ਚੀਮਾ ਵੱਲੋਂ ਉਗਰਾਹਾਂ ਸਕੂਲ ਵਿੱਚ ਵਿਕਾਸ ਕਾਰਜਾਂ ਦਾ ਉਦਘਾਟਨ
ਪੱਤਰ ਪ੍ਰੇਰਕ
ਊਧਮ ਸਿੰਘ ਵਾਲਾ, 11 ਅਪਰੈਲ
ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਪਿੰਡ ਉਗਰਾਹਾਂ ਦੇ ਸਕੂਲ ਵਿੱਚ 41 ਲੱਖ 28 ਹਜ਼ਾਰ ਦੀ ਲਾਗਤ ਨਾਲ ਬਣਵਾਏ 3 ਤਿੰਨ ਕਲਾਸ ਰੂਮ ਤੇ ਸਕੂਲ ਦੀ ਚਾਰਦੀਵਾਰੀ ਦਾ ਉਦਘਾਟਨ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲਾਂ ਵਿੱਚ ਅਤਿ ਆਧੁਨਿਕ ਬੁਨਿਆਦੀ ਢਾਂਚੇ ਦੀ ਮਜ਼ਬੂਤੀ ਲਈ ਵਿਸ਼ਾ ਆਧਾਰਿਤ ਲੈਬ, ਨਵੇਂ ਕਲਾਸਰੂਮ, ਲਾਇਬ੍ਰੇਰੀਆਂ, ਖੇਡ ਮੈਦਾਨ, ਬੈਂਚ ਤੇ ਹੋਰ ਫਰਨੀਚਰ ਮੁਹੱਈਆ ਕਰਵਾਇਆ ਗਿਆ ਹੈ ਜਿਸ ਨਾਲ ਸਕੂਲਾਂ ਦਾ ਕਾਇਆ ਕਲਪ ਹੋਇਆ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਮਨ ਲਗਾ ਕੇ ਪੜ੍ਹਾਈ ਕਰਨ ਲਈ ਪ੍ਰੇਰਿਤ ਕੀਤਾ ਤਾਂ ਜ਼ੋ ਆਉਣ ਵਾਲੇ ਸਮੇਂ ਵਿੱਚ ਬੱਚੇ ਵੀ ਆਪਣੀ ਕਾਬਲੀਅਤ ਨਾਲ ਨਾ ਕੇਵਲ ਸਕੂਲ ਬਲਕਿ ਸੂਬੇ ਦਾ ਨਾਮ ਰੌਸ਼ਨ ਕਰਨ ਦੇ ਸਮਰੱਥ ਬਣ ਸਕਣ।
ਇਸ ਮੌਕੇ ਸਕੂਲ ਪ੍ਰਬੰਧਕਾਂ ਨੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ ਹੋਰ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ। ਸਰਕਾਰੀ ਪ੍ਰਾਇਮਰੀ ਸਕੂਲ ਤੇ ਸਰਕਾਰੀ ਹਾਈ ਸਕੂਲ ਉਗਰਾਹਾਂ ਦੇ ਵਿਦਿਆਰਥੀਆਂ ਨੇ ਸਭਿਆਚਾਰਕ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ ਅਤੇ ਸਕੂਲ ਇੰਚਾਰਜ ਵੱਲੋਂ ਸਕੂਲ ਦੀਆਂ ਹੋਰ ਅਹਿਮ ਪ੍ਰਾਪਤੀਆਂ ਬਾਰੇ ਜਾਣੂ ਕਰਵਾਇਆ ਗਿਆ।