ਚੋਰਾਂ ਨੂੰ ਮੋਰ
ਅਮਰ ‘ਸੂਫ਼ੀ’
ਉਨ੍ਹਾਂ ਦਿਨਾਂ ਵਿੱਚ ਅਸੀਂ ਢੁੱਡੀਕੇ ਰਹਿੰਦੇ ਹੁੰਦੇ ਸਾਂ।
ਮੇਰੀ ਪਤਨੀ ਹਰਿੰਦਰ ਉੱਥੋਂ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਲੈਕਚਰਾਰ ਸੀ ਤੇ ਮੇਰੀ ਨਿਯੁਕਤੀ ਮੋਗਾ ਦੇ ਇੱਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਸੀ। ਦੋਵੇਂ ਪੁੱਤਰ ਉਦੋਂ ਅਜੇ ਮੱਧਲੀਆਂ ਜਮਾਤਾਂ ਵਿੱਚ ਮੋਗਾ ਵਿਖੇ ਪੜ੍ਹਦੇ ਸਨ। ਮੈਂ ਉਨ੍ਹਾਂ ਨੂੰ ਕਦੇ ਕਾਰ ਤੇ ਕਦੇ ਸਕੂਟਰ ’ਤੇ ਸਕੂਲ ਲੈ ਆਉਂਦਾ ਹੁੰਦਾ ਸਾਂ।
ਅਪਰੈਲ ਦਾ ਪਹਿਲਾ ਐਤਵਾਰ ਸੀ। ਮੈਂ ਉਸ ਦਿਨ ਬੇਟਿਆਂ ਦੀਆਂ ਨਵੀਆਂ ਕਿਤਾਬਾਂ ’ਤੇ ਜਿਲਦਾਂ ਚੜ੍ਹਾਈਆਂ ਸਨ। ਜਿਲਦਾਂ ਵਾਲਾ ਕੁਝ ਮੋਟਾ ਕਾਗਜ਼ ਬਚ ਗਿਆ ਸੀ। ਮੈਂ ਸਕੂਟਰ ਤੇ ਕਾਰ ਦੀਆਂ ਰਜਿਸਟ੍ਰੇਸ਼ਨ ਕਾਪੀਆਂ ’ਤੇ ਵੀ ਫਿੱਕੇ ਨੀਲੇ ਰੰਗ ਦੀਆਂ ਜਿਲਦਾਂ ਚੜ੍ਹਾ ਕੇ ਕਾਰ ਤੇ ਸਕੂਟਰ ’ਚ ਰੱਖ ਦਿੱਤੀਆਂ।
ਅਗਲੇ ਦਿਨ ਸਕੂਲ ਨੂੰ ਤੁਰਨ ਤੋਂ ਪਹਿਲਾਂ ਪਤਨੀ ਨੇ ਗਿੱਠ ਲੰਮੀ ਸੌਦੇ ਦੀ ਸੂਚੀ ਫੜਾ ਦਿੱਤੀ। ਸੌਦਾ ਜ਼ਿਆਦਾ ਹੋਣ ਕਰਕੇ ਕਾਰ ਹੀ ਕੱਢ ਲਈ ਸੀ।
ਦੋਵੇਂ ਬੱਚਿਆਂ ਨੂੰ ਉਨ੍ਹਾਂ ਦੇ ਸਕੂਲ ਅੱਗੇ ਉਤਾਰ ਕੇ ਮੈਂ ਕਾਰ ਆਪਣੇ ਸਕੂਲ ਵੱਲ ਤੋਰ ਲਈ। ਮੁੱਖ ਚੁਰਾਹੇ ਵਿੱਚ ਆਮ ਵਾਂਗ ਨਾਕਾ ਲੱਗਿਆ ਹੋਇਆ ਸੀ। ਇੱਕ ਸਿਪਾਹੀ ਨੇ ਹੱਥ ਦੇ ਕੇ ਰੁਕਣ ਦਾ ਇਸ਼ਾਰਾ ਕੀਤਾ। ਮੈਂ ਉਸ ਨੂੰ ਹੱਥ ਚੁੱਕ ਕੇ ਗੱਡੀ ਥੋੜ੍ਹਾ ਅਗਾਂਹ ਖਾਲੀ ਥਾਂ ’ਤੇ ਰੋਕਣ ਨੂੰ ਕਹਿ ਦਿੱਤਾ। ਮੇਰੇ ਗੱਦੀ-ਵੱਧਰ ਨਹੀਂ ਲੱਗੀ ਹੋਈ ਸੀ ਪਰ ਕਾਗਜ਼ ਪੱਤਰ ਪੂਰੇ ਰੱਖਣ ਵੱਲੋਂ ਮੈਂ ਕਦੇ ਵੀ ਅਵੇਸਲਾ ਨਹੀਂ ਹੋਇਆ।
