ਚਾਉਕੇ ਸਕੂਲ ਮਾਮਲਾ: ਡੀਟੀਐੱਫ ਵੱਲੋਂ ਪੀੜਤ ਅਧਿਆਪਕਾਂ ਦੀ ਹਮਾਇਤ
ਗੁਰਦੀਪ ਸਿੰਘ ਲਾਲੀ
ਸੰਗਰੂਰ, 20 ਮਈ
ਆਪਣੀਆਂ ਹੱਕੀ ਮੰਗਾਂ ਲਈ ਪਿਛਲੇ 111 ਦਿਨਾਂ ਤੋਂ ਲਗਾਤਾਰ ਸੰਘਰਸ਼ ਕਰ ਰਹੇ ਆਦਰਸ਼ ਮਾਡਲ ਸਕੂਲ ਚਾਉਕੇ ਦੇ ਅਧਿਆਪਕਾਂ ਦੀਆਂ ਸੇਵਾਵਾਂ ਬਹਾਲ ਕਰਨ ਸਮੇਂ ਪ੍ਰਸ਼ਾਸਨ ਵੱਲੋਂ ਕੀਤੇ ਕਥਿਤ ਪੱਖਪਾਤ ਦੀ ਅਧਿਆਪਕ ਜਥੇਬੰਦੀ ਡੈਮੋਕ੍ਰੈਟਿਕ ਟੀਚਰਜ਼ ਫਰੰਟ ਪੰਜਾਬ ਜ਼ਿਲ੍ਹਾ ਸੰਗਰੂਰ ਨੇ ਨਿਖੇਧੀ ਕੀਤੀ ਹੈ। ਜ਼ਿਲ੍ਹਾ ਪ੍ਰਧਾਨ ਦਾਤਾ ਸਿੰਘ ਨਮੋਲ ਅਤੇ ਜਨਰਲ ਸਕੱਤਰ ਹਰਭਗਵਾਨ ਗੁਰਨੇ ਨੇ ਦੱਸਿਆ ਕਿ ਭਰਾਤਰੀ ਜਥੇਬੰਦੀਆਂ ਦੇ ਸਹਿਯੋਗ ਨਾਲ ਲੜੇ ਸੰਘਰਸ਼ ਤੋਂ ਅਧਿਆਪਕਾਂ ਦੀ ਮੁੜ ਨਿਯੁਕਤੀ ਸੰਭਵ ਹੋਈ ਅਤੇ ਭ੍ਰਿਸ਼ਟ ਪ੍ਰਬੰਧਕੀ ਕਮੇਟੀ ਤੋਂ ਪ੍ਰਬੰਧ ਵਾਪਸ ਲਏ ਗਏ। ਸੀਨੀਅਰ ਮੀਤ ਪ੍ਰਧਾਨ ਸੁਖਜਿੰਦਰ ਸੰਗਰੂਰ, ਵਿੱਤ ਸਕੱਤਰ ਯਾਦਵਿੰਦਰ ਪਾਲ ਅਤੇ ਸੂਬਾ ਪ੍ਰੈੱਸ ਸਕੱਤਰ ਜਸਬੀਰ ਨਮੋਲ ਨੇ ਦੋਸ਼ ਲਾਇਆ ਕਿ ਬਠਿੰਡੇ ਦਾ ਜ਼ਿਲ੍ਹਾ ਪ੍ਰਸ਼ਾਸਨ ਪ੍ਰਬੰਧਕੀ ਕਮੇਟੀ ਦੀ ਬੀ ਟੀਮ ਵਾਂਗ ਕੰਮ ਕਰ ਰਿਹਾ ਹੈ। ਉਨ੍ਹਾਂ ਐੱਸਡੀਐੱਮ ਵੱਲੋਂ ਸਾਜ਼ਿਸ ਨਾਲ 65 ਟੀਚਰਾਂ ਦੀ ਮੁਅੱਤਲੀ ਰੱਦ ਕਰਕੇ 5 ਪੀੜਤ ਟੀਚਰਾਂ ਦਾ ਨਾਮ ਲਿਸਟ ਵਿੱਚ ਜਾਰੀ ਨਾ ਕਰਨ ਨੂੰ ਮੰਦਭਾਗਾ ਕਰਾਰ ਦਿੰਦਿਆਂ ਤੁਰੰਤ ਪ੍ਰਭਾਵ ਤੋਂ ਸਾਰੇ ਅਧਿਆਪਕਾਂ ਨੂੰ ਬਹਾਲ ਕਰਨ ਦੀ ਮੰਗ ਕੀਤੀ। ਜ਼ਿਲ੍ਹਾ ਆਗੂਆਂ ਨੇ ਇਨ੍ਹਾਂ ਅਧਿਆਪਕਾਂ ਦੁਆਰਾ ਭਵਿੱਖ ਵਿੱਚ ਲੜੇ ਜਾਣ ਸੰਘਰਸ਼ ਵਿੱਚ ਭਰਵੀ ਸ਼ਮੂਲੀਅਤ ਕਰਨ ਦਾ ਐਲਾਨ ਕੀਤਾ।