For the best experience, open
https://m.punjabitribuneonline.com
on your mobile browser.
Advertisement

ਚਿੜੀਆਂ ਦਾ ਚੰਬਾ

04:06 AM May 14, 2025 IST
ਚਿੜੀਆਂ ਦਾ ਚੰਬਾ
Advertisement

ਇੰਦਰਜੀਤ ਭਲਿਆਣ

Advertisement

ਡੈਲਸ (ਟੈਕਸਸ-ਅਮਰੀਕਾ) ਹਵਾਈ ਅੱਡੇ ’ਤੇ ਉੱਤਰ ਕੇ ਅਸੀਂ ਦੋਵੇਂ ਪਤੀ ਪਤਨੀ ਸਿੱਧਾ ਆਪਣੇ ਧੀ-ਜਵਾਈ ਦੇ ਘਰ ਵੱਲ ਹੋ ਤੁਰੇ। ਉਨ੍ਹਾਂ ਉੱਥੇ ਘਰ ਖਰੀਦਿਆ ਹੈ ਤੇ ਸਾਨੂੰ ਘਰ ਦੇਖਣ ਦੀ ਬੜੀ ਤਾਂਘ ਸੀ। ਆਪਣਾ ਸਾਮਾਨ ਕਮਰੇ ਵਿੱਚ ਟਿਕਾ ਕੇ ਅਸੀਂ ਘਰ ਅੰਦਰ ਗੇੜਾ ਮਾਰਨ ਲੱਗੇ। ਘਰ ਕਾਫ਼ੀ ਵੱਡਾ ਸੀ। ਦੇਖ ਕੇ ਦਿਲ ਖੁਸ਼ ਹੋਇਆ ਤੇ ਖੁਦ ’ਤੇ ਮਾਣ ਵੀ ਮਹਿਸੂਸ ਹੋਇਆ। ਮਿਹਨਤ ਨੂੰ ਫਲ਼ ਲਗਦਾ ਹੀ ਹੈ। ਅੰਦਰ ਨਿਗਾਹ ਮਾਰਨ ਪਿੱਛੋਂ ਮੈਂ ਪਿਛਲੇ ਵਿਹੜੇ ਵੱਲ ਹੋ ਤੁਰਿਆ। ਵਿਹੜੇ ਦਾ ਕੁਝ ਹਿੱਸਾ ਪੱਕਾ ਕੀਤਾ ਹੋਇਆ ਸੀ, ਬਾਕੀ ਸਾਰੇ ਵਿੱਚ ਤਰਤੀਬ ਨਾਲ ਹਰਾ ਕਚੂਰ ਘਾਹ ਲਾਇਆ ਹੋਇਆ ਸੀ। ਪਾਰਕ ਦੇ ਚਾਰੇ ਪਾਸੇ ਫੁੱਲਾਂ ਤੇ ਸਬਜ਼ੀਆਂ ਦੀਆਂ ਕਿਆਰੀਆਂ ਬਣੀਆਂ ਹੋਈਆਂ ਸਨ। ਦੋ-ਤਿੰਨ ਫਲਦਾਰ ਬੂਟੇ ਵੀ ਲੱਗੇ ਹੋਏ ਸਨ। ਜਿਸ ਚੀਜ਼ ਨੇ ਸਭ ਤੋਂ ਵੱਧ ਪ੍ਰਭਾਵਿਤ ਕੀਤਾ, ਉਹ ਸੀ ਦੇਸੀ ਚਿੜੀਆਂ ਦੀ ਵਿਹੜੇ ਵਿਚ ਹਾਜ਼ਰੀ ਜੋ ਬੜੀ ਬੇ-ਫਿ਼ਕਰੀ ਨਾਲ਼ ਚੋਗਾ ਚੁਗ ਰਹੀਆਂ ਸਨ। ਪਰਿੰਦਿਆਂ ਨੂੰ ਦੇਖ ਇਕ ਵਾਰ ਤਾਂ ਮਨ ਖਿੜ ਗਿਆ।