ਗੱਡੀ ਇੱਕ ਪਾਸੇ ਲਾ, ਮੈਂ ਉਨ੍ਹਾਂ ਕੋਲ ਆ ਗਿਆ।
‘‘ਭਾਈ ਸਾਹਿਬ! ਸ਼ੀਟ ਬੈਲਟ ਨਹੀਂ ਲਾਈ?’’ ਮੇਰੇ ਕੁਝ ਬੋਲਣ ਤੋਂ ਪਹਿਲਾਂ ਹੀ ਪੱਕੜ ਜਿਹਾ ਛੋਟਾ ਥਾਣੇਦਾਰ, ਆਪਣੀ ‘ਸ਼ੀ’ ਦਾ ਵਿਖਾਵਾ ਪਾ ਕੇ ਬੋਲਿਆ ਸੀ, ਜਿਸ ਦੀਆਂ ਮੁੱਛਾਂ ਦਸ ਵੱਜ ਕੇ ਦਸ ਮਿੰਟ ਹੋਣ ਦਾ ਵੇਲ਼ਾ ਦੱਸ ਰਹੀਆਂ ਸਨ। ਉਸ ਨੇ ਮੇਰੇ ਹੱਥਲੀ ਕਾਰ ਦੀ ਚਾਬੀ ਹਥਿਆਉਣ ਦਾ ਚਾਰਾ ਕੀਤਾ। ਮੈਂ ਆਪਣਾ ਹੱਥ ਪਿਛਾਂਹ ਖਿੱਚ ਲਿਆ।
‘‘ਅਫ਼ਸੋਸ ਯਾਰ! ਖ਼ਿਆਲ ਨਹੀਂ ਰਿਹਾ। ਅਸਲ ਵਿੱਚ ਲਾਉਣ ਦੀ ਆਦਤ ਹੀ ਨਹੀਂ ਪਈ ਹੋਈ।’’ ਮੈਂ ਸਿੱਧੀ ਜਿਹੀ ਗੱਲ ਕਹਿ ਦਿੱਤੀ। ਮੇਰੇ ਬੋਲਦਿਆਂ ਹੀ ਤੂੰਬੇ-ਢਿੱਡਾ ਜਿਹਾ ਸਿਪਾਹੀ ਬੋਲਿਆ ਸੀ, ‘‘ਕਾਗਤ ਵਿਖਾ, ਕਾਗਤ।’’ ਪਰ ਮੈਂ ਉਸ ਦੀ ਗੱਲ ਵੱਲ ਧਿਆਨ ਨਹੀਂ ਸੀ ਦਿੱਤਾ।
ਇੱਕ ਹੌਲਦਾਰ, ਜਿਸ ਦਾ ਮੁੰਡਾ ਮੇਰਾ ਵਿਦਿਆਰਥੀ ਸੀ, ਮੇਰੇ ਵੱਲ ਅਣਗੌਲਿਆ ਜਿਹਾ ਵੇਖ, ਪਰ੍ਹਾਂ ਨੂੰ ਟਿੱਭ ਗਿਆ ਸੀ।
‘‘ਅਸੀਂ ਆਦਤ ਪਾਉਣ ਨੂੰ ਹੀ ਖੜ੍ਹੇ ਹਾਂ। ਕੀ ਕੰਮ ਕਰਦੈਂ?’’ ਉਹ ਅਵੈੜੀ ਬੋਲੀ ਬੋਲਿਆ।
‘‘ਕੰਮ ਤੋਂ ਤੁਸੀਂ ਕੀ ਲੈਣੈ। ਹੁਣ ਤਾਂ ਮੈਂ ਕਾਰ ਡਰਾਈਵਰ ਹਾਂ, ਜਿਸ ਨੇ ਕਾਨੂੰਨ ਤੋੜਿਐ।’’ ਮੈਂ ਰਤਾ ਕੁ ਮੁਸਕੁਰਾ ਕੇ ਬੋਲਿਆ ਸਾਂ। ਮੈਂ ਦੱਸਣਾ ਨਹੀਂ ਸਾਂ ਚਾਹੁੰਦਾ ਕਿ ਅਧਿਆਪਕ ਵਜੋਂ ਸੇਵਾ ਨਿਭਾਉਂਦਾ ਹਾਂ। ਦੱਸ ਦਿੰਦਾ ਤਾਂ ਸ਼ਾਇਦ ਉਸ ਤੋਂ ਸੁਣਨਾ ਪੈਂਦਾ ਕਿ ਜੇਕਰ ਅਧਿਆਪਕ ਹੀ ਨਿਯਮਾਂ ਦਾ ਪਾਲਣ ਨਹੀਂ ਕਰਨਗੇ ਤਾਂ ਬੱਚਿਆਂ ਨੂੰ ਕੀ ਗਿਆਨ ਦੇਣਗੇ।
‘‘ਚਲਾਨ ਕਟਾਉਣੈ ਕਿ ਸਿੱਧਾ ਸਮਝੌਤਾ ਕਰਨੈ, ਇੱਥੇ ਹੀ ਨਿਬੇੜਨੈਂ?’’ ਉਹ ਬਿਨਾਂ ਕਿਸੇ ਝਿਜਕ ਤੇ ਸੰਕੋਚ ਬੋਲਿਆ।
