ਚੇਤਰ ਚੌਦਸ ਮੇਲੇ ਦੀਆਂ ਤਿਆਰੀਆਂ
ਪੱਤਰ ਪ੍ਰੇਰਕ
ਪਿਹੋਵਾ, 11 ਮਾਰਚ
ਵਧੀਕ ਡਿਪਟੀ ਕਮਿਸ਼ਨਰ ਸੋਨੂੰ ਭੱਟ ਨੇ ਦੱਸਿਆ ਕਿ ਪਿਹੋਵਾ ਵਿੱਚ 27 ਤੋਂ 29 ਮਾਰਚ ਤੱਕ ਚੇਤਰ ਚੌਦਸ ਮੇਲਾ ਲਗਾਇਆ ਜਾਵੇਗਾ। ਪਿਹੋਵਾ ਵਿੱਚ ਹੋਣ ਵਾਲੇ ਮੇਲੇ ਵਿੱਚ ਲੱਖਾਂ ਸ਼ਰਧਾਲੂ ਸਰਸਵਤੀ ਕੰਢੇ ਇਸ਼ਨਾਨ ਕਰਨਗੇ ਅਤੇ ਆਪਣੇ ਪੁਰਖਿਆਂ ਦੀਆਂ ਆਤਮਾਵਾਂ ਦੀ ਸ਼ਾਂਤੀ ਲਈ ਪੂਜਾ ਅਤੇ ਰਸਮਾਂ ਕਰਨਗੇ। ਏਡੀਸੀ ਸੋਨੂੰ ਭੱਟ ਅੱਜ ਪਿਹੋਵਾ ਬੀਡੀਪੀਓ ਦਫ਼ਤਰ ਦੇ ਹਾਲ ਵਿੱਚ ਪਿਹੋਵਾ ਦੇ ਸਾਰੇ ਵਿਭਾਗਾਂ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਮੇਲੇ ਸੰਬੰਧੀ ਨਿਰਦੇਸ਼ ਦਿੱਤੇ।ਇਸ ਮੌਕੇ ਉਨ੍ਹਾਂ ਨਾਲ ਐੱਸਡੀਐੱਮ ਕਪਿਲ ਕੁਮਾਰ ਵੀ ਮੌਜੂਦ ਸਨ। ਏਡੀਸੀ ਸੋਨੂੰ ਭੱਟ ਨੇ ਕਿਹਾ ਕਿ ਸਾਰੇ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਮੇਲੇ ਦੀਆਂ ਤਿਆਰੀਆਂ ਸਮੇਂ ਸਿਰ ਪੂਰੀਆਂ ਕਰਨ। ਤਿਆਰੀਆਂ ਵਿੱਚ ਕੋਈ ਕਮੀ ਨਹੀਂ ਹੋਣੀ ਚਾਹੀਦੀ। ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਸਾਰੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਐੱਸਡੀਐੱਮ ਨੇ ਕਿਹਾ ਕਿ ਚੇਤਰ ਚੌਦਸ ਮੇਲੇ ਵਿੱਚ ਇੱਕ ਸੁਝਾਅ ਪੇਟੀ ਵੀ ਰੱਖੀ ਜਾਵੇਗੀ , ਜਿਸ ਵਿੱਚ ਲੋਕ ਆਪਣੇ ਸੁਝਾਅ ਦੇ ਸਕਦੇ ਹਨ। ਇਸ ਤਰ੍ਹਾਂ, ਆਉਣ ਵਾਲੇ ਸਮੇਂ ਵਿੱਚ ਸੁਝਾਵਾਂ ਨੂੰ ਲਾਗੂ ਕਰਕੇ ਪ੍ਰਣਾਲੀਆਂ ਵਿੱਚ ਹੋਰ ਸੁਧਾਰ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੇਲੇ ਦੌਰਾਨ ਜ਼ਿਲ੍ਹਾ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਬਾਲ ਭਵਨ ਵਿੱਚ ਸੂਚਨਾ ਕੇਂਦਰ ਸਥਾਪਤ ਕੀਤਾ ਜਾਵੇਗਾ। ਜਿੱਥੇ ਸਟਾਫ਼ ਆਮ ਲੋਕਾਂ ਨੂੰ ਮੇਲੇ ਸਬੰਧੀ ਜਾਣਕਾਰੀ ਦੇਵੇਗਾ। ਮੀਟਿੰਗ ਵਿੱਚ ਨਗਰ ਪਾਲਿਕਾ ਦੇ ਚੇਅਰਮੈਨ ਅਸ਼ੀਸ਼ ਚੱਕਰਪਾਣੀ, ਉਪ ਮੁੱਖ ਪ੍ਰਤੀਨਿਧੀ ਸੁਰੇਂਦਰ ਢੀਂਗਰਾ, ਕੇਡੀਬੀ ਮੈਂਬਰ ਰਾਮਧਾਰੀ ਸ਼ਰਮਾ, ਯੁਧਿਸ਼ਠਰ ਬਹਿਲ, ਤਹਿਸੀਲਦਾਰ ਵਿਨੀਤੀ, ਨਗਰ ਪਾਲਿਕਾ ਸਕੱਤਰ ਮੋਹਨ ਲਾਲ, ਮਾਰਕੀਟ ਕਮੇਟੀ ਸਕੱਤਰ ਚੰਦਰ ਸਿੰਘ, ਬਲਾਕ ਸਿੱਖਿਆ ਅਧਿਕਾਰੀ ਰਾਮਰਾਜ, ਬੀਡੀਪੀਓ ਪਿਹੋਵਾ ਅਤੇ ਇਸਮਾਈਲਾਬਾਦ ਅੰਕਿਤ ਮੌਜੂਦ ਸਨ।