ਚਿਨਮਯਾਨੰਦ ਜਬਰ-ਜਨਾਹ ਦੇ ਦੋਸ਼ ਹੇਠ ਗ੍ਰਿਫ਼ਤਾਰ

* ਭਾਜਪਾ ਆਗੂ ਨੂੰ ਅਦਾਲਤ ਨੇ 14 ਦਿਨਾਂ ਲਈ ਜੇਲ੍ਹ ਭੇਜਿਆ
* ਕਾਨੂੰਨੀ ਮਾਹਿਰਾਂ ਨੇ ਪੁਲੀਸ ਰਿਮਾਂਡ ਨਾ ਲੈਣ ’ਤੇ ਹੈਰਾਨੀ ਪ੍ਰਗਟਾਈ

ਸ਼ਾਹਜਹਾਂਪੁਰ, 20 ਸਤੰਬਰ

ਸਵਾਮੀ ਚਿਨਮਯਾਨੰਦ ਦਾ ਮੈਡੀਕਲ ਕਰਵਾਉਣ ਮਗਰੋਂ ਲਿਜਾਂਦੀ ਹੋਈ ਪੁਲੀਸ। -ਫੋਟੋ: ਪੀਟੀਆਈ

ਕਾਨੂੰਨ ਦੀ ਵਿਦਿਆਰਥਣ ਵੱਲੋਂ ਜਬਰ-ਜਨਾਹ ਦਾ ਦੋਸ਼ ਲਾਏ ਜਾਣ ਮਗਰੋਂ ਸਾਬਕਾ ਕੇਂਦਰੀ ਮੰਤਰੀ ਸਵਾਮੀ ਚਿਨਮਯਾਨੰਦ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਯੂਪੀ ਦੇ ਸ਼ਾਹਜਹਾਂਪੁਰ ਦੀ ਅਦਾਲਤ ਨੇ ਉਸ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਹੈ। ਕਾਨੂੰਨੀ ਮਾਹਿਰਾਂ ਨੇ ਇਸ ਗੱਲ ’ਤੇ ਹੈਰਾਨੀ ਜਤਾਈ ਹੈ ਕਿ ਅਦਾਲਤ ਨੇ ਭਾਜਪਾ ਆਗੂ ਨੂੰ ਪੁਲੀਸ ਰਿਮਾਂਡ ’ਤੇ ਭੇਜਣ ਦੀ ਬਜਾਏ ਸਿੱਧਾ ਜੇਲ੍ਹ ਕਿਸ ਆਧਾਰ ’ਤੇ ਭੇਜ ਦਿੱਤਾ। ਭਾਜਪਾ ਆਗੂ ਨੂੰ ਪੁਲੀਸ ਨੇ ਉਸ ਦੇ ਆਸ਼ਰਮ ’ਚੋਂ ਸਵੇਰੇ ਕਾਬੂ ਕੀਤਾ। ਪੁਲੀਸ ਮੁਤਾਬਕ ਉਨ੍ਹਾਂ ਚਿਨਮਯਾਨੰਦ ਤੋਂ
ਪੈਸੇ ਉਗਰਾਹੁਣ ਦੇ ਦੋਸ਼ ਹੇਠ ਤਿੰਨ ਹੋਰ ਵਿਅਕਤੀਆਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਡੀਜੀਪੀ ਓ ਪੀ ਸਿੰਘ ਨੇ ਕਿਹਾ ਕਿ ਚਿਨਮਯਾਨੰਦ ਨੂੰ ਜਬਰ-ਜਨਾਹ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ ਜਿਸ ਨੂੰ ਅਦਾਲਤ ਨੇ ਜੇਲ੍ਹ ਭੇਜ ਦਿੱਤਾ ਹੈ। ਗ੍ਰਿਫ਼ਤਾਰੀ ’ਚ ਦੇਰੀ ਤੋਂ ਇਨਕਾਰ ਕਰਦਿਆਂ ਡੀਜੀਪੀ ਨੇ ਕਿਹਾ ਕਿ ਵਿਦਿਆਰਥਣ ਦੇ ਬਿਆਨ ਦਰਜ ਕਰਨ ਅਤੇ ਵੀਡੀਓ ਕਲਿੱਪਾਂ ਦੀ ਪੂਰੀ ਪੜਤਾਲ ਮਗਰੋਂ ਹੀ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਭਾਜਪਾ ਆਗੂ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਮੁਮੁਕਸ਼ੂ ਆਸ਼ਰਮ ਦੇ ਬਾਹਰ ਭਾਰੀ ਸੁਰੱਖਿਆ ਤਾਇਨਾਤ ਕੀਤੀ ਗਈ ਸੀ। ਵਿਸ਼ੇਸ਼ ਜਾਂਚ ਟੀਮ ਦੇ 12 ਮੈਂਬਰ 12 ਗੱਡੀਆਂ ’ਚ ਆਸ਼ਰਮ ਪਹੁੰਚੇ ਸਨ ਅਤੇ ਚਿਨਮਯਾਨੰਦ ਨੂੰ ਗ੍ਰਿਫ਼ਤਾਰ ਕਰਨ ਮਗਰੋਂ ਉਸ ਦਾ ਸਰਕਾਰੀ ਹਸਪਤਾਲ ’ਚ ਮੈਡੀਕਲ ਚੈਕਅੱਪ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਵਿਦਿਆਰਥਣ ਨੇ ਧਮਕੀ ਦਿੱਤੀ ਸੀ ਕਿ ਜੇਕਰ ਪੁਲੀਸ ਨੇ ਚਿਨਮਯਾਨੰਦ ਨੂੰ ਗ੍ਰਿਫ਼ਤਾਰ ਨਾ ਕੀਤਾ ਤਾਂ ਉਹ ਆਤਮਦਾਹ ਕਰ ਲਵੇਗੀ। -ਪੀਟੀਆੲ

