ਚੋਰ ਗਰੋਹ ਦੇ ਮੈਂਬਰ ਗ੍ਰਿਫ਼ਤਾਰ; ਚੋਰੀ ਕੀਤੇ ਚਾਰ ਵਾਹਨ ਬਰਾਮਦ
ਪੱਤਰ ਪ੍ਰੇਰਕ
ਜਲੰਧਰ, 2 ਫਰਵਰੀ
ਸਿਟੀ ਨਕੋਦਰ ਪੁਲੀਸ ਸਟੇਸ਼ਨ ਨੇ ਚਾਰ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਲਗਪਗ 4 ਲੱਖ ਰੁਪਏ ਦੀ ਕੀਮਤ ਵਾਲੇ ਚਾਰ ਚੋਰੀ ਹੋਏ ਦੁਪਹੀਆ ਵਾਹਨਾਂ ਸਮੇਤ ਇੱਕ ਅੰਤਰ-ਜ਼ਿਲ੍ਹਾ ਵਾਹਨ ਚੋਰ ਗਰੋਹ ਦਾ ਪਰਦਾਫਾਸ਼ ਕੀਤਾ ਹੈ। ਇਹ ਗਰੋਹ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸਰਗਰਮੀ ਨਾਲ ਵਾਰਦਾਤਾਂ ਨੂੰ ਅੰਜ਼ਾਮ ਦੇ ਕੇ ਦੁਪਹੀਆ ਵਾਹਨਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ। ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਮਨਪ੍ਰੀਤ ਸਿੰਘ ਵਾਸੀ ਸ਼ਰਕਪੁਰ ਕਲੋਨੀ ਨਕੋਦਰ, ਜਸਵਿੰਦਰ ਸਿੰਘ ਤੇ ਅਭਿਸ਼ੇਕ ਕੁਮਾਰ ਵਾਸੀਆਨ ਪਿੰਡ ਤਲਵਣ ਅਤੇ ਰਮਨ ਵਾਸੀ ਮੁਹੱਲਾ ਗੁੱਗਾ ਸਾਈਂ ਨਕੋਦਰ ਵਜੋਂ ਹੋਈ ਹੈ।
ਐੱਸਐੱਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਇਹ ਗ੍ਰਿਫ਼ਤਾਰੀਆਂ ਸੰਗਠਿਤ ਅਪਰਾਧ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਅੰਤਰ-ਜ਼ਿਲ੍ਹਾ ਗਰੋਹ ਨੇ ਪੰਜਾਬ ਵਿੱਚ ਵਾਹਨ ਚੋਰੀ ਕਰਨ ਲਈ ਇੱਕ ਵਧੀਆ ਨੈੱਟਵਰਕ ਬਣਾਇਆ ਸੀ। ਐੱਸਐੱਸਪੀ ਸ੍ਰੀ ਖੱਖ ਨੇ ਕਿਹਾ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ ਖੇਤਰ ਵਿੱਚ ਵਾਹਨ ਚੋਰੀ ਨੂੰ ਰੋਕਣ ਲਈ ਚੱਲ ਰਹੇ ਯਤਨਾਂ ਵਿੱਚ ਇੱਕ ਮਹੱਤਵਪੂਰਨ ਪ੍ਰਾਪਤੀ ਹੈ। ਉਨ੍ਹਾਂ ਦੱਸਿਆ ਕਿ ਐੱਸਐੱਚਓ ਸਿਟੀ ਨਕੋਦਰ ਇੰਸਪੈਕਟਰ ਅਮਨ ਸੈਣੀ ਅਤੇ ਏਐਸਆਈ ਰਾਜਿੰਦਰ ਕੁਮਾਰ ਦੀ ਅਗਵਾਈ ਵਾਲੀ ਇੱਕ ਵਿਸ਼ੇਸ਼ ਟੀਮ ਨੇ ਇੱਕ ਸੂਚਨਾ ਤੋਂ ਬਾਅਦ ਇਹ ਗ੍ਰਿਫ਼ਤਾਰੀਆਂ ਕੀਤੀਆਂ ਸਨ। ਜਾਂਚ ਤੋਂ ਪਤਾ ਲੱਗਿਆ ਹੈ ਕਿ ਚਾਰੇ ਮੁਲਜ਼ਮ ਅਪਰਾਧੀ ਹਨ ਜਿਨ੍ਹਾਂ ਵਿਰੁੱਧ ਵੱਖ-ਵੱਖ ਥਾਣਿਆਂ ਵਿੱਚ ਕਈ ਮਾਮਲੇ ਦਰਜ ਹਨ।