ਚੋਰੀ ਦੇ ਦੋਸ਼ ਹੇਠ ਕਾਬੂ ਵਿਅਕਤੀ ’ਤੇ ਅਣਮਨੁੱਖੀ ਤਸ਼ੱਦਦ
ਮਹਿੰਦਰ ਸਿੰਘ ਰੱਤੀਆਂ
ਮੋਗਾ, 3 ਫਰਵਰੀ
ਇੱਥੇ ਅਨਾਜ ਮੰਡੀ ਸਥਿਤ ਲਾਈਟ ਟਰੱਕ ਯੂਨੀਅਨ ਦਫ਼ਤਰ ਅੱਗੇ ਕੁਝ ਵਿਅਕਤੀਆਂ ਵੱਲੋਂ ਮੋਟਰਸਾਈਕਲ ਚੋਰੀ ਦੇ ਦੋਸ਼ ਹੇਠ ਕਾਬੂ ਵਿਅਕਤੀ ਉੱਤੇ ਤਸ਼ੱਦਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਕੜਾਕੇ ਦੀ ਠੰਢ ਵਿਚ ਇਸ ਵਿਅਕਤੀ ਨੂੰ ਨਗਨ ਹਾਲਤ ਵਿੱਚ ਹੱਥ ਪਿੱਛੇ ਬੰਨ੍ਹ ਕੇ ਲੱਕੜ ਦੇ ਬੈਂਚ ’ਤੇ ਬਿਠਾਇਆ ਹੋਇਆ ਹੈ। ਡੀਐੱਸਪੀ ਸਿਟੀ ਰਵਿੰਦਰ ਸਿੰਘ ਅਤੇ ਥਾਣਾ ਸਿਟੀ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਵਾਇਰਲ ਵੀਡੀਓ ਦੀ ਪੜਤਾਲ ਚੱਲ ਰਹੀ ਹੈ, ਜਦੋਂਕਿ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਹੇਠ ਵਿਅਕਤੀ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਪੁਲੀਸ ਅਧਿਕਾਰੀਆਂ ਨੇ ਕਿਹਾ ਕਿ ਜੇ ਕਿਸੇ ਨੇ ਚੋਰੀ ਦੀ ਕੋਸ਼ਿਸ਼ ਕੀਤੀ ਸੀ ਤਾਂ ਇਸ ਦੀ ਪੁਲੀਸ ਨੂੰ ਇਤਲਾਹ ਦੇਣੀ ਬਣਦੀ ਸੀ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਕਾਨੂੰਨ ਨੂੰ ਹੱਥ ’ਚ ਲੈਣ ਦਾ ਅਧਿਕਾਰ ਨਹੀਂ ਹੈ। ਉਨ੍ਹਾਂ ਕਿਹਾ ਕਿ ਵਿਅਕਤੀ ਦੀ ਕੁੱਟਮਾਰ ਦੇ ਮਾਮਲੇ ’ਚ ਕਾਰਵਾਈ ਕੀਤੀ ਜਾਵੇਗੀ। ਸਥਾਨਕ ਲਾਈਟ ਟਰੱਕ ਯੂਨੀਅਨ ਦਫ਼ਤਰ ਅੱਗੇ ਨਗਨ ਹਾਲਤ ਵਿਚ ਲੱਕੜ ਦੇ ਬੈਂਚ ਉੱਤੇ ਬਿਠਾ ਕੇ ਇੱਕ ਵਿਅਕਤੀ ਦੀਆਂ ਬਾਹਾਂ ਪਿੱਛੇ ਬੰਨ੍ਹ ਕੇ ਉਸ ਤੋਂ ਪੁੱਛ-ਪੜਤਾਲ ਕੀਤੀ ਗਈ। ਇਸ ਘਟਨਾ ਦੇ ਵਾਇਰਲ ਵੀਡੀਓ ਵਿੱਚ ਉਸ ਵਿਅਕਤੀ ਤੋਂ ਉਸ ਦਾ ਨਾਮ, ਉਸ ਦੇ ਪਿਤਾ ਦੇ ਨਾਮ ਸਣੇ ਪਿੰਡ, ਜਾਤ ਅਤੇ ਪਰਿਵਾਰਕ ਮੈਂਬਰ ਬਾਰੇ ਪੁੱਛਿਆ ਜਾ ਰਿਹਾ ਹੈ।