ਇਹ ਚਿੜੀਆਂ ਕਦੇ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੋਇਆ ਕਰਦੀਆਂ ਸਨ। ਕੁੜੀਆਂ ਚਿੜੀਆਂ, ਕੁੜੀਆਂ ਦਾ ਚੰਬਾ ਤੇ ਚਿੜੀਆਂ ਤੋਂ ਬਾਜ਼ ਤੁੜਾਉਣਾ ਆਦਿ ਸਾਡੇ ਲੋਕ ਮੁਹਾਵਰੇ ਦਾ ਅਹਿਮ ਹਿੱਸਾ ਰਿਹਾ ਹੈ। ਹੋਰ ਕਈ ਕਿਸਮ ਦੇ ਪੰਛੀ ਵੀ ਵਿਹੜੇ ਵਿੱਚ ਬੇਖ਼ੌਫ ਚੁਗ ਰਹੇ ਸਨ। ਅਲੌਕਿਕ ਦ੍ਰਿਸ਼ ਸੀ ਲੇਕਿਨ ਅਸੀਂ ਕਿਆ ਕੀਤਾ ਇਨ੍ਹਾਂ ਨਾਜ਼ੁਕ, ਪਿਆਰੀਆਂ ਚਿੜੀਆਂ ਨੂੰ ਮਾਰ ਹੀ ਮੁਕਾਇਆ। ਕੁਝ ਕੁ ਨੂੰ ਖੇਤਾਂ ਵਿੱਚ ਪੈਂਦੀਆਂ ਜ਼ਹਿਰਾਂ ਨੇ ਖ਼ਤਮ ਕਰ ਦਿੱਤਾ, ਕੁਝ ਨੂੰ ਟੈਲੀਫੋਨ ਦੇ ਉੱਚੇ ਟਾਵਰਾਂ ਵਿੱਚੋਂ ਨਿੱਕਲਦੀਆਂ ਤਰੰਗਾਂ ਨੇ ਨਿਘਲ ਲਿਆ, ਬਾਕੀ ਦੀਆਂ ਹੋਰ ਵੱਖ-ਵੱਖ ਕਾਰਨਾਂ ਜਿਵੇਂ ਦਰਖ਼ਤਾਂ ਦੀ ਅੰਨ੍ਹੇਵਾਹ ਕਟਾਈ ਅਤੇ ਕੱਚੇ ਦੀ ਥਾਂ ਪੱਕੇ ਮਕਾਨਾਂ ਦੀ ਉਸਾਰੀ ਆਦਿ ਕਰ ਕੇ ਖਤਮ ਹੋ ਗਈਆਂ। ਕੱਚੇ ਘਰਾਂ ਦੀਆਂ ਖੜ/ਕਾਹੀ ਦੀਆਂ ਛੱਤਾਂ ਅਤੇ ਛੱਪਰ ਚਿੜੀਆਂ ਦੀਆਂ ਸੁਰੱਖਿਅਤ ਛੁਪਣਗਾਹਾਂ ਹੁੰਦੀਆਂ ਸਨ। ਇਨ੍ਹਾਂ ਕੱਚੀਆਂ ਛੱਤਾਂ ਵਿੱਚ ਚਿੜੀਆਂ ਆਪਣੇ ਆਲ੍ਹਣੇ ਬਣਾਉਦੀਆਂ, ਆਂਡੇ ਦਿੰਦੀਆਂ ਤੇ ਫੇਰ ਬੱਚੇ ਨਿਕਲਦੇ ਜੋ ਵੱਡੇ ਹੋ ਕੇ ਉੜ ਜਾਂਦੇ; ਇਹ ਚੱਕਰ ਇਉਂ ਹੀ ਬਾਦਸਤੂਰ ਚੱਲਦਾ ਰਹਿੰਦਾ। ਚਿੜੀਆਂ ਇਕ ਤਰ੍ਹਾਂ ਨਾਲ ਸਾਡੇ ਨਾਲ ਹੀ ਰਿਹਾ ਕਰਦੀਆਂ ਸਨ, ਸਾਡੇ ਜੀਵਨ ਦਾ ਅਹਿਮ ਹਿੱਸਾ। ਚਿੜੀਆਂ ਵੈਸੇ ਵੀ ਕਿਸਾਨ ਦੀਆਂ ਮਿੱਤਰ ਪੰਛੀ ਮੰਨੀਆਂ ਜਾਂਦੀਆਂ ਸਨ, ਇਹ ਹਾਨੀਕਾਰਕ ਕੀੜਿਆਂ ਨੂੰ ਖਾ ਜਾਂਦੀਆਂ ਸਨ। ਵਿਹੜਿਆਂ ਵਿੱਚ ਖੜ੍ਹੇ ਦਰਖ਼ਤ ਵੀ ਉਨ੍ਹਾਂ ਦੀਆਂ ਪਸੰਦੀਦਾ ਰਹਿਣ ਥਾਵਾਂ ਸਨ। ਹੁਣ ਇਹ ਸਭ ਗਾਇਬ ਹੋ ਚੁੱਕਾ ਹੈ ਜਾਂ ਕਰ ਦਿੱਤਾ ਗਿਆ ਹੈ।
ਉਹ ਸਵੇਰ ਹੁਣ ਲੋਪ ਹੋ ਚੁੱਕੀ ਹੈ ਜਿਹੜੀ ਚਿੜੀਆਂ ਦੇ ਚਹਿਕਣ ਨਾਲ ਸ਼ੁਰੂ ਹੁੰਦੀ ਸੀ। ਇਉਂ ਲਗਦਾ ਹੁੰਦਾ ਸੀ ਜਿਵੇਂ ਜੇ ਚਿੜੀ ਨਾ ਚਹਿਕੀ ਤਾਂ ਕੁਦਰਤ ਸਵੇਰ ਹੀ ਨਹੀਂ ਕਰੇਗੀ। “ਚਿੜੀ ਚੂਕਦੀ ਨਾਲ ਜਾ ਤੁਰੇ ਪਾਂਧੀ, ਪਈਆਂ ਦੁੱਧ ਦੇ ਵਿੱਚ ਮਧਾਣੀਆਂ ਜੀ”... ਅਜੋਕੀ ਪੀੜ੍ਹੀ ਨੂੰ ਸ਼ਾਇਦ ਕੁਦਰਤ ਦੀ ਇਸ ਨਿਆਮਤ ਦੀ ਜ਼ਰੂਰਤ ਹੀ ਨਹੀਂ। ਤੜਕੇ ਨਾਲ ਲਗਦਾ ਹੈ, ਉਨ੍ਹਾਂ ਦਾ ਕੋਈ ਲੈਣਾ-ਦੇਣਾ ਹੀ ਨਹੀਂ। ਪਰ ਇੱਧਰ ਇਸ ਤਰ੍ਹਾਂ ਨਹੀਂ। ਚਿੜੀਆਂ-ਪਰਿੰਦਿਆਂ ਨੂੰ ਬਹੁਤ ਸੰਭਾਲ ਕੇ ਰੱਖਿਆ ਜਾਂਦਾ ਹੈ। ਵੱਡੇ-ਵੱਡੇ ਘਰਾਂ ਦੇ ਵਿਹੜਿਆਂ ਵਿੱਚ ਦਰਖਤ ਲਗਾਏ ਹੋਏ ਹਨ। ਪੰਛੀ ਪੂਰਾ ਦਿਨ ਇਨ੍ਹਾਂ ਬੂਟਿਆਂ ’ਤੇ ਚਹਿਚਹਾਉਂਦੇ ਰਹਿੰਦੇ ਹਨ। ਨਾ ਕੋਈ ਇਨ੍ਹਾਂ ਦੇ ਪੱਥਰ-ਰੋੜੇ ਮਾਰਦਾ, ਨਾ ਹੀ ਤੰਗ-ਪ੍ਰੇਸ਼ਾਨ ਕਰਦਾ ਹੈ ਸਗੋਂ ਲੋਕੀਂ ਪੰਛੀਆਂ ਦਾ ਬਹੁਤ ਖਿਆਲ ਰੱਖਦੇ ਹਨ। ਬਣਾਵਟੀ ਆਲ੍ਹਣੇ ਰੱਖੇ ਹੁੰਦੇ, ਪਾਣੀ ਦਾ ਪ੍ਰਬੰਧ ਕੀਤਾ ਹੁੰਦਾ ਤੇ ਪੰਛੀ ਵੀ ਲੋੜ ਅਨੁਸਾਰ ਪਾਣੀ ਪੀਂਦੇ ਰਹਿੰਦੇ। ਪੰਛੀਆਂ ਦੇ ਖਾਣ ਦਾ ਚੋਗਾ ਵੀ ਡੱਬਿਆਂ ਵਿੱਚ ਪਾ ਕੇ ਟੰਗਿਆ ਰਹਿੰਦਾ ਹੈ ਤੇ ਪੰਛੀ ਨਿਡਰ ਹੋ ਚੁਗਦੇ ਰਹਿੰਦੇ ਹਨ। ਪੰਛੀ ਹਰੇ-ਹਰੇ ਘਾਹ ’ਤੇ ਵੀ ਆਪਣੀ ਕੁਦਰਤੀ ਮੁਹਾਰਤ ਨਾਲ ਚੋਗਾ ਚੁਗਦੇ ਰਹਿੰਦੇ ਹਨ। ਸਾਡੇ ਘਰ ਵਿੱਚ ਵੀ ਇਹ ਸਾਰਾ ਪ੍ਰਬੰਧ ਕੀਤਾ ਹੋਇਆ ਹੈ। ਪੰਛੀ ਉਡਾਰੀਆਂ ਮਾਰਦੇ ਰਹਿੰਦੇ ਹਨ। ਵਿਸ਼ਵ ਦਾ ਸਭ ਤੋਂ ਛੋਟਾ ਪੰਛੀ ਹੰਮਿੰਗ ਬਰਡ ਸਾਡੀ ਧੀ ਦੇ ਘਰ ਗੇੜਾ ਮਾਰਦਾ ਰਹਿੰਦਾ ਹੈ। ਉਸ ਨੂੰ ਬੋਤਲਨੁਮਾ ਵਿਸ਼ੇਸ਼ ਭਾਂਡੇ ਵਿੱਚ ਮਿੱਠਾ ਪਾਣੀ ਪਰੋਸਿਆ ਜਾਂਦਾ ਹੈ। ਉਹ ਦਰਵਾਜ਼ੇ ਦੀ ਜਾਲ਼ੀ ਉੱਤੇ ਚੁੰਝ ਮਾਰ ਕੇ ਮਿੱਠਾ ਪਾਣੀ ਖ਼ਤਮ ਹੋਣ ਦੀ ਸੂਚਨਾ ਦੇ ਦਿੰਦਾ ਹੈ ਤੇ ਇਹ ਚੱਕਰ ਚਲਦਾ ਰਹਿੰਦਾ ਹੈ। ਹੋਰ ਘਰਾਂ ਵਿੱਚ ਵੀ ਸ਼ਾਇਦ ਇਸੇ ਤਰ੍ਹਾਂ ਹੁੰਦਾ ਹੋਵੇ।
ਧੀ ਨੇ ਇਕ ਹੋਰ ਦਿਲਚਸਪ ਗੱਲ ਦੱਸੀ, “ਇਕ ਵਾਰ ਘੁੱਗੀ ਨੇ ਪਿਛਲੇ ਵਿਹੜੇ ਵਾਲੇ ਪਾਸੇ ਬਰਾਂਡੇ ਦੇ ਪਰਦੇ ਉਪਰ ਆਲ੍ਹਣਾ ਬਣਾ ਲਿਆ। ਬਾਹਰ ਬਹੁਤ ਸਰਦੀ ਹੋਣ ਕਾਰਨ ਉਸ ਨੇ ਦਰਖ਼ਤ ’ਤੇ ਆਲ਼੍ਹਣਾ ਨਹੀਂ ਬਣਾਇਆ ਹੋਵੇਗਾ। ਜਦ ਨੂੰ ਪਰਿਵਾਰ ਨੂੰ ਪਤਾ ਲਗਦਾ, ਘੁੱਗੀ ਨੇ ਆਂਡੇ ਦੇ ਦਿੱਤੇ। ਫੇਰ ਹੋ’ਗੀ ਆਲ੍ਹਣੇ ਦੀ ਸਾਂਭ-ਸੰਭਾਲ ਸ਼ੁਰੂ। ਪਰਦੇ ਦੇ ਹਵਾ ਨਾਲ ਹਿੱਲਣ ਨਾਲ ਹੀ ਆਲ੍ਹਣਾ ਡਿੱਗੂੰ-ਡਿੱਗੂੰ ਕਰੇ। ਕਈ ਦਿਨ ਫਿਕਰ ਲੱਗਾ ਰਿਹਾ, ਆਖ਼ਰ ਆਂਡਿਆਂ ’ਚੋਂ ਨਿਕਲੇ ਬੱਚੇ ਇਕ ਦਿਨ ਫੁਰਰ ਹੋ ਗਏ... ਤਾਂ ਕਿਤੇ ਜਾ ਕੇ ਸਾਨੂੰ ਸਕੂਨ ਮਿਲਿਆ।”... ਦੇਖਿਆ ਕੁਦਰਤ ਦੇ ਰੰਗ।