ਲੜਕੀ ਵੱਲੋਂ ਆਤਮਦਾਹ ਦੀ ਧਮਕੀ ਮਗਰੋਂ ਚਿਨਮਯਾਨੰਦ ਨੂੰ ਗ੍ਰਿਫ਼ਤਾਰ ਕੀਤਾ ਗਿਆ: ਪ੍ਰਿਯੰਕਾ
ਨਵੀਂ ਦਿੱਲੀ: ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ੁੱਕਰਵਾਰ ਨੂੰ ਕਿਹਾ ਹੈ ਕਿ ਪੀੜਤ ਲੜਕੀ ਵੱਲੋਂ ਆਤਮਦਾਹ ਦੀ ਧਮਕੀ ਦੇਣ ਮਗਰੋਂ ਸਰਕਾਰ ਹਰਕਤ ’ਚ ਆਈ ਅਤੇ ਭਾਜਪਾ ਆਗੂ ਸਵਾਮੀ ਚਿਨਮਯਾਨੰਦ ਨੂੰ ਗ੍ਰਿਫ਼ਤਾਰ ਕੀਤਾ ਗਿਆ। ਟਵਿੱਟਰ ’ਤੇ ਪ੍ਰਿਯੰਕਾ ਨੇ ਕਿਹਾ ਕਿ ਲੋਕਾਂ ਅਤੇ ਪੱਤਰਕਾਰੀ ਦੀ ਤਾਕਤ ਕਾਰਨ ਚਿਨਮਯਾਨੰਦ ਦੀ ਗ੍ਰਿਫ਼ਤਾਰੀ ਹੋਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਇਹ ਯਕੀਨੀ ਬਣਾਇਆ ਕਿ ‘ਬੇਟੀ ਬਚਾਓ’ ਸਿਰਫ਼ ਨਾਅਰਾ ਹੀ ਬਣ ਕੇ ਨਾ ਰਹਿ ਜਾਵੇ ਅਤੇ ਉਸ ਨੂੰ ਅਮਲੀ ਜਾਮਾ ਪਹਿਨਾਇਆ। -ਪੀਟੀਆਈ

ਮੈਂ ਸ਼ਰਮਿੰਦਾ ਹਾਂ: ਚਿਨਮਯਾਨੰਦ
ਸ਼ਾਹਜਹਾਂਪੁਰ: ਭਾਜਪਾ ਆਗੂ ਸਵਾਮੀ ਚਿਨਮਯਾਨੰਦ ਨੇ ਵਿਸ਼ੇਸ਼ ਜਾਂਚ ਟੀਮ (ਸਿਟ) ਮੂਹਰੇ ਜੁਰਮ ਇਕਬਾਲ ਕਰਦਿਆਂ ਕਿਹਾ,‘‘ਮੈਂ ਸ਼ਰਮਿੰਦਾ ਹਾਂ।’’ ਸਿਟ ਦੀ ਅਗਵਾਈ ਕਰ ਰਹੇ ਨਵੀਨ ਅਰੋੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਜਾਂਚ ਦੌਰਾਨ ਚਿਨਮਯਾਨੰਦ ਨੇ ਆਪਣੇ ਕਾਰਿਆਂ ਨੂੰ ਕਬੂਲ ਕੀਤਾ ਅਤੇ ਕਿਹਾ,‘‘ਮੇਰੇ ਤੋਂ ਹੋਰ ਕੁਝ ਨਾ ਪੁੱਛੋ।’’ ਉਂਜ ਸਿਟ ਮੁਤਾਬਕ ਚਿਨਮਯਾਨੰਦ ਨੇ ਜਬਰ-ਜਨਾਹ ਦੇ ਦੋਸ਼ਾਂ ਨੂੰ ਨਕਾਰਿਆ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਉਸ ਨੇ ਇਤਰਾਜ਼ਯੋਗ ਗੱਲਬਾਤ ਅਤੇ ਮਾਲਸ਼ ਕਰਵਾਉਣ ਸਮੇਤ ਹੋਰਾਂ ਕਈ ਦੋਸ਼ਾਂ ਨੂੰ ਕਬੂਲ ਕੀਤਾ ਹੈ। ਉਸ ਨੇ ਦੱਸਿਆ ਕਿ ਸਿਟ ਨੇ ਚਿਨਮਯਾਨੰਦ ਦੀਆਂ ਕਾਲ ਰਿਕਾਰਡਾਂ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਉਸ ਨੇ ਪੀੜਤਾ ਨਾਲ ਮੋਬਾਈਲ ’ਤੇ 200 ਤੋਂ ਜ਼ਿਆਦਾ ਵਾਰ ਗੱਲਬਾਤ ਕੀਤੀ ਸੀ। ਪੁਲੀਸ ਨੇ ਚਿਨਮਯਾਨੰਦ ਖ਼ਿਲਾਫ਼ ਧਾਰਾ 376ਸੀ (ਜ਼ਿੰਮੇਵਾਰ ਵਿਅਕਤੀ ਵੱਲੋਂ ਜਿਸਮਾਨੀ ਸਬੰਧ ਬਣਾਉਣਾ), 354 ਡੀ (ਪਿੱਛਾ ਕਰਨਾ), 342 (ਗਲਤ ਢੰਗ ਨਾਲ ਰੱਖਣ ਦੀ ਸਜ਼ਾ) ਅਤੇ 506 (ਅਪਰਾਧਿਕ ਧਮਕੀ ਲਈ ਸਜ਼ਾ) ਤਹਿਤ ਕੇਸ ਦਰਜ ਕੀਤਾ ਹੈ।
-ਆਈਏਐਨਐਸ