‘‘ਸਿੱਧਾ ਕਿਵੇਂ?’’ ਜਾਣਦਿਆਂ ਵੀ ਮੈਂ ਅਣਭੋਲ ਜਿਹਾ ਬਣਦਿਆਂ ਪੁੱਛਿਆ।
‘‘ਚਲਾਨ ਕਟਾਵੇਂਗਾ ਤਾਂ ਅਦਾਲਤਾਂ ਵਿੱਚ ਚੱਕਰ ਮਾਰਦਾ ਫਿਰੇਂਗਾ, ਵਕੀਲ ਨੂੰ ਅੱਡ ਢੂਹਾ ਕੁਟਾਵੇਂਗਾ, ਨਾਲੇ ਹਜ਼ਾਰ-ਬਾਰਾਂ ਸੌ ਜੁਰਮਾਨਾ ਭਰਨਾ ਪਵੇਗਾ। ਲਸੰਸ ਵੀ ਕੈਂਸਲ ਹੋ ਸਕਦੈ।’’ ਉਸ ਨੇ ਯਰਕਾਊ ਡਰਾਵਾ ਦਿੱਤਾ। ‘‘ਇੱਥੇ ਕਿੰਨੇ ’ਚ ਸਰਦੈ?’’ ਮੈਂ ਉਸ ਦੀ ਦੌੜ ਵੇਖਣ ਵਾਸਤੇ ਪੁੱਛਿਆ। ਬਿਨਾਂ ਬੋਲੇ ਹੀ ਉਸ ਨੇ ਸੱਜਾ ਹੱਥ ਉਤਾਂਹ ਚੁੱਕਦਿਆਂ, ਮੁੱਠ ਮੀਚ ਕੇ ਖਿਲਾਰ ਦਿੱਤੀ ਸੀ, ਜਿਸ ਦਾ ਮੂਕ ਅਰਥ ਸੀ, ਪੰਜ ਸੌ। ਹੱਥ ਉਤਾਂਹ ਚੁੱਕਣ ਵੇਲੇ ਉਸ ਦੀ ਮੁਦਰਾ ਇਸ ਤਰ੍ਹਾਂ ਦੀ ਸੀ ਜਿਵੇਂ ਕੋਈ ਸਾਧ ਆਪਣੀ ਸੰਗਤ ਨੂੰ ਆਸ਼ੀਰਵਾਦ ਦੇ ਰਿਹਾ ਹੋਵੇ।
ਥਾਣੇਦਾਰ ਦੇ ਖੱਬੇ ਹੱਥ, ਥੋੜ੍ਹਾ ਹਟਵਾਂ ਮੈਲੇ ਕੁਚੈਲੇ ਜਿਹੇ ਕੱਪੜਿਆਂ ਵਾਲਾ ਇੱਕ ਮੰਗਤਾ ਬੱਸ ਦੀ ਉਡੀਕ ’ਚ ਖੜ੍ਹੀਆਂ ਸਵਾਰੀਆਂ ਤੋਂ ਭੀਖ ਮੰਗ ਰਿਹਾ ਸੀ। ਮੈਨੂੰ ਉਸ ਮੰਗਤੇ ਤੇ ਇਸ ਥਾਣੇਦਾਰ ਵਿੱਚ ਕੋਈ ਬਹੁਤਾ ਅੰਤਰ ਨਹੀਂ ਲੱਗਾ ਸੀ। ਜੇ ਅੰਤਰ ਸੀ ਤਾਂ ਬਸ ਇੰਨਾ ਕੁ ਕਿ ਉਹ ਪਾਟੇ-ਪੁਰਾਣੇ ਕੱਪੜਿਆਂ ’ਚ ਸੀ ਅਤੇ ਇਹ ਵਧੀਆ ਸਰਕਾਰੀ ਵਰਦੀ ਤੇ ਮੋਢੇ ’ਤੇ ਲੱਗੇ ਤਾਰਿਆਂ ਵਾਲਾ। ਉਹ ਪੰਜੀ-ਦਸੀ ਵਾਸਤੇ ਆਪਣਾ ਹੱਥ ਫੈਲਾ ਕੇ ਲੇਲ੍ਹੜੀਆਂ ਕੱਢ ਰਿਹਾ ਸੀ ਤੇ ਇਹ ਪੰਜ ਸੌ ਵਾਸਤੇ ਧੌਂਸ ਦੇ ਰਿਹਾ ਸੀ। ਦੋਵਾਂ ਦੀ ਤੁਲਨਾ ਕਰ ਕੇ ਮੇਰੇ ਮਨ ਵਿੱਚ ਇੱਕ ਵਿਸ਼ੇਸ਼ ਕਿਸਮ ਦੀ ਕੌੜ ਉਪਜੀ ਸੀ ਪਰ ਬੁੱਲ੍ਹਾਂ ’ਤੇ ਆ ਕੇ ਰੁਕ ਗਈ। ਮੈਂ ਕਹਿਣ ਲੱਗਾ ਸਾਂ, ‘‘ਉੱਧਰ ਮੰਗਤੇ ਵੱਲ ਵੇਖ। ਤੇਰੇ ਤੇ ਉਹਦੇ ਵਿੱਚ ਕੋਈ ਫ਼ਰਕ ਹੈ?’’
