ਚੌਕ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਨੂੰ ਦੇਖਣ ਮਗਰੋਂ ਸੈੱਟ ਮਨਵੀਰ ਕੌਰ ਦੇ ਪਤੀ ਭੁਪਿੰਦਰ ਸਿੰਘ ਨੂੰ ਸੌਂਪ ਦਿੱਤਾ। ਇਸ ਜੋੜੇ ਦਾ ਵਿਆਹ ਪਿਛਲੇ ਮਹੀਨੇ ਹੋਇਆ ਸੀ। ਉਹ ਸ਼ਹਿਰ ਵਿੱਚ ਕਿਸੇ ਕੰਮ ਆਏ ਹੋਏ ਸਨ ਅਚਾਨਕ ਸ਼ਹੀਦ ਭਗਤ ਸਿੰਘ ਚੌਕ ਵਿੱਚ ਹਾਰ ਦਾ ਧਾਗਾ ਖੁੱਲ੍ਹਣ ’ਤੇ ਉਹ ਚੌਕ ਵਿੱਚ ਡਿੱਗ ਗਿਆ। ਭੁਪਿੰਦਰ ਸਿੰਘ ਨੇ ਪਾਤੜਾਂ ਪੁਲੀਸ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਅੱਜ ਮਹਿੰਗਾਈ ਦੇ ਯੁੱਗ ਵਿੱਚ ਇਮਾਨਦਾਰੀ ਨੂੰ ਜਿੰਦਾ ਰੱਖਣਾ ਬਹੁਤ ਘੱਟ ਲੋਕਾਂ ਦੇ ਹਿੱਸੇ ਆਉਂਦਾ ਹੈ।

Tags :