ਜਦੋਂ ਮੈਂ ਅਜੇ ਸਕੂਲ ਵਿੱਚ ਹੀ ਪੜ੍ਹਦਾ ਸੀ, ਮੈਨੂੰ ਚਿੜੀਆਂ ਫੜਨ ਦੀ ਮੂਰਖਾਨਾ ਆਦਤ ਪੈ ਗਈ। ਚਿੜੀਆਂ ਫੜਨ ਵਿੱਚ ਬਹੁਤ ਸੁਆਦ ਆਇਆ ਕਰੇ। ਇਸ ਕੰਮ ਵਿੱਚ ਪੂਰੀ ਮੁਹਾਰਤ ਹਾਸਲ ਹੋ ਗਈ। ਕੱਖਾਂ ਵਾਲੀ ਟੋਕਰੀ ਨੂੰ ਰੱਸੀ ਨਾਲ਼ ਬੰਨ੍ਹੇ ਡੰਡੇ ਨਾਲ਼ ਵਿਹੜੇ ਵਿੱਚ ਇਕ ਪਾਸੇ ਖੜ੍ਹਾ ਕਰ ਕੇ ਮੂਧੀ ਟੋਕਰੀ ਵਿੱਚ ਰੋਟੀ ਦੇ ਕੁਝ ਟੁਕੜੇ ਖਿਲਾਰ ਦਿੰਦਾ ਤੇ ਆਪ ਲੁਕ ਜਾਂਦਾ। ਜਿਉਂ ਹੀ ਚਿੜੀ ਟੋਕਰੀ ਦੇ ਅੰਦਰ ਜਾਂਦੀ, ਰੱਸੀ ਖਿੱਚ ਲੈਂਦਾ ਤੇ ਚਿੜੀ ਫਸ ਜਾਂਦੀ। ਹੋਰ ਮੁੰਡੇ ਵੀ ਇਕੱਠੇ ਹੋ ਜਾਂਦੇ, ਬਹੁਤ ਰੌਲ਼ਾ ਪੈਂਦਾ। ਫੇਰ ਚਿੜੀ ਨੂੰ ਟੋਕਰੀ ਵਿੱਚੋਂ ਕੱਢ ਕੇ ਕੱਚਾ ਰੰਗ ਲਗਾ ਕੇ ਛੱਡ ਦਿੰਦੇ। ਚਿੜੀ ਝੱਟ ਉਡ ਕੇ ਬਾਕੀ ਚਿੜੀਆਂ ਵਿੱਚ ਜਾ ਰਲ਼ਦੀ। ਮਾਂ ਮੈਨੂੰ ਇਸ ਕੁਕਰਮ ਤੋਂ ਰੋਜ਼ ਰੋਕਦੀ ਪਰ ਮੈਂ ਨਾ ਟਲਦਾ। ਇਕ ਦਿਨ ਇਕ ਮੁੰਡੇ ਨੇ ਟੋਕਰੀ ਦੀ ਥਾਂ ਵੱਡਾ ਤਸਲਾ ਵਰਤ ਲਿਆ। ਜਦੋਂ ਰੱਸੀ ਖਿੱਚੀ, ਤਸਲਾ ਚਿੜੀ ਦੀ ਗਰਦਨ ’ਤੇ ਵੱਜਿਆ ਤੇ ਚਿੜੀ ਥਾਏਂ ਮਰ ਗਈ। ਚਿੜੀ ਮਰਨ ਦਾ ਇਸ ਕਦਰ ਦੁੱਖ ਹੋਇਆ ਕਿ ਮੁੜ ਕਦੇ ਚਿੜੀ ਨਹੀਂ ਫੜੀ।
ਸੰਪਰਕ (ਵ੍ਹੱਟਸਐਪ): 98720-73035

Advertisement
Advertisement

Advertisement
Author Image

Jasvir Samar

View all posts

Advertisement