ਮੈਂ ਚਲਾਨ ਕੱਟੇ ਜਾਣ ਜਾਂ ਵੱਢੀ ਦੇਣ ਤੋਂ ਬਚਣ ਵਾਸਤੇ ਆਪਣੀ ਭੂਆ ਦੇ ਪੁੱਤਰ ਥਾਣੇਦਾਰ ਜੰਗ ਬਹਾਦਰ ਸਿੰਘ ਦਾ ਨਾਂ ਲਿਆ। ਉਹ ਇਸੇ ਜ਼ਿਲ੍ਹੇ ਦੇ ਕਿਸੇ ਪਿੰਡ ਵਿਚਲੀ ਚੌਕੀ ਦਾ ਇੰਚਾਰਜ ਲੱਗਿਆ ਹੋਇਆ ਸੀ।
ਉਸ ਦਾ ਨਾਂ ਸੁਣ ਕੇ ਥਾਣੇਦਾਰ ਮੁੱਛਾਂ ਫਰਕਾਉਂਦਾ ਬੋਲਿਆ, ‘‘ਸਾਡੇ ਮਹਿਕਮੇ ’ਚ ਕੋਈ ਕਿਸੇ ਦੀ ਭੂਆ ਦਾ ਪੁੱਤ ਨਹੀਂ। ਕੇਵਲ ਮਹਾਤਮਾ ਗਾਂਧੀ ਜੀ ਹੀ ਸਾਡੇ ਸਕੇ-ਸੋਧਰੇ ਨੇ। ਬੋਲ ਚਲਾਨ ਕਟਾਉਣੈ ਕਿ ਗਾਂਧੀ ਤੋਂ ਸਿਫ਼ਾਰਿਸ਼ ਪਵਾਉਣੀ ਐ?’’ ਉਸ ਨੇ ‘ਮਹਾਤਮਾ ਗਾਂਧੀ ਜੀ’ ਤਿੰਨੇ ਸ਼ਬਦ ਰਤਾ ਕੁ ਘਰੋੜ ਕੇ ਬੋਲੇ ਸਨ। ਉਸ ਦਾ ਇਸ਼ਾਰਾ ਗਾਂਧੀ ਦੀ ਮੂਰਤ ਵਾਲੇ ਨੋਟਾਂ ਵੱਲ ਸੀ।
ਤਰਲੇ ਕੱਢਣੇ ਤੇ ਮਿੰਨਤ ਕਰਨੀ ਮੇਰੇ ਸ਼ਬਦ-ਕੋਸ਼ ਵਿੱਚ ਨਹੀਂ। ਇਹ ਕਰਮ ਮੇਰੀ ਮਾਨਸਿਕਤਾ ਦੇ ਮੇਚ ਹੀ ਨਹੀਂ ਆਉਂਦਾ। ਵੱਢੀ ਦੇਣ ਤੇ ਲੁੱਟ-ਖਸੁੱਟ ਕਰਨ ਦੇ ਮੈਂ ਹਮੇਸ਼ਾਂ ਵਿਰੋਧ ’ਚ ਰਿਹਾ ਹਾਂ। ਮੈਂ ਗੱਦੀ-ਵੱਧਰ ਨਹੀਂ ਲਾਈ ਹੋਈ ਸੀ। ਮੈਨੂੰ ਇਸ ਦਾ ਖਮਿਆਜ਼ਾ ਭੁਗਤਣਾ ਵੀ ਚਾਹੀਦਾ ਸੀ। ਇਨ੍ਹਾਂ ਨੂੰ ਵੱਢੀ ਦੇਣ ਦੀ ਥਾਂ ਚਲਾਨ ਭੁਗਤਣਾ ਬਿਹਤਰ ਸੀ ਕਿਉਂਕਿ ਇਹ ਮਾਲੀਆ ਨਿੱਜੀ ਜੇਬ ’ਚ ਜਾਣ ਦੀ ਥਾਂ ਘੱਟੋ-ਘੱਟ ਖ਼ਜ਼ਾਨੇ ’ਚ ਤਾਂ ਜਾਵੇਗਾ।
‘‘ਨਹੀਂ ਸਰਦਾ ਤਾਂ ਚਲਾਨ ਕੱਟ ਦਿਓ।’’ ਕਹਿ ਕੇ ਮੈਂ ਕਾਗਜ਼ ਕੱਢ ਕੇ ਲਿਆਉਣ ਵਾਸਤੇ ਪਰ੍ਹਾਂ ਖੜ੍ਹੀ ਕਾਰ ਵੱਲ ਨੂੰ ਹੋ ਤੁਰਿਆ ਤੇ ਕਾਰ ’ਚੋਂ ਪਲਾਸਟਿਕ ਦਾ ਲਿਫ਼ਾਫ਼ਾ ਕੱਢ ਲਿਆਇਆ ਸਾਂ।
ਰਜਿਸਟ੍ਰੇਸ਼ਨ ਕਾਪੀ, ਬੀਮਾ ਪਾਲਿਸੀ ਤੇ ਪ੍ਰਦੂਸ਼ਣ ਪ੍ਰਮਾਣ-ਪੱਤਰ (ਇਹ ਅਜੇ ਹੁਣੇ ਜਿਹੇ ਹੀ ਲਾਗੂ ਹੋਇਆ ਸੀ) ਥਾਣੇਦਾਰ ਦੇ ਹੱਥ ’ਚ ਦੇ ਦਿੱਤੇ।
ਕਾਗਜ਼ਾਂ ’ਤੇ ਸਰਸਰੀ ਜਿਹੀ ਨਿਗ੍ਹਾ ਮਾਰਦਾ ਉਹ ਬੋਲਿਆ, ‘‘ਤੇ ਲਸੰਸ ਕਿੱਥੇ ਐ? ਹੈਅਗਾ ਈ ਕਿ ਨਹੀਂ?’’
‘‘ਉਹ ਵੀ ਹੈਅਗਾ।’’ ‘ਹੈਅਗਾ’ ਨੂੰ ਰਤਾ ਕੁ ਲਮਕਾ ਕੇ ਉਸ ਦੀ ਨਕਲ ਲਾਹੁੰਦਿਆਂ ਮੈਂ ਜੇਬ ’ਚੋਂ ਬਟੂਆ ਕੱਢ ਲਿਆ। ਮੈਂ ਉਸ ਵੱਲ ਗਹੁ ਨਾਲ ਵੇਖਿਆ; ਉਸ ਨੇ ਆਪਣੀਆਂ ਅੱਖਾਂ ਮੇਰੇ ਬਟੂਏ ’ਤੇ ਗੱਡੀਆਂ ਹੋਈਆਂ ਸਨ। ਬਟੂਏ ਵਿਚਲੇ ਸੌ ਸੌ ਦੇ ਨੋਟ ਵੇਖ ਕੇ ਉਸ ਦੀਆਂ ਲਾਲ਼ਾਂ ਡਿੱਗਣ ਵਾਲੀਆਂ ਹੋਈਆਂ ਪਈਆਂ ਸਨ। ਉਸ ਦੀ ਮਨੋਦਸ਼ਾ ਉਸ ਵੇਲ਼ੇ ਮਹਿਸੂਸ ਹੀ ਕੀਤੀ ਜਾ ਸਕਦੀ ਸੀ।
ਮੈਂ ਲਾਇਸੈਂਸ ਕੱਢ ਕੇ ਉਸ ਨੂੰ ਫੜਾ ਦਿੱਤਾ।
ਲਾਇਸੈਂਸ ਨੂੰ ਉਲਟਾਅ-ਪੁਲਟਾਅ ਕੇ ਵਿੰਹਦਾ ਉਹ ਬੋਲਿਆ, ‘‘ਕਿੱਥੋਂ ਲਿਐ ?’’ ਉਸ ਦਾ ਪੁੱਛਣ-ਢੰਗ ਇਸ ਤਰ੍ਹਾਂ ਦਾ ਸੀ, ਜਿਵੇਂ ਇਹ ਕਿਸੇ ਹੱਟੀ ਤੋਂ ਮੁੱਲ ਲਿਆ ਹੋਵੇ।
‘‘ਇਸ ਦੇ ਉੱਤੇ ਲਿਖਿਆ ਹੋਇਆ ਹੈ। ਨਹੀਂ ਪੜ੍ਹੀਦਾ ਤਾਂ ਐਨਕ ਲਾ ਲਵੋ। ਪਤਾ ਲੱਗ ਜਾਵੇਗਾ ਬਈ ਕਿੱਥੋਂ ਲਿਐ।’’ ਮੈਂ ਤਲਖ਼ੀ ਭਰੀ ਮਿੱਠੀ ਟਿੱਚਰ ਕੀਤੀ ਪਰ ਸ਼ਾਇਸਤਗੀ ਦਾ ਪੱਲਾ ਨਹੀਂ ਸੀ ਛੱਡਿਆ।
ਮੇਰੀ ਗੱਲ ਸੁਣ ਕੇ ਉਸ ਦੇ ਚਿਹਰੇ ’ਤੇ ਔਖ ਦਾ ਭਾਵ ਝਲਕ ਪਿਆ ਸੀ, ਜਿਵੇਂ ਮੇਰੇ ਬੋਲ ਉਸ ਨੂੰ ਡੰਗ ਮਾਰ ਗਏ ਹੋਣ।
ਖ਼ੈਰ! ਮੇਰਾ ਚਲਾਨ ਕੱਟ ਕੇ, ਪਰਚਾ ਉਸ ਨੇ ਮੇਰੇ ਹੱਥ ਫੜਾ ਦਿੱਤਾ ਸੀ। ਮੇਰੀ ਕਾਪੀ ਤੇ ਕਾਗਜ਼ ਉਸ ਨੇ ਰੱਖ ਲਏ ਸਨ। ਮੈਂ ਉਸ ਪਰਚੇ ਦੀ ਤਹਿ ਮਾਰ ਕੇ ਜੇਬ ਵਿੱਚ ਪਾਉਂਦਿਆਂ ਕਾਰ ਤੋਰ ਲਈ।
ਸਕੂਲ ਜਾ ਕੇ ਮੈਂ ਉਹ ਪਰਚਾ ਪੜ੍ਹਨਾ ਸ਼ੁਰੂ ਕੀਤਾ। ਉਸ ਵਿੱਚ ਮੇਰੇ ਸਿਰ ਦੋ ਦੋਸ਼ ਮੜ੍ਹੇ ਹੋਏ ਸਨ। ਇੱਕ, ਗੱਦੀ-ਵੱਧਰ ਨਹੀਂ ਲੱਗੀ ਸੀ। ਦੂਜਾ, ਅਗਲੇ ਸੱਜੇ ਟਾਇਰ ਵਿੱਚ ਹਵਾ ਘੱਟ ਸੀ।
ਮੈਂ ਵਰਾਂਡੇ ਵਿੱਚ ਬੈਠੇ ਨੇ ਕਾਰ ਵੱਲ ਨਿਗ੍ਹਾ ਮਾਰੀ। ਹਵਾ ਠੀਕ ਲੱਗਦੀ ਸੀ। ਮੈਂ ਆਪਣੀ ਨਿਗ੍ਹਾ ਫਿਰ ਪਰਚੇ ’ਤੇ ਫੇਰਨੀ ਸ਼ੁਰੂ ਕਰ ਦਿੱਤੀ। ਇੱਕ ਦਿਨ ਛੱਡ ਕੇ ਅਦਾਲਤ ਵਿੱਚ ਪੇਸ਼ੀ ਸੀ।
