ਚੀਨੀ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਮਹਿਲਾ ਸਣੇ ਦੋ ਜ਼ਖ਼ਮੀ
ਪੱਤਰ ਪ੍ਰੇਰਕ
ਕੁਰਾਲੀ, 2 ਫਰਵਰੀ
ਸਥਾਨਕ ਕਸਬੇ ਵਿੱਚ ਚੀਨੀ ਡੋਰ ਦੀ ਲਪੇਟ ਵਿੱਚ ਆ ਕੇ ਦੋ ਜਣੇ ਜ਼ਖ਼ਮੀ ਹੋ ਗਏ। ਸਥਾਨਕ ਸਿਵਲ ਹਸਪਤਾਲ ਵਿੱਚ ਇਲਾਜ ਕਰਵਾਉਣ ਆਏ ਅਨਾਜ ਮੰਡੀ ਵਾਸੀ ਰਿਸ਼ੀ ਕੁਮਾਰ ਨੇ ਦੱਸਿਆ ਕਿ ਰੋਪੜ ਰੋਡ ’ਤੇ ਸਥਿਤ ਰੇਲਵੇ ਫਲਾਈਓਵਰ ਨੇੜੇ ਉਹ ਚੀਨੀ ਡੋਰ ਦੀ ਲਪੇਟ ਵਿੱਚ ਆ ਗਿਆ। ਇਸ ਦੌਰਾਨ ਉਸ ਦੇ ਚਿਹਰੇ ਅਤੇ ਨੱਕ ’ਤੇ ਡੂੰਘੇ ਕੱਟ ਲੱਗੇ। ਰੇਲਵੇ ਪੁਲ ਦੇ ਨੇੜੇ ਹੀ ਗੁਰਮੀਤ ਕੌਰ ਨਾਂ ਦੀ ਮਹਿਲਾ ਵੀ ਚੀਨੀ ਡੋਰ ਦੀ ਲਪੇਟ ਵਿੱਚ ਆ ਗਈ ਇਸ ਕਾਰਨ ਦੇ ਚਿਹਰੇ ’ਤੇ ਕੱਟ ਲੱਗ ਗਿਆ ਅਤੇ ਜ਼ਖ਼ਮੀ ਹਾਲਤ ਵਿੱਚ ਉਸ ਨੂੰ ਸਥਾਨਕ ਸਿਵਲ ਹਸਪਤਾਲ ਲਿਆਂਦਾ ਗਿਆ। ਗੁਰਮੀਤ ਕੌਰ ਦੇ ਛੇ ਟਾਂਕੇ ਲੱਗੇ ਜਿਸ ਉਪਰੰਤ ਉਸ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ।
ਪਾਬੰਦੀਸ਼ੁਦਾ ਚੀਨੀ ਡੋਰ ਦੇ 23 ਗੱਟੂਆਂ ਸਣੇ ਦੋ ਗ੍ਰਿਫ਼ਤਾਰ
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਥਾਣਾ ਸਰਹਿੰਦ ਪੁਲਿਸ ਨੇ 2 ਵਿਅਕਤੀਆਂ ਨੂੰ ਵੱਖ-ਵੱਖ 23 ਚੀਨੀ ਡੋਰ ਦੇ ਗੱਟੂਆਂ ਸਮੇਤ ਗ੍ਰਿਫ਼ਤਾਰ ਕਰਕੇ ਮਾਮਲੇ ਦਰਜ ਕੀਤੇ ਹਨ। ਥਾਣਾ ਸਰਹਿੰਦ ਦੇ ਇੰਸਪੈਕਟਰ ਸੰਦੀਪ ਸਿੰਘ ਨੇ ਦੱਸਿਆ ਕਿ ਰਾਹੁਲ ਵਾਸੀ ਸਰਹੰਦ ਨੂੰ ਚਾਈਨਾ ਡੋਰ ਦੇ 11 ਗੱਟੂਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ, ਜਦੋਂ ਕਿ ਵਿਕਾਸ ਗਿਰੀ ਵਾਸੀ ਸ਼ੇਖੂਪੁਰਾ ਨੂੰ 12 ਪਾਬੰਦੀਸ਼ੁਦਾ ਚਾਈਨਾ ਡੋਰ ਦੇ ਗੱਟੂਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ।