ਚੇਅਰਮੈਨ ਵੱਲੋਂ ਥਰਮਲ ਪਾਵਰ ਪਲਾਂਟ ਦੇ ਵਿਸਥਾਰ ਸਬੰਧੀ ਸਮੀਖਿਆ ਮੀਟਿੰਗ
ਪੱਤਰ ਪ੍ਰੇਰਕ
ਯਮੁਨਾਨਗਰ, 10 ਜੂਨ
ਹਰਿਆਣਾ ਬਿਜਲੀ ਉਤਪਾਦਨ ਨਿਗਮ ਲਿਮਟਿਡ (ਐੱਚਪੀਜੀਸੀਐੱਲ) ਦੇ ਚੇਅਰਮੈਨ ਸੰਜੀਵ ਕੌਸ਼ਲ ਨੇ ਅੱਜ ਭਾਰਤ ਹੈਵੀ ਇਲੈਕਟ੍ਰੀਕਲਜ਼ ਲਿਮਟਿਡ (ਭੇਲ) ਦੇ ਅਧਿਕਾਰੀਆਂ ਨਾਲ ਉੱਚ ਪੱਧਰੀ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ । ਮੀਟਿੰਗ ਵਿੱਚ ਯਮੁਨਾਨਗਰ ਵਿੱਚ ਚੌਧਰੀ ਛੋਟੂ ਰਾਮ ਥਰਮਲ ਪਾਵਰ ਪਲਾਂਟ ਵਿੱਚ 800 ਮੈਗਾਵਾਟ ਅਲਟਰਾ ਸੁਪਰ ਕ੍ਰਿਟੀਕਲ ਐਕਸਪੈਂਸ਼ਨ ਯੂਨਿਟ ਦੀ ਪ੍ਰਗਤੀ ਦਾ ਮੁਲਾਂਕਣ ਕੀਤਾ ਗਿਆ। ਚੇਅਰਮੈਨ ਸੰਜੀਵ ਕੌਸ਼ਲ ਨੇ ਕਿਹਾ ਕਿ ਇੰਜਨੀਅਰਿੰਗ, ਖਰੀਦ ਅਤੇ ਨਿਰਮਾਣ ਦੇ ਆਧਾਰ ’ਤੇ ਭੇਲ ਨੂੰ ਦਿੱਤੇ ਗਏ 7,272.07 ਕਰੋੜ ਰੁਪਏ ਦੇ ਇਸ ਪ੍ਰਾਜੈਕਟ ਨੇ ਜ਼ਮੀਨੀ ਪੱਧਰ ‘ਤੇ ਕਈ ਮਹੱਤਵਪੂਰਨ ਮੀਲ ਪੱਥਰ ਪੂਰੇ ਕੀਤੇ ਹਨ । ਇਹ ਦੱਸਿਆ ਗਿਆ ਕਿ ਨਵੀਂ ਯੂਨਿਟ ਨੂੰ ਮੌਜੂਦਾ 300 ਮੈਗਾਵਾਟ ਯੂਨਿਟਾਂ ਤੋਂ ਵੱਖ ਕਰਨ ਵਾਲੀ ਮਹੱਤਵਪੂਰਨ ਪਰਦਾ ਦੀਵਾਰ ਦਾ ਸਿਵਲ ਕੰਮ ਜੂਨ 2025 ਦੇ ਅੰਤ ਤੱਕ ਪੂਰਾ ਹੋਣ ਦੀ ਉਮੀਦ ਹੈ, ਜਦੋਂ ਕਿ ਢਾਂਚਾਗਤ ਕੰਮ 15 ਜੁਲਾਈ ਤੱਕ ਪੂਰਾ ਹੋਣਾ ਹੈ, ਬਾਇਲਰ ਲਾਈਟ-ਅੱਪ ਅਗਸਤ 2028 ਲਈ ਤੈਅ ਕੀਤਾ ਗਿਆ ਹੈ। ਇਸ ਨਾਲ ਮਾਰਚ 2029 ਵਿੱਚ ਯੂਨਿਟ ਦੇ ਵਪਾਰਕ ਲਾਂਚ ਲਈ ਰਾਹ ਪੱਧਰਾ ਹੋਵੇਗਾ। ਸ੍ਰੀ ਕੌਸ਼ਲ ਨੇ ਕਿਹਾ ਕਿ ਕਾਰਪੋਰੇਸ਼ਨ ਪਲਾਂਟ ਸਾਈਟ ਦੇ ਨੇੜੇ 110 ਹੈਕਟੇਅਰ ਹਰੀ ਪੱਟੀ ਵਿਕਸਤ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭੇਲ ਨੇ ਪ੍ਰਵਾਨਗੀ ਲਈ 432 ਤਕਨੀਕੀ ਡਰਾਇੰਗਾਂ ਜਮ੍ਹਾਂ ਕਰਵਾਈਆਂ ਹਨ, ਜਿਨ੍ਹਾਂ ਵਿੱਚੋਂ 9 ਜੂਨ ਤੱਕ 106 ਡਰਾਇੰਗਾਂ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਟੈਂਡਰ ਪ੍ਰਕਿਰਿਆ ਨੂੰ 15 ਪ੍ਰਤੀਯੋਗੀ ਬੋਲੀਆਂ ਪ੍ਰਾਪਤ ਹੋਈਆਂ ਹਨ ਅੇ 15 ਜੂਨ ਤੱਕ ਠੇਕਾ ਦਿੱਤੇ ਜਾਣ ਦੀ ਉਮੀਦ ਹੈ ।