ਨਵੀਂ ਦਿੱਲੀ, 4 ਫਰਵਰੀਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਕਾਂਗਰਸ ਆਗੂ ਰਾਹੁਲ ਗਾਂਧੀ ’ਤੇ ਪੂਰਬੀ ਲੱਦਾਖ ਦੀ ਸਥਿਤੀ ਬਾਰੇ ਸੈਨਾ ਮੁਖੀ ਦੇ ਬਿਆਨ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨ ਦਾ ਦੋਸ਼ ਲਾਇਆ ਅਤੇ ਇਸ ਦਾਅਵੇ ਕਿ ‘ਚੀਨ ਸਾਡੀ ਸਰਜ਼ਮੀਨ ਉੱਤੇ ਬੈਠਾ ਹੈ’ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।ਰਾਹੁਲ ਨੇ ਸੋਮਵਾਰ ਨੂੰ ਬਜਟ ਇਜਲਾਸ ਦੌਰਾਨ ਰਾਸ਼ਟਰਪਤੀ ਦੇ ਭਾਸ਼ਣ ’ਤੇ ਬਹਿਸ ਵਿਚ ਹਿੱਸਾ ਲੈਂਦਿਆਂ ਕਿਹਾ ਸੀ ਕਿ ‘ਚੀਨੀ ਫੌਜ ਸਾਡੇ ਖੇਤਰ ਵਿਚ ਦਾਖ਼ਲ ਹੋ ਚੁੱਕੀ ਹੈ। ਪ੍ਰਧਾਨ ਮੰਤਰੀ ਨੇ ਹਾਲਾਂਕਿ ਇਸ ਤੋਂ ਇਨਕਾਰ ਕੀਤਾ ਹੈ, ਪਰ ਥਲ ਸੈਨਾ ਮੁਖੀ ਨੇ ਉਨ੍ਹਾਂ (ਪੀਐੱਮ) ਦਾ ਖੰਡਨ ਕੀਤਾ ਹੈ। ਸਾਡੇ ਥਲ ਸੈਨਾ ਮੁਖੀ ਨੇ ਕਿਹਾ ਸੀ ਕਿ ਚੀਨੀ (ਫੌਜ) ਸਾਡੇ ਖੇਤਰ ਵਿਚ ਹੈ।’ਰਾਜਨਾਥ ਨੇ ਕਿਹਾ ਕਿ ਕਾਂਗਰਸ ਆਗੂ ਦਾ ਇਹ ਦਾਅਵਾ ਨਿਰਾ ਝੂਠ ਹੈ। ਉਨ੍ਹਾਂ ਕਿਹਾ ਕਿ ਗਾਂਧੀ ਜਿਹੜੇ ਸ਼ਬਦ ਭਾਰਤੀ ਥਲ ਸੈਨਾ ਦੇ ਮੁਖੀ ਜਨਰਲ ਉਪੇਂਦਰ ਸਿੰਘ ਦੇ ਮੂੰਹ ਵਿਚ ਪਾਉਣਾ ਚਾਹੁੰਦੇ ਹਨ, ਉਹ ਉਨ੍ਹਾਂ (ਫੌਜ ਮੁਖੀ) ਨੇ ਕਦੇ ਵੀ ਨਹੀਂ ਕਹੇ।’’ ਰੱਖਿਆ ਮੰਤਰੀ ਨੇ ਕਿਹਾ ਕਿ ਰਾਹੁਲ ਗਾਂਧੀ ਦਾ ਦੇਸ਼ ਹਿੱਤ ਨਾਲ ਜੁੜੇ ਮਾਮਲਿਆਂ ਵਿਚ ਗੈਰ-ਜ਼ਿੰਮੇਵਾਰਾਨਾ ਸਿਆਸਤ ਕਰਨਾ ਅਫਸੋਸਨਾਕ ਹੈ।