ਚਾਰ ਦਿਨ ਪਹਿਲਾਂ ਹੋਏ ਕਤਲ ਦੇ ਦੋਸ਼ ਹੇਠ ਮੁਲਜ਼ਮ ਕਾਬੂ
ਪੱਤਰ ਪ੍ਰੇਰਕ
ਮੰਡੀ ਅਹਿਮਦਗੜ੍ਹ, 3 ਜੁਲਾਈ
ਨੇੜਲੇ ਪਿੰਡ ਦਲੀਜ ਕਲਾਂ ਦੀ ਵਿਆਹੁਤਾ ਦੇ ਚਾਰ ਦਿਨ ਪਹਿਲਾਂ ਹੋਏ ਕਤਲ ਦੇ ਮਾਮਲੇ ਵਿੱਚ ਅੱਜ ਪੁਲੀਸ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਸੀਨੀਅਰ ਕਪਤਾਨ ਪੁਲੀਸ ਕਪਤਾਨ ਗਗਨ ਅਜੀਤ ਸਿੰਘ ਨੇ ਅੱਜ ਇਥੇ ਜਾਣਕਾਰੀ ਦਿੱਤੀ ਹੈ ਕਿ ਮੁਲਜ਼ਮ ਦੀ ਪਛਾਣ ਅਬਦੁਲ ਗੁਫਾਰ ਉਰਫ਼ ਨਿੰਮ ਵਾਸੀ ਦਲੀਜ ਕਲਾਂ ਵੱਜੋਂ ਹੋਈ ਹੈ ਜਿਸ ਨੂੰ ਥਾਣਾ ਸਦਰ ਦੇ ਐੱਚਐੱਚਓ ਦਰਸ਼ਨ ਸਿੰਘ ਦੀ ਅਗਵਾਈ ਹੇਠ ਪੁਲੀਸ ਪਾਰਟੀ ਨੇ ਗ੍ਰਿਫ਼ਤਾਰ ਕੀਤਾ ਹੈ।
ਐੱਸਪੀ ਅਹਿਮਦਗੜ੍ਹ ਰਾਜਨ ਸ਼ਰਮਾ ਤੇ ਐੱਸਪੀ (ਡੀ) ਸੱਤਪਾਲ ਦੀ ਅਗਵਾਈ ਹੇਠ ਹੋਈ ਪੜਤਾਲ ਅਨੁਸਾਰ ਬੀਤੇ ਐਤਵਾਰ ਮੁਲਜ਼ਮ ਵਿਆਹੁਤਾ ਨੂੰ ਆਪਣੇ ਨਾਲ ਲੈ ਗਿਆ ਸੀ ਤੇ ਬਾਅਦ ਵਿੱਚ ਉਸ ਦੀ ਲਾਸ਼ ਇੱਥੋਂ ਕਰੀਬ ਤੀਹ ਮੀਲ ਦੂਰ ਸੁੰਨਸਾਨ ਥਾਂ ’ਤੋਂ ਮਿਲੀ ਸੀ।
ਇਸ ਮਗਰੋਂ ਮ੍ਰਿਤਕਾ ਦੇ ਪਤੀ ਬਸ਼ੀਰ ਖਾਨ ਨੇ ਆਪਣੀ ਨਬਾਲਿਗ ਧੀ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਨੇ ਮੁਲਜ਼ਮ ਵਿਰੁੱਧ ਮੰਗਲਵਾਰ ਨੂੰ ਥਾਣਾ ਸਦਰ ਵਿੱਚ ਰਿਪੋਰਟ ਦਰਜ ਕਰਵਾਈ ਸੀ। ਧੀ ਨੇ ਦੱਸਿਆ ਸੀ ਕਿ ਵਾਰਦਾਤ ਵਾਲੇ ਦਿਨ ਮੁਲਜ਼ਮ ਨੇ ਉਸ ਨੂੰ ਮਾਂ ਦੇ ਬਿਮਾਰ ਹੋਣ ਬਾਰੇ ਦੱਸਿਆ ਸੀ ਤੇ ਇਹ ਕਹਿ ਕੇ ਅਹਿਮਦਗੜ੍ਹ ਬੁਲਾਇਆ ਸੀ ਕਿ ਉਸ ਨੂੰ ਹਸਪਤਾਲ ਇਲਾਜ ਲਈ ਲੈ ਕੇ ਜਾਣਾ ਹੈ, ਪਰ ਉਸ ਨੇ ਮਾਂ ਨੂੰ ਮਿਲਣ ਨਹੀਂ ਦਿੱਤਾ ਤੇ ਵਾਪਸ ਪਿੰਡ ਭੇਜ ਦਿੱਤਾ। ਮੁਲਜ਼ਮ ਅਬਦੁਲ ਗੁਫਾਰ ਨੇ ਮੰਨਿਆ ਕਿ ਉਸ ਨੇ ਬੇਵਫ਼ਾਈ ਦੇ ਰੋਸ ਵਜੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।