ਚੈਟਜੀਪੀਟੀ ’ਚ ਗੜਬੜੀ ਕਾਰਨ ਲੱਖਾਂ ਲੋਕ ਪ੍ਰਭਾਵਿਤ
ਨਵੀਂ ਦਿੱਲੀ: ਮਸਨੂਈ ਬੌਧਿਕਤਾ (ਏਆਈ) ਖੇਤਰ ਦੀ ਕੰਪਨੀ ਓਪਨਏਆਈ ਦੇ ਏਆਈ ਟੂਲ ਚੈਟਜੀਪੀਟੀ ਵਿੱਚ ਅੱਜ ਆਲਮੀ ਪੱਧਰ ’ਤੇ ਗੜਬੜੀ ਆਉਣ ਕਾਰਨ ਲੱਖਾਂ ਲੋਕ ਇਸ ਦੀ ਕਾਫ਼ੀ ਸਮਾਂ ਵਰਤੋਂ ਨਹੀਂ ਕਰ ਸਕੇ। ਚੈਟਜੀਪੀਟੀ ਦੀਆਂ ਸੇਵਾਵਾਂ ’ਤੇ ਸਭ ਤੋਂ ਵੱਧ ਅਸਰ ਭਾਰਤ ਅਤੇ ਅਮਰੀਕਾ ਦੇ ਵਰਤੋਂਕਾਰਾਂ ’ਤੇ ਦੇਖਣ ਨੂੰ ਮਿਲਿਆ। ਡਿਜੀਟਲ ਗਤੀਵਿਧੀਆਂ ’ਤੇ ਨਜ਼ਰ ਰੱਖਣ ਵਾਲੇ ਮੰਚ ‘ਡਾਊਨਡਿਟੈਕਟਰ’ ਨੇ ਕਿਹਾ ਕਿ ਦੁਪਹਿਰ ਬਾਅਦ ਤਿੰਨ ਵਜੇ ਦੇ ਕਰੀਬ ਚੈਟਜੀਪੀਟੀ ਟੂਲ ਦੀ ਵਰਤੋਂ ਵਿੱਚ ਗੜਬੜੀ ਆਉਣੀ ਸ਼ੁਰੂ ਹੋਈ ਅਤੇ ਇਸ ਦਾ ਅਸਰ ਤੇਜ਼ੀ ਨਾਲ ਵਧਦਾ ਗਿਆ। ਇਸ ਸਬੰਧੀ ਭਾਰਤ ਵਿੱਚ ਹੀ ਤਕਨੀਕੀ ਗੜਬੜੀ ਦੀਆਂ ਲਗਪਗ 800 ਸ਼ਿਕਾਇਤਾਂ ਦਰਜ ਕਰਵਾਈਆਂ ਗਈਆਂ। ਭਾਰਤ ਵਿੱਚ ਦਰਜ ਕਰਵਾਈਆਂ 88 ਫੀਸਦ ਸ਼ਿਕਾਇਤਾਂ ਚੈਟਬੌਟ ਦੇ ਸਵਾਲਾਂ ਦੇ ਜਵਾਬ ਨਾ ਦੇਣ ਨਾਲ ਸਬੰਧਤ ਸਨ। ਚੈਟਜੀਪੀਟੀ ਨੂੰ ਬਣਾਉਣ ਵਾਲੀ ਕੰਪਨੀ ਓਪਨਏਆਈ ਨੇ ਇਸ ਤਕਨੀਕੀ ਗੜਬੜੀ ਨੂੰ ਸਵੀਕਾਰ ਕੀਤਾ ਹੈ। ਕੰਪਨੀ ਨੇ ਨਾਲ ਹੀ ਕਿਹਾ ਕਿ ਚੈਟਜੀਪੀਟੀ ਅਤੇ ਉਸ ਦਾ ਟੈਕਸਟ-ਟੂ-ਵੀਡੀਓ ਮੰਚ ਸੋਰਾ ਦੋਵੇਂ ਹੀ ਪ੍ਰਭਾਵਿਤ ਹੋਏ ਹਨ। ਹਾਲਾਂਕਿ, ਇਸ ਨੇ ਤਕਨੀਕੀ ਗੜਬੜੀ ਦੀ ਸਮੱਸਿਆ ਦੂਰ ਕਰਨ ਸਬੰਧੀ ਕੋਈ ਸਮਾਂ-ਸੀਮਾ ਨਹੀਂ ਦੱਸੀ। -ਪੀਟੀਆਈ