ਚੋਰਾਂ ਵੱਲੋਂ ਕੰਧ ਤੋੜ ਕੇ ਘਰੋਂ ਕੀਮਤੀ ਸਾਮਾਨ ਚੋਰੀ
ਪੱਤਰ ਪ੍ਰੇਰਕ
ਰਤੀਆ, 8 ਅਪਰੈਲ
ਇੱਥੇ ਬੀਤੀ ਅੱਧੀ ਰਾਤ ਰਤੀਆ ਇਲਾਕੇ ਦੇ ਪਿੰਡ ਸਕੂਲ ਢਾਣੀ ਲਾਂਬਾ ਦੇ ਇਕ ਘਰ ਵਿੱਚ ਅਣਪਛਾਤੇ ਚੋਰਾਂ ਵੱਲੋਂ ਕੰਧ ਤੋੜ ਕੇ ਘਰ ਵਿੱਚ ਦਾਖਲ ਹੋ ਕੇ ਘਰੋਂ ਕੀਮਤੀ ਸਾਮਾਨ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰੀ ਦੀ ਘਟਨਾ ਪਿੰਡ ਦੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਈ ਹੈ।
ਪਿੰਡ ਸਕੂਲ ਲਾਂਬਾ ਢਾਣੀ ਦੇ ਕੁਲਦੀਪ ਕੁਮਾਰ ਨੇ ਪੁਲੀਸ ਨੂੰ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਬੀਤੀ ਰਾਤ ਜਦੋਂ ਉਹ ਆਪਣੇ ਘਰ ਪਰਿਵਾਰ ਸਣੇ ਸੁੱਤੇ ਪਏ ਸੀ ਤਾਂ ਰਾਤ ਨੂੰ ਕਰੀਬ 2 ਵਜੇ ਹੀ ਕੋਈ ਅਣਪਛਾਤਾ ਵਿਅਕਤੀ ਘਰ ਦੀ ਕੰਧ ਟੱਪ ਕੇ ਅੰਦਰ ਆ ਗਿਆ ਅਤੇ ਘਰ ਅੰਦਰ ਕਮਰੇ ਵਿਚ ਰੱਖੀ ਅਲਮਾਰੀ ਵਿੱਚੋਂ ਚਾਂਦੀ ਦੇ ਗਹਿਣੇ ਅਤੇ ਹੋਰ ਸਾਮਾਨ ਚੋਰੀ ਕਰਕੇ ਫ਼ਰਾਰ ਹੋ ਗਿਆ। ਉਨ੍ਹਾਂ ਦੱਸਿਆ ਕਿ ਰਾਤ ਨੂੰ ਜਦੋਂ ਸਬੰਧਤ ਨੌਜਵਾਨ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਰਿਹਾ ਸੀ ਤਾਂ ਉਸੇ ਦੌਰਾਨ ਉਸ ਦੀ ਅੱਖ ਖੁੱਲ੍ਹ ਗਈ ਸੀ ਪਰ ਸਬੰਧਤ ਚੋਰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਚੋਰੀ ਦੀ ਘਟਨਾ ਉਪਰੰਤ ਜਦੋਂ ਸਵੇਰੇ ਸੀਸੀਟੀਵੀ ਕੈਮਰੇ ਦੇਖੇ ਗਏ ਤਾਂ ਉਸ ਵਿਚ ਪਤਾ ਲੱਗਿਆ ਕਿ ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ 2 ਨੌਜਵਾਨ ਆਏ ਸੀ, ਜਿਨ੍ਹਾਂ ਵਿੱਚ ਇਕ ਨੌਜਵਾਨ ਨੇ ਆਪਣਾ ਮੂੰਹ ਢਕਿਆ ਹੋਇਆ ਸੀ ਅਤੇ ਉਹ ਅਪਾਹਜ ਹੋਣ ਦਾ ਬਹਾਨਾ ਬਣਾਉਂਦੇ ਹੋਏ ਚੱਲ ਰਿਹਾ ਸੀ ਅਤੇ ਉਹ ਹੀ ਘਰ ਵੜਿਆ ਸੀ। ਪੁਲੀਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਆਪਣੇ ਕਬਜ਼ੇ ਵਿੱਚ ਲੈ ਲਈ ਹੈ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਅਣਪਛਾਤੇ ਨੌਜਵਾਨਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।