ਜਦੋਂ ਮੇਰੀ ਨਿਗ੍ਹਾ ਪਰਚੇ ’ਤੇ ਲਿਖੇ ਗੱਡੀ ਦੇ ਨੰਬਰ ’ਤੇ ਪਈ ਤਾਂ ਮੇਰੇ ਹੋਸ਼ ਉੱਡ ਗਏ। ਇਹ ਕੀ? ਜਿਹੜਾ ਨੰਬਰ ਲਿਖਿਆ ਹੋਇਆ ਸੀ, ਉਹ ਮੇਰੇ ਸਕੂਟਰ ਦਾ ਸੀ। ਅਹਿਸਾਸ ਹੋਇਆ ਕਿ ਗ਼ਲਤੀ ਨਾਲ ਸਕੂਟਰ ਦੀ ਕਾਪੀ ਕਾਰ ’ਚ ਰੱਖੀ ਗਈ ਸੀ। ਮੇਰਾ ਸਿਰ ਚਕਰਾ ਗਿਆ। ਸੋਚਿਆ, ‘ਇਹ ਤਾਂ ਦੂਹਰਾ ਦੋਸ਼ ਬਣਦੈ। ਸਕੂਟਰ ਵਾਲੀ ਕਾਪੀ ਨਾਲ ਕਾਰ ਚਲਾਈ ਫਿਰਦਾ ਹਾਂ। ਕਾਨੂੰਨੀ ਤੌਰ ’ਤੇ ਇਹ ਬਹੁਤ ਵੱਡਾ ਦੋਸ਼ ਹੈ।’ ਮੈਨੂੰ ਧੁੜਧੁੜੀ ਜਿਹੀ ਆ ਗਈ।
ਮੈਂ ਅਜੇ ਇਸ ਉਧੇੜ-ਬੁਣ ਵਿੱਚ ਸਾਂ ਕਿ ਸਕੂਲ ਲੱਗਣ ਦੀ ਘੰਟੀ ਵੱਜ ਗਈ। ਮੈਂ ਵਿਦਿਆਰਥੀਆਂ ਦੀ ਹਾਜ਼ਰੀ ਲਾਉਣ ਵਾਸਤੇ ਜਮਾਤ-ਕਮਰੇ ਵੱਲ ਨੂੰ ਤੁਰ ਪਿਆ।
ਵਾਰ ਵਾਰ ਮੇਰੇ ਦਿਮਾਗ਼ ’ਚ ਇੱਕੋ ਗੱਲ ਆ ਰਹੀ ਸੀ ਕਿ ਕੰਮ ਗ਼ਲਤ ਹੋ ਗਿਆ ਹੈ, ਹੁਣ ਕੀ ਬਣੇਗਾ? ਇਸ ਬਿਨਾਅ ’ਤੇ ਮੇਰੇ ਵਿਰੁੱਧ ਮੁਕੱਦਮਾ ਦਰਜ ਹੋਣ ਤੀਕ ਦਾ ਖ਼ਿਆਲ ਵੀ ਤੰਗ ਕਰਨ ਲੱਗ ਪਿਆ ਸੀ।
ਤੀਜੀ ਖਾਲੀ ਘੰਟੀ ’ਚ ਬੋਹੜ ਦੀ ਛਾਵੇਂ ਬੈਠਿਆਂ ਮੈਂ ਫਿਰ ਉਸ ਪਰਚੇ ਦੀ ਤਹਿ ਖੋਲ੍ਹ ਲਈ ਸੀ। ਯਕਦਮ ਇੱਕ ਖ਼ਿਆਲ ਆਇਆ। ਮੈਂ ਚੁਟਕੀ ਮਾਰ ਕੇ ਹੱਸ ਪਿਆ ਸਾਂ।
‘‘ਚਲਾਨ ਤਾਂ ਹੋਇਆ ਹੀ ਸਕੂਟਰ ਦਾ ਹੈ। ਕਾਰ ਦੀ ਰਜਿਸਟ੍ਰੇਸ਼ਨ ਕਾਪੀ ਤਾਂ ਸਕੂਟਰ ’ਚ ਪਈ ਐ। ਨਾ ਸਕੂਟਰ ਚਲਾਉਂਦਿਆਂ ਵੱਧਰ ਲੱਗਦੀ ਹੈ। ਨਾ ਹੀ ਉਸ ਦੇ ਸੱਜੇ ਖੱਬੇ ਟਾਇਰ ਹੁੰਦੇ ਹਨ। ਪੁਲੀਸ ਵਾਲਿਆਂ ਨੂੰ ਮੇਰੇ ਵਿਰੁੱਧ ਮਾਮਲਾ ਇੰਞ ਦਰਜ ਕਰਨਾ ਚਾਹੀਦਾ ਸੀ ਕਿ ਸਕੂਟਰ ਦੀ ਕਾਪੀ ਨਾਲ ਕਾਰ ਚਲਾਉਂਦਾ ਫੜਿਆ ਗਿਆ। ਬਣ ਗਈ ਗੱਲ।’’ ਇਹ ਸਾਰੀਆਂ ਗੱਲਾਂ ਮੈਂ ਇਕੱਲਾ ਬੈਠਾ ਹੀ ਬੋਲ ਗਿਆ ਸਾਂ, ਬਿਲਕੁਲ ਇਸ ਤਰ੍ਹਾਂ ਜਿਵੇਂ ਕਿਸੇ ਹੋਰ ਨੂੰ ਦੱਸ ਰਿਹਾ ਹੋਵਾਂ।
ਹੁਣ ਮੈਂ ਜੱਜ ਦੇ ਸਾਹਮਣੇ ਪੇਸ਼ ਕਰਨ ਵਾਲੀ ਗੱਲ ਸੋਚਣ ਲੱਗ ਪਿਆ ਸਾਂ ਕਿ ਮੂੜ੍ਹਾ ਕਿਵੇਂ ਮੜ੍ਹਿਆ ਜਾਵੇ?
