ਚਾਈਨਾ ਡੋਰ ਦੀ ਵਰਤੋਂ ਖ਼ਿਲਾਫ਼ ਜ਼ਿਲ੍ਹਾ ਪ੍ਰਸ਼ਾਸਨ ਸਖ਼ਤ
ਸਰਬਜੀਤ ਸਿੰਘ ਭੰਗੂ /