ਰਾਜਨਾਥ ਸਿੰਘ ਨੇ ਸੋਸ਼ਲ ਮੀਡੀਆ ਪਲੈਟਫਾਰਮ ਐਕਸ ’ਤੇ ਕਿਹਾ ਕਿ ਰਾਹੁਲ ਗਾਂਧੀ ਨੇ ਲੋਕ ਸਭਾ ਵਿਚ ਆਪਣੀ ਤਕਰੀਰ ਦੌਰਾਨ ਭਾਰਤ-ਚੀਨ ਸਰਹੱਦ ਦੇ ਹਾਲਾਤ ਬਾਰੇ ਥਲ ਸੈਨਾ ਮੁਖੀ ਦੇ ਬਿਆਨ ਨੂੰ ਲੈ ਕੇ ਕੁਝ ਝੂਠੇ ਦੋਸ਼ ਲਾਏ ਹਨ। ਰੱਖਿਆ ਮੰਤਰੀ ਰਾਜਨਾਥ ਨੇ ਕਿਹਾ, ‘‘ਥਲ ਸੈਨਾ ਮੁਖੀ ਵੱਲੋਂ 13 ਜਨਵਰੀ ਨੂੰ ਪ੍ਰੈਸ ਕਾਨਫਰੰਸ ਦੌਰਾਨ ਕੀਤੀ ਟਿੱਪਣੀ ਸਿਰਫ ਦੋਵਾਂ ਧਿਰਾਂ ਵੱਲੋਂ ਰਵਾਇਤੀ ਗਸ਼ਤ ਦੀ ਗੜਬੜੀ ਦਾ ਹਵਾਲਾ ਦਿੰਦੀ ਹੈ।’’ ਉਨ੍ਹਾਂ ਕਿਹਾ, ‘‘ਥਲ ਸੈਨਾ ਮੁਖੀ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਹਾਲ ਹੀ ਵਿਚ ਦੋਵਾਂ ਧਿਰਾਂ ਵੱਲੋਂ ਫੌਜਾਂ ਪਿੱਛੇ ਹਟਾਏ ਜਾਣ ਮਗਰੋਂ ਗਸ਼ਤ ਦੇ ਇਨ੍ਹਾਂ ਅਭਿਆਸਾਂ ਨੂੰ ਉਨ੍ਹਾਂ ਦੇ ਰਵਾਇਤੀ ਪੈਟਰਨ ਵਿੱਚ ਬਹਾਲ ਕੀਤਾ ਗਿਆ ਹੈ। ਸਰਕਾਰ ਨੇ ਇਹ ਵੇਰਵੇ ਸੰਸਦ ਵਿੱਚ ਵੀ ਸਾਂਝੇ ਕੀਤੇ ਹਨ।’’ਰੱਖਿਆ ਮੰਤਰੀ ਨੇ ਕਿਹਾ, ‘‘ਰਾਹੁਲ ਗਾਂਧੀ ਵੱਲੋਂ ਥਲ ਸੈਨਾ ਮੁਖੀ ਦੇ ਹਵਾਲੇ ਨਾਲ ਕਹੇ ਗਏ ਸ਼ਬਦ ਕਦੇ ਵੀ ਉਨ੍ਹਾਂ (ਥਲ ਸੈਨਾ ਮੁਖੀ) ਵੱਲੋਂ ਨਹੀਂ ਬੋਲੇ ਗਏ।’’ ਉਨ੍ਹਾਂ ਕਿਹਾ, ‘‘ਰਾਹੁਲ ਗਾਂਧੀ ਦਾ ਦੇਸ਼ ਹਿੱਤ ਨਾਲ ਜੁੜੇ ਮਾਮਲਿਆਂ ਨੂੰ ਲੈ ਕੇ ਗੈਰ-ਜ਼ਿੰਮੇਵਾਰਾਨਾ ਸਿਆਸਤ ’ਚ ਸ਼ਾਮਲ ਹੋਣਾ ਅਫਸੋਸਨਾਕ ਹੈ।’’ -ਪੀਟੀਆਈ