ਤੀਜੇ ਦਿਨ ਇੱਕ ਬਟਾ ਤਿੰਨ ਛੁੱਟੀ ਲੈ ਕੇ ਆਪਣੇ ਸਕੂਲ ਤੋਂ ਅੱਧਾ ਕੁ ਕਿਲੋਮੀਟਰ ਦੂਰ ਅਦਾਲਤ ਵਿੱਚ ਚਲਾ ਗਿਆ ਸਾਂ। ਜਦੋਂ ਮੈਂ ਅਦਾਲਤ ਵਾਲੇ ਕਮਰੇ ਅੰਦਰ ਝਾਤੀ ਮਾਰੀ ਤਾਂ ਮੇਰੇ ਸਹੁਰੇ ਪਰਿਵਾਰ ਦਾ ਇੱਕ ਗੁਆਂਢੀ ਜੁਡੀਸ਼ੀਅਲ ਮੈਜਿਸਟ੍ਰੇਟ ਵਾਲੀ ਕੁਰਸੀ ਦੇ ਸੱਜੇ ਹੱਥ ਬੈਠਾ ਕੋਈ ਫਾਈਲ ਫਰੋਲ ਰਿਹਾ ਸੀ। ਮੈਨੂੰ ਇਹ ਪਤਾ ਸੀ ਕਿ ਉਹ ਇਸ ਕਚਹਿਰੀ ਵਿੱਚ ਨੌਕਰੀ ਕਰਦਾ ਹੈ ਪਰ ਇਹ ਨਹੀਂ ਸੀ ਪਤਾ ਕਿ ਉਹ ਇਸੇ ਅਦਾਲਤ ਵਿੱਚ ਨਿਯੁਕਤ ਹੈ। ਜੱਜ ਸਾਹਿਬ ਅਜੇ ਆਏ ਨਹੀਂ ਸਨ।
ਉਹ ਗੰਭੀਰ ਜਿਹਾ ਮੁੰਡਾ ਖੜ੍ਹਾ ਹੋ ਕੇ ਹੱਥ ਮਿਲਾ ਕੇ ਬੜੇ ਤਪਾਕ ਨਾਲ ਬੋਲਿਆ ਸੀ, ‘‘ਕੀ ਗੱਲ ਜੀਜਾ ਸ਼੍ਰੀ, ਅਦਾਲਤ ’ਚ ਤੁਰੇ ਫਿਰਦੇ ਹੋ? ਸੁੱਖ ਤਾਂ ਹੈ?’’
ਮੈਂ ਉਸ ਨੂੰ ਚਲਾਨ ਹੋਣ ਵਾਲੀ ਊੜਾ ਤੋਂ ੜਾੜਾ ਤੀਕ ਸਾਰੀ ਗੱਲ ਸੁਣਾ ਦਿੱਤੀ ਸੀ। ਮੈਂ ਆਪਣੇ ਨਾਲ ਲਿਆਂਦੀ ਕਾਰ ਦੀ ਕਾਪੀ ਵੀ ਉਸ ਨੂੰ ਵਿਖਾਈ।
ਸਾਰੀ ਗੱਲ ਸੁਣ ਕੇ ਉਹ ਬੋਲਿਆ ਸੀ, ‘‘ਤੁਸੀਂ ਜੱਜ ਸਾਹਿਬ ਨੂੰ ਕੁਝ ਨਹੀਂ ਕਹਿਣਾ। ਮੈਂ ਆਪੇ ਦੱਸਾਂਗਾ। ਤੁਸੀਂ ਨਿਸ਼ਚਿੰਤ ਹੋ ਕੇ ਬੈਠ ਜਾਓ। ਜਦੋਂ ਜੱਜ ਸਾਹਿਬ ਆ ਗਏ, ਮੇਰੇ ਕੋਲ ਆ ਜਾਣਾ।’’ ਇੰਨਾ ਕਹਿ ਕੇ ਉਹ ਫਾਈਲਾਂ ਫਰੋਲਣ ਲੱਗ ਪਿਆ ਸੀ।
ਕੁਝ ਦੇਰ ਬਾਅਦ ਜੱਜ ਸਾਹਿਬ ਆ ਬੈਠੇ ਸਨ।
ਮੈਂ ਉੱਠ ਕੇ, ਸਿਰ ਨਿਵਾ ਕੇ ਕਟਹਿਰੇ ਦੇ ਨੇੜੇ ਹੋ ਗਿਆ ਸਾਂ।
ਉਹ ਜੱਜ ਸਾਹਿਬ ਨੂੰ ਸੰਬੋਧਿਤ ਹੋ ਕੇ ਬੋਲਿਆ ਸੀ, ‘‘ਅਹਿ ਵੇਖੋ ਜੀ ਨਵੀਂ ਕਿਸਮ ਦਾ ਮਾਮਲਾ। ਪੁਲੀਸ ਵਾਲਿਆਂ ਨੇ ਸਕੂਟਰ ’ਤੇ ਜਾਂਦੇ ਇਸ ਆਦਮੀ ਦਾ ਸੀਟ ਬੈਲਟ ਨਾ ਲਾਉਣ ਤੇ ਅਗਲੇ ਸੱਜੇ ਟਾਇਰ ਦੀ ਹਵਾ ਘੱਟ ਹੋਣ ਦਾ ਚਲਾਨ ਕੱਟਿਆ ਹੋਇਆ ਹੈ। ਇਹ ਵੇਖੋ ਸਕੂਟਰ ਦੀ ਕਾਪੀ। ਕਾਰ ਦੀ ਕਾਪੀ ਇਸ ਕੋਲ ਹੈ। ਹੁਣੇ ਮੈਨੂੰ ਵਿਖਾਈ ਹੈ।’’ ਉਸ ਨੇ ਮੇਰੇ ਨਾਲ ਸਬੰਧਿਤ ਕਾਗਜ਼ ਜੱਜ ਸਾਹਿਬ ਅੱਗੇ ਸਰਕਾ ਦਿੱਤੇ ਸਨ।
ਜੱਜ ਸਾਹਿਬ ਹੈਰਾਨੀ ਵੱਸ ਮਾੜਾ ਜਿਹਾ ਮੁਸਕਾ ਕੇ ਮੇਰੇ ਵੱਲ ਵਿੰਹਦਿਆਂ ਬੋਲੇ, ‘‘ਪੈਸੇ ਮੰਗਦੇ ਸੀ?’’
