ਚੋਰੀ ਦੇ ਵਾਹਨਾਂ ਦਾ ਸਕਰੈਪ ਵੇਚਣ ਵਾਲੇ ਗਰੋਹ ਦਾ ਪਰਦਾਫਾਸ਼
ਰਵੇਲ ਸਿੰਘ ਭਿੰਡਰ
ਘੱਗਾ , 28 ਜਨਵਰੀ
ਥਾਣਾ ਘੱਗਾ ਦੀ ਪੁਲੀਸ ਨੇ ਇੱਕ ਮੋਟਰਸਾਈਕਲ ਚੋਰ ਗਰੋਹ ਨੂੰ ਕਾਬੂ ਕਰਕੇ ਚੋਰੀ ਦਾ ਮੋਟਰਸਾਈਕਲ ਅਤੇ ਮੋਟਰਸਾਈਕਲਾਂ ਨੂੰ ਕੱਟ ਕੇ ਥੈਲਿਆਂ ਵਿੱਚ ਪਾਇਆ ਹੋਇਆ ਸਾਮਾਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਇਸ ਮਾਮਲੇ ਵਿੱਚ ਪੁਲੀਸ ਨੇ 7 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਥਾਣਾ ਘੱਗਾ ਦੇ ਐੱਸਐੱਚਓ ਬਲਜੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਖੇਮ ਚੰਦ ਨੂੰ ਇਤਲਾਹ ਮਿਲੀ ਸੀ ਕਿ ਗੁਰਪਿਆਰ ਸਿੰਘ ਵਾਸੀ ਪਿੰਡ ਦੇਧਨਾ ਅਤੇ ਇਸ ਦੇ ਹੋਰ ਸਾਥੀ ਮੋਟਰਸਾਈਕਲ ਚੋਰੀ ਕਰਕੇ ਉਨ੍ਹਾਂ ਨੂੰ ਤੋੜ ਕੇ ਉਸ ਦਾ ਸਪੇਅਰ ਪਾਰਟਸ ਵੇਚਦੇ ਹਨ ਅਤੇ ਉਹ ਇੱਕ ਬਿਨਾਂ ਨੰਬਰੀ ਮੋਟਰਸਾਇਕਲ ’ਤੇ ਪਿੰਡ ਦੇਧਨਾ ਨੂੰ ਜਾ ਰਿਹਾ ਹੈ। ਇਸੇ ਤਹਿਤ ਲਾਏ ਨਾਕੇ ਦੌਰਾਨ ਗੁਰਪਿਆਰ ਸਿੰਘ ਨੂੰ ਗ੍ਰਿਫਤਾਰ ਕਰਕੇ ਇੱਕ ਬਿਨਾਂ ਨੰਬਰੀ ਚੋਰੀ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਮੁਲਜ਼ਮ ਦੀ ਨਿਸ਼ਾਨਦੇਹੀ ’ਤੇ ਇਸ ਦੇ ਅੱਧੀ ਦਰਜ਼ਨ ਦੇ ਕਰੀਬ ਹੋਰ ਸਾਥੀਆਂ ਵੱਲੋਂ ਮੋਟਰਸਾਈਕਲਾਂ ਨੂੰ ਤੋੜ ਕੇ ਬਣਾਈ ਗਈ ਸਕਰੈਪ ਦੇ ਭਰੇ ਹੋਏ ਥੈਲੇ ਬਰਾਮਦ ਕੀਤੇ ਗਏ ਹਨ, ਜਿਨ੍ਹਾਂ ਦਾ ਵਜ਼ਨ ਕਰੀਬ ਸਾਢੇ ਛੇ ਕੁਇੰਟਲ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਗੁਰਪਿਆਰ ਸਿੰਘ ਵਾਸੀ ਪਿੰਡ ਦੇਧਨਾ, ਕਸ਼ਮੀਰ ਸਿੰਘ ਵਾਸੀ ਪਿੰਡ ਹਰਿਆਊ, ਹਰਵਿੰਦਰ ਸਿੰਘ ਅਤੇ ਦੋ ਤਿੰਨ ਹੋਰ ਅਣਪਛਾਤੇ ਸਾਥੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਗੁਰਪਿਆਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਹੋਰ ਪੁੱਛ ਪੜਤਾਲ ਲਈ ਰਿਮਾਂਡ ਲੈਣ ਵਾਸਤੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।