ਕਪੂਰਥਲਾ: ਅੱਜ ਤੜਕਸਾਰ ਇਥੋਂ ਦੇ ਸਰਾਫ਼ਾ ਬਾਜ਼ਾਰ ’ਚ ਕਰੀਬ 4 ਵਜੇ ਪੰਜ ਨਾਕਾਬਪੋਸ਼ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੰਦਿਆਂ ਸੁਨਿਆਰੇ ਦੀ ਦੁਕਾਨ ਦਾ ਸ਼ਟਰ ਤੋੜ ਕੇ ਦੁਕਾਨ ’ਚ ਰੱਖੇ ਸੇਫ਼ ਨੂੰ ਚੁੱਕ ਕੇ ਲੈ ਗਏ, ਜਿਸ ’ਚ ਕਰੀਬ 70 ਲੱਖ ਰੁਪਏ ਦੀ ਕੀਮਤ ਦਾ ਸੋਨਾ ਸ਼ਾਮਲ ਹੈ। ਜਾਣਕਾਰੀ ਅਨੁਸਾਰ ਅਜੈ ਕੁਮਾਰ ਪੁੱਤਰ ਲਾਲ ਚੰਦ ਵਾਸੀ ਲਾਹੌਰੀ ਗੇਟ ਕਪੂਰਥਲਾ ਦੀ ਦੁਕਾਨ ’ਤੇ ਤੜਕਸਾਰ ਲੁਟੇਰੇ ਆਏ ਜਿਨ੍ਹਾਂ ਆਉਂਦੇ ਸਾਰ ਚੌਕੀਦਾਰ ਬਹਾਦਰ ਨੂੰ ਬੰਦੀ ਬਣਾ ਲਿਆ ਜਿਸ ਤੋਂ ਬਾਅਦ ਸੱਬਲ ਨਾਲ ਉਨ੍ਹਾਂ ਨੇ ਦੁਕਾਨ ਦਾ ਸ਼ਟਰ ਤੋੜ ਦਿੱਤਾ ਤੇ ਅੰਦਰ ਵੜ ਗਏ। ਉਪਰੰਤ ਲੁਟੇਰੇ ਦੁਕਾਨ ’ਚ ਪਏ ਸੇਫ਼ ਨੂੰ ਆਪਣੇ ਨਾਲ ਲੈ ਗਏ। ਦੁਕਾਨ ਮਾਲਕ ਅਜੈ ਕੁਮਾਰ ਨੇ ਦੱਸਿਆ ਕਿ ਸੇਫ਼ ’ਚ 50 ਤੋਲੇ ਸੋਨਾ ਤੇ 20 ਕਿਲੋ ਚਾਂਦੀ ਸੀ, ਜਿਸ ਦਾ ਬਾਜ਼ਾਰੀ ਮੁੱਲ ਕਰੀਬ 70 ਲੱਖ ਰੁਪਏ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐੱਸਪੀ ਦੀਪ ਕਰਨ ਸਿੰਘ, ਐੱਸਐੱਚਓ ਸਿਟੀ ਵਿਕਰਮਜੀਤ ਸਿੰਘ ਚੌਹਾਨ ਤੇ ਸੀਆਈਏ ਸਟਾਫ ਕਪੂਰਥਲਾ ਦੇ ਇੰਚਾਰਜ ਇੰਸਪੈਕਟਰ ਜਰਨੈਲ ਸਿੰਘ ਮੌਕੇ ’ਤੇ ਪੁੱਜੇ ਤੇ ਸੀਸੀਟੀਵੀ ਫੁਟੇਜ਼ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।