ਚੁੱਪ ਹੀ ਭਲੀ...
ਕਰਮਜੀਤ ਸਿੰਘ ਚਿੱਲਾ
“ਮੇਰਾ ਛੋਕਰਾ ਗਿਆਰ੍ਹਵੀਂ ਮਾ ਦਾਖ਼ਿਲ ਹੋਣ ਗਿਆ ਤਾ, ਸਕੂਲ ਆਲਿਆਂ ਨੈ ਕਰਿਆ ਨੀ, ਮੋੜ ਦਿਆ। ਕਹਾ ਪਹਿਲਾਂ ਇਸ ਕਾ ਉਰੈ ਰਹਿਣੇ ਆਲਾ ਸਰਟੀਫਕੇਟ ਬਣਾ ਕੈ ਲਿਆਉ।”... ਇੱਕ ਮਹਿਲਾ ਨੇ ਆਪਣੇ ਦਸਵੀਂ ਪਾਸ ਹੋਏ ਪੁੱਤਰ ਸਮੇਤ ਮੇਰੇ ਕੋਲ ਬੈਠਦਿਆਂ ਕਿਹਾ। ਮੈਂ ਬੱਚੇ ਨੂੰ ਸਰਸਰੀ ਸਵਾਲ ਕੀਤੇ- “ਕਿੰਨੇ ਨੰਬਰ ਆਏ ਨੇ ਦਸਵੀਂ ਵਿਚ?” ਕਹਿੰਦਾ- “73 ਪ੍ਰਤੀਸ਼ਤ।” ਮੈਂ ਉਸ ਨੂੰ ਸਾਬਾਸ਼ ਦਿੱਤੀ ਅਤੇ ਕਿਹਾ ਕਿ ਕੋਈ ਗੱਲ ਨਹੀਂ, ਸਰਟੀਫ਼ਿਕੇਟ ਤਾਂ ਛੁੱਟੀਆਂ ਵਿਚ ਵੀ ਬਣ ਜਾਵੇਗਾ, ਉਹ ਤਾਂ ਵਜ਼ੀਫ਼ੇ ਲਈ ਲੋੜੀਂਦਾ ਹੋਵੇਗਾ, ਪੰਜਾਬ ਦੇ ਵਸਨੀਕ ਹੋਣ ਦਾ, ਤੇਰਾ ਦਾਖ਼ਲਾ ਅੱਜ ਹੀ ਕਰਾ ਦਿੰਦਾ ਹਾਂ।
ਮੈਂ ਸਕੂਲ ਦੀ ਪ੍ਰਿੰਸੀਪਲ ਨੂੰ ਬੱਚੇ ਨੂੰ ਦਾਖ਼ਿਲ ਕਰਨ ਲਈ ਫੋਨ ਕਰਨ ਤੋਂ ਪਹਿਲਾਂ ਮੁੰਡੇ ਨੂੰ ਆਪਣੇ ਕਾਗਜ਼ਾਤ ਦਿਖਾਉਣ ਲਈ ਕਿਹਾ, ਜਿਹੜੇ ਉਸ ਨੇ ਲਿਫ਼ਾਫ਼ੇ ਵਿਚ ਪਾ ਕੇ ਹੱਥ ਵਿਚ ਫੜੇ ਹੋਏ ਸਨ। ਉਨ੍ਹਾਂ ਉਹ ਮੈਨੂੰ ਫ਼ੜਾ ਦਿੱਤੇ। ਦਸਵੀਂ ਦਾ ਡੀਐੱਮਸੀ, ਚਰਿੱਤਰ ਸਰਟੀਫਿਕੇਟ, ਬੀਸੀ ਦਾ ਸਰਟੀਫਿਕੇਟ, ਆਧਾਰ ਕਾਰਡ, ਬੈਂਕ ਦਾ ਖਾਤਾ ਆਦਿ ਸਾਰਾ ਕੁਝ ਦੇਖਣ ਤੋਂ ਬਾਅਦ ਮੇਰੀ ਨਜ਼ਰ ਗਿਆਰ੍ਹਵੀਂ ਵਿਚ ਦਾਖ਼ਿਲ ਹੋਣ ਲਈ ਸਕੂਲ ਵੱਲੋਂ ਦਿੱਤੇ ਫਾਰਮ ਉੱਤੇ ਪਈ, ਜਿਸ ਵਿਚ ਜ਼ਰੂਰੀ ਜਾਣਕਾਰੀ ਮੰਗੀ ਹੋਈ ਸੀ।