‘‘ਜਨਾਬ! ਇਨ੍ਹਾਂ ਦੇ ਵਿਹਾਰ ਬਾਰੇ ਤੁਹਾਨੂੰ ਪਤਾ ਹੀ ਹੈ ਜੀ। ਮੇਰੇ ਮੂੰਹੋਂ ਕੁਝ ਕਿਉਂ ਅਖਵਾਉਂਦੇ ਹੋ?’’ ਮੈਂ ਅਜੇ ਇੰਨਾ ਹੀ ਕਿਹਾ ਸੀ ਕਿ ਜੱਜ ਸਾਹਿਬ ਕਾਗਜ਼ ਉਸ ਨੂੰ ਪਰਤਾਉਂਦਿਆਂ ਬੋਲੇ, ‘‘ਇਹ ਚਲਾਨ ਖਾਰਜ ਕਰ ਕੇ, ਕਾਗਜ਼ ਇਨ੍ਹਾਂ ਨੂੰ ਦੇ ਦਿਓ। ਨਾਇਬ ਕੋਰਟ ਨੂੰ ਕਹਿ ਕੇ ਸਬੰਧਿਤ ਮੁਲਾਜ਼ਮਾਂ ਨੂੰ ਬਾਅਦ ਦੁਪਹਿਰ ਇੱਥੇ ਬੁਲਾਓ।’’ ਉਸ ਨੇ ‘ਠੀਕ ਸਰ’ ਕਹਿ ਕੇ ਰਜਿਸਟਰ ’ਤੇ ਕੁਝ ਕਾਰਵਾਈ ਕਰ ਕੇ ਮੇਰੇ ਦਸਤਖਤ ਕਰਵਾ ਕੇ ਰਜਿਸਟ੍ਰੇਸ਼ਨ ਕਾਪੀ ਆਦਿ ਕਾਗਜ਼ ਮੇਰੇ ਹੱਥ ਫੜਾ ਦਿੱਤੇ ਸਨ। ਮੈਂ ਜੱਜ ਸਾਹਿਬ ਨੂੰ ‘ਧੰਨਵਾਦ ਜੀ’ ਕਹਿ ਕੇ ਕਾਗਜ਼ ਲੈ ਕੇ ਬਾਹਰ ਆ ਗਿਆ ਸਾਂ।
ਤੀਜੇ ਚੌਥੇ ਦਿਨ ਮੈਂ ਉਸ ਤੋਂ ਪਤਾ ਕਰਨ ਗਿਆ ਕਿ ਚਲਾਨ ਕੱਟਣ ਵਾਲਿਆਂ ਨਾਲ ਕਿਵੇਂ ਹੋਈ ਤਾਂ ਉਸ ਨੇ ਦੱਸਿਆ ਸੀ ਕਿ ਜੱਜ ਸਾਹਿਬ ਨੇ ਉਨ੍ਹਾਂ ਨੂੰ ਬਹੁਤ ਝਾੜਾਂ ਪਾਈਆਂ ਤੇ ਦੋ ਢਾਈ ਘੰਟੇ ਸਜ਼ਾ ਵਜੋਂ ਆਪਣੇ ਸਾਹਮਣੇ ਖੜ੍ਹੇ ਕਰੀ ਰੱਖਿਆ। ਉਨ੍ਹਾਂ ਵਿਰੁੱਧ ਕੰਮ ’ਚ ਕੁਤਾਹੀ ਕਰਨ ਬਾਰੇ ਐੱਸ.ਐੱਸ.ਪੀ. ਨੂੰ ਵੀ ਲਿਖ ਕੇ ਭੇਜਿਆ ਹੋਇਆ ਹੈ।
ਪੰਦਰਾਂ ਕੁ ਦਿਨਾਂ ਬਾਅਦ ਮੇਰੀ ਭੂਆ ਦਾ ਪੁੱਤ ਲੰਘਦਾ ਹੋਇਆ ਮੇਰੇ ਸਕੂਲ ਆ ਗਿਆ ਸੀ। ਗੱਲਾਂ ਕਰਦਿਆਂ ਮੈਂ ਚਲਾਨ ਵਾਲੀ ਗੱਲ ਦੱਸੀ। ਉਹ ਬੋਲਿਆ ਸੀ, ‘‘ਅੱਛਾ! ਉਹ ਤੁਹਾਡਾ ਚਲਾਨ ਸੀ? ਉਸ ਨੇ ਸਾਡੇ ਬੰਦੇ ਲਾਈਨ ਹਾਜ਼ਰ ਕਰਵਾ ਦਿੱਤੇ ਨੇ।’’
ਸੰਪਰਕ: 98555-43660 (ਵੱਟਸਐਪ)