ਚਾਈਨਾ ਡੋਰ ਨੇ ਕੱਟੀ ਪੁਲੀਸ ਪ੍ਰਸ਼ਾਸਨ ਦੇ ਹੁਕਮਾਂ ਦੀ ਗੁੱਡੀ
ਭਗਵਾਨ ਦਾਸ ਸੰਦਲ
ਦਸੂਹਾ, 2 ਫਰਵਰੀ
ਇਥੇ ਬਸੰਤ ਪੰਚਮੀ ਮੌਕੇ ਧੜੱਲੇ ਨਾਲ ਵਿਕੀ ਚਾਈਨਾ ਡੋਰ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਪਲਾਸਟਿਕ ਡੋਰ ਦੀ ਵਰਤੋਂ ਨੂੰ ਠੱਲ੍ਹਣ ਲਈ ਜਾਰੀ ਹੁਕਮਾਂ ਦੀ ਅੱਜ ‘ਗੁੱਡੀ’ ਕੱਟ ਦਿੱਤੀ। ਪੁਲੀਸ ਵੱਲੋਂ ਚੀਨੀ ਡੋਰ ਦੀ ਰੋਕਥਾਮ ਲਈ ਵਰਤੀ ਗਈ ਢਿੱਲ ਕਾਰਨ ਕਈ ਦੁਕਾਨਦਾਰਾਂ ਨੇ ਪ੍ਰਸ਼ਾਸਨ ਦੇ ਹੁਕਮਾਂ ਨੂੰ ਟਿੱਚ ਜਾਣਦਿਆ ਪਤੰਗਬਾਜ਼ਾਂ ਨੂੰ ਬੇਖੌਫ ਅਤੇ ਸ਼ਰੇਆਮ ਪਲਾਸਟਿਕ ਡੋਰ ਵੇਚੀ। ਸ਼ਹਿਰ ਵਿੱਚ ਪਤੰਗਬਾਜ਼ੀ ਲਈ ਵੱਡੇ ਪੱਧਰ ’ਤੇ ਵਿਕੀ ਚੀਨੀ ਡੋਰ ਨੇ ਇਸ ਸਬੰਧੀ ਲਾਈ ਪਾਬੰਦੀ ’ਤੇ ਸਵਾਲੀ ਨਿਸ਼ਾਨ ਖੜ੍ਹੇ ਕਰ ਦਿੱਤੇ ਹਨ। ਜਦੋਂਕਿ ਬਸੰਤ ਪੰਚਮੀ ਦੇ ਤਿਉਹਾਰ ਤੋਂ ਪਹਿਲਾਂ ਹੀ ਚੀਨੀ ਡੋਰ ਦੀ ਲਪੇਟ ਵਿੱਚ ਆਉਣ ਕਾਰਨ ਕਈ ਲੋਕ ਗੰਭੀਰ ਜ਼ਖਮੀ ਵੀ ਹੋ ਚੁੱਕੇ ਸਨ। ਸੜਕਾਂ, ਗਲੀਆਂ-ਮੁਹੱਲਿਆਂ ਅੱਜ ਸਾਰਾ ਦਿਨ ਖਿਲਰੀ ਪਈ ਚਾਈਨਾ ਡੋਰ ਦੁਪਹੀਆ ਚਾਲਕਾਂ ਅਤੇ ਹੋਰ ਰਾਹਗੀਰਾਂ ਲਈ ਮੁਸੀਬਤ ਬਣੀ ਰਹੀ। ਦੁਪਹੀਆ ਚਾਲਕ ਸਥਾਨਕ ਰੇਲਵੇ ਫਲਾਈਓਵਰ ’ਤੇ ਇਸ ਜਾਨਲੇਵਾ ਡੋਰ ਵਿੱਚ ਉਲਝੇ ਆਮ ਦੇਖੇ ਗਏ।
ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਚੀਨੀ ਡੋਰ ਵੇਚਣ ਅਤੇ ਇਸ ਨਾਲ ਪਤੰਗਬਾਜ਼ੀ ਕਰਨ ਵਾਲਿਆਂ ’ਤੇ ਗੈਰਜ਼ਮਾਨਤੀ ਪਰਚਾ ਦਰਜ ਕਰਨ ਦੇ ਹੁਕਮ ਜਾਰੀ ਕੀਤੇ ਗਏ ਸਨ ਪਰ ਇਹ ਅਮਲੀ ਤੌਰ ’ਤੇ ਲਾਗੂ ਹੁੰਦੇ ਨਜ਼ਰ ਨਹੀਂ ਆਏ। ਇਸ ਦੌਰਾਨ ਪਾਵਰਕੌਮ ਦੇ ਐਕਸੀਅਨ ਅਸ਼ੀਸ਼ ਸ਼ਰਮਾ ਨੇ ਦੱਸਿਆ ਕਿ ਚੀਨੀ ਡੋਰ ਪਾਵਰਕੌਮ ਲਈ ਵੀ ਵੱਡੀ ਮੁਸੀਬਤ ਬਣਦੀ ਹੈ। ਉਨ੍ਹਾਂ ਕਿਹਾ ਕਿ ਪਲਾਸਟਿਕ ਡੋਰ ਜਦੋਂ ਬਿਜਲੀ ਦੀਆਂ ਤਾਰਾਂ ਨਾਲ ਉਲਝ ਜਾਂਦੀ ਹੈ ਤਾਂ ਬਿਜਲੀ ਦੀ ਸਪਲਾਈ ਪ੍ਰਭਾਵਿਤ ਹੁੰਦੀ ਹੈ। ਇਸ ਨੂੰ ਠੀਕ ਕਰਨ ਵਿੱਚ ਕਈ-ਕਈ ਘੰਟੇ ਲੱਗ ਜਾਂਦੇ ਹਨ।
ਸੰਪਰਕ ਕਰਨ ’ਤੇ ਥਾਣਾ ਮੁਖੀ ਦਸੂਹਾ ਇੰਸਪੈਕਟਰ ਪ੍ਰਭਜੋਤ ਕੌਰ ਨੇ ਕਿਹਾ ਕਿ ਚਾਈਨਾ ਡੋਰ ਰੋਕਥਾਮ ਸਬੰਧੀ ਵੱਖ ਵੱਖ ਥਾਵਾਂ ’ਤੇ ਛਾਪੇ ਮਾਰੇ ਗਏ। ਇਸ ਸਬੰਧੀ ਕੁੱਝ ਦਿਨ ਪਹਿਲਾਂ ਤਿੰਨ ਕੇਸ ਵੀ ਦਰਜ ਕੀਤੇ ਗਏ। ਉਨ੍ਹਾਂ ਕਿਹਾ ਕਿ ਸ਼ਹਿਰ ਅੰਦਰਲੀਆਂ ਸੰਭਾਵਿਤ ਥਾਵਾਂ ਦੀ ਚੈਕਿੰਗ ਕੀਤੀ ਗਈ ਸੀ ਪਰ ਉੱਥੇ ਪਲਾਸਟਿਕ ਦੀ ਡੋਰ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਇਹ ਚਾਈਨਾ ਡੋਰ ਬਾਹਰਲੇ ਇਲਾਕਿਆਂ ਤੋਂ ਆਈ ਹੋਵੇ।
ਚਾਈਨਾ ਡੋਰ ਵੇਚਣ ਦੇ ਦੋਸ਼ ਹੇਠ ਕਾਬੂ
ਫਗਵਾੜਾ (ਜਸਬੀਰ ਚਾਨਾ): ਸਿਟੀ ਪੁਲੀਸ ਨੇ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ਼ ਕਾਰਵਾਈ ਕਰਦਿਆਂ ਅੱਜ ਇੱਕ ਵਿਅਕਤੀ ਨੂੰ ਕਾਬੂ ਕਰਕੇ ਚਾਈਨਾ ਡੋਰ ਬਰਾਮਦ ਕੀਤੀ ਹੈ। ਐੱਸਪੀ ਰੁਪਿੰਦਰ ਕੌਰ ਭੱਟੀ ਨੇ ਦੱਸਿਆ ਕਿ ਐੱਸਐੱਚਓ ਸਿਟੀ ਅਮਨਦੀਪ ਨਾਹਰ ਦੀ ਅਗਵਾਈ ਵਿੱਚ ਪੁਲੀਸ ਨੇ ਚੇਤਨ ਸ਼ਰਮਾ ਵਾਸੀ ਗੁਰੂ ਤੇਗ ਬਹਾਦਰ ਨਗਰ ਟਿੱਬੀ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ 20 ਗੱਟੂ ਚਾਈਨਾ ਡੋਰ ਦੇ ਬਰਾਮਦ ਕੀਤੇ ਹਨ। ਉਸ ਖਿਲਾਫ਼ ਬੀਐੱਨਐੱਸ ਦੀਆਂ ਧਾਰਾਵਾਂ 233, 125 ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਉਕਤ ਵਿਅਕਤੀ ਜੋ ਪਾਬੰਦੀ ਦੇ ਬਾਵਜੂਦ ਚਾਈਨਾ ਡੋਰ ਵੇਚ ਰਿਹਾ ਹੈ।