ਟੁੱਟੀ-ਫੁੱਟੀ ਅੰਗਰੇਜ਼ੀ ਵਿਚ ਭਰੇ ਫਾਰਮ ਵਿਚ ਦੋ ਕਾਲਮ ਜਨਮ ਮਿਤੀ ਦੇ ਇੰਦਰਾਜ ਦੀ ਜਾਣਕਾਰੀ ਵਾਲੇ ਸਨ। ਅੰਕਾਂ ਵਿਚ ਜਨਮ ਮਿਤੀ ਵਿਚ 03-04-2010 ਠੀਕ ਭਰਿਆ ਹੋਇਆ ਸੀ ਪਰ ਮੇਰੀਆਂ ਅੱਖਾਂ ਉਦੋਂ ਖੁੱਲ੍ਹੀਆਂ ਹੀ ਰਹਿ ਗਈਆਂ, ਜਦੋਂ ਦਸਵੀਂ ਵਿਚ 73 ਫ਼ੀਸਦੀ ਅੰਕ ਲੈ ਕੇ ਪਹਿਲੇ ਦਰਜੇ ਵਿਚ ਪਾਸ ਹੋਏ ਜਵਾਕ ਨੇ ‘ਸ਼ਬਦਾਂ ਵਿਚ ਜਨਮ ਮਿਤੀ ਭਰੋ’ ਵਾਲੇ ਖਾਨੇ ਵਿਚ ਲਿਖਿਆ ਹੋਇਆ ਸੀ- ‘ਜ਼ੀਰੋ ਥਰੀ-ਜ਼ੀਰੋ ਫ਼ੋਰ-ਟੂ ਜ਼ੀਰੋ ਵੰਨ ਜ਼ੀਰੋ।
...
“...ਸਰ, ਮੈਂ ਤੁਹਾਡੇ ਕੋਲ ਤਾਂ ਆਈ ਹਾਂ, ਮੈਨੂੰ ਕਿਸੇ ਚੰਗੇ ਪ੍ਰਾਈਵੇਟ ਸਕੂਲ ਵਿਚ ਨੌਕਰੀ ਦਿਵਾ ਦਿਉ। ਮੈਂ ਐੱਮਏ ਬੀਐੱਡ ਹਾਂ। ਮੇਰੇ ਦੋ ਬੱਚੇ ਵੀ ਵੱਡੇ ਹੋ ਗਏ ਹਨ। ਦਸ ਸਾਲਾਂ ਤੋਂ ਦੋ-ਤਿੰਨ ਪ੍ਰਾਈਵੇਟ ਸਕੂਲ ਬਦਲ ਕੇ ਦੇਖ ਲਏ। ਕੋਈ ਵੀ ਪੰਜ-ਛੇ ਹਜ਼ਾਰ ਤੋਂ ਵੱਧ ਤਨਖ਼ਾਹ ਨਹੀਂ ਦਿੰਦਾ। ਫਿਰ ਬੱਚਿਆਂ ਨੂੰ ਉਸੇ ਸਕੂਲ ਵਿਚ ਦਾਖ਼ਿਲ ਕਰਾਉਣ ਦੀ ਸ਼ਰਤ ਲਗਾ ਦਿੰਦੇ ਹਨ ਅਤੇ ਦੋ ਹਜ਼ਾਰ ਰੁਪਏ ਦੋਵੇਂ ਬੱਚਿਆਂ ਦੀ ਫੀਸ ਕੱਟ ਕੇ ਬੱਸ ਮੇਰੇ ਪੱਲੇ ਦੋ ਤਿੰਨ ਹਜ਼ਾਰ ਹੀ ਰਹਿ ਜਾਂਦਾ ਅਤੇ ਉਸ ਵਿੱਚੋਂ ਵੀ ਅੱਧ ਤੋਂ ਵੱਧ ਐਕਟਿਵਾ ਦਾ ਤੇਲ ਲੱਗ ਜਾਂਦਾ। ਰਾਤ ਤੱਕ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਘਰ ਦਾ ਗੁਜ਼ਾਰਾ ਚਲਾ ਰਹੀ ਹਾਂ।” ਮੇਰੇ ਨਾਲ ਦੇ ਪਿੰਡ ਦੀ ਨੂੰਹ ਸਾਰਾ ਕੁਝ ਇੱਕੋ ਸਾਹੇ ਬੋਲ ਗਈ।
ਮੈਂ ਅਜੇ ਚੁੱਪ ਹੀ ਸਾਂ ਕਿ ਉਹ ਦੁਬਾਰਾ ਸ਼ੁਰੂ ਹੋ ਗਈ, “ਸਰ ਸਾਡੇ ਨਾਲੋਂ ਤਾਂ ਪੰਜ-ਸੱਤ ਪੜ੍ਹੇ ਸਕੂਲਾਂ ਦੇ ਡਰਾਈਵਰ-ਕੰਡਕਟਰ ਵੀ ਚੰਗੇ ਹਨ। ਡਰਾਈਵਰ ਨੂੰ ਪੰਦਰਾਂ ਹਜ਼ਾਰ ਮਹੀਨਾ ਮਿਲਦਾ, ਕੰਡਕਟਰ ਨੂੰ ਦਸ ਹਜ਼ਾਰ ਅਤੇ ਸਾਨੂੰ ਰਾਤਾਂ ਝਾਕ-ਝਾਕ ਕੇ ਇੰਨੀ ਪੜ੍ਹਾਈ ਕਰਨ ਵਾਲਿਆਂ ਨੂੰ ਸਿਰਫ਼ ਛੇ ਹਜ਼ਾਰ।”
...
ਛੇ ਸਕੂਲਾਂ ਦੇ ਵਿਕਾਸ ਕੰਮ ਵਿਦਿਆਰਥੀਆਂ ਨੂੰ ਸਮਰਪਿਤ ਕਰਨ ਦਾ ਸਰਕਾਰੀ ਪ੍ਰੈੱਸ ਨੋਟ ਮੇਰੇ ਸਾਹਮਣੇ ਸੀ। ਤਸਵੀਰਾਂ ਵਿਚ ਕਿਧਰੇ ਵੀ ਮੁੱਖ ਮਹਿਮਾਨ ਦੀ ਤਸਵੀਰ ਨਾ ਹੋਣ ਕਾਰਨ ਪ੍ਰੈੱਸ ਨੋਟ ਬਾਰੇ ਪਤਾ ਕਰਨਾ ਜ਼ਰੂਰੀ ਸਮਝਿਆ ਕਿਉਂਕਿ ਪ੍ਰੈੱਸ ਨੋਟ ਵਿਚ ਮੁੱਖ ਮਹਿਮਾਨ ਦਾ ਬਿਆਨ ਵੀ ਦਰਜ ਸੀ। ਇੱਕ ਪਿੰਡ ਦੇ ਸਾਬਕਾ ਸਰਪੰਚ ਨੂੰ ਫੋਨ ਕੀਤਾ, ਉਨ੍ਹਾਂ ਦੱਸਿਆ ਕਿ ਮੁੱਖ ਮਹਿਮਾਨ ਨਹੀਂ ਆਏ, ਪਾਰਟੀ ਦੇ ਇੱਕ ਆਗੂ ਨੇ ਹੀ ਸਾਰੀਆਂ ਥਾਵਾਂ ’ਤੇ ਉਦਘਾਟਨ ਕੀਤੇ ਹਨ।
ਮੇਰੇ ‘ਠੀਕ ਰਿਹਾ ਸਾਰਾ ਕੁਝ’ ਪੁੱਛਣ ਦੇ ਜਵਾਬ ਵਿਚ ਉਹ ਫੁੱਟ ਪਿਆ, “ਕਿੱਥੇ ਜੀ, ਵਿਚਾਰੀਆਂ ਮੈਡਮਾਂ ਨੂੰ ਟੈਂਟ ਦਾ, ਖਾਣ-ਪੀਣ ਦਾ ਸਾਰਾ ਖ਼ਰਚਾ ਪੱਲਿਉਂ ਕਰਨਾ ਪਿਆ।” ਮੇਰੇ ਇਹ ਪੁੱਛਣ ’ਤੇ ਕਿ ਸਕੂਲ ਵਿਚ ਤਾਂ ਕਾਫ਼ੀ ਕੰਮ ਹੋ ਗਿਆ ਹੋਊ, ਕਹਿੰਦਾ, “ਛੱਡੋ ਜੀ, ਚੁੱਪ ਹੀ ਭਲੀ ਹੈ... ਝੱਗਾ ਚੁੱਕਿਆਂ ਆਪਣਾ ਹੀ ਢਿੱਡ ਨੰਗਾ ਹੁੰਦਾ ਪਰ ਹਕੀਕਤ ਹੋਰ ਹੀ ਹੈ।... ਬੱਸ...।” ਉਹ ਅਗਾਂਹ ਕਹਿੰਦਾ-ਕਹਿੰਦਾ ਰੁਕ ਗਿਆ।
ਸੰਪਰਕ: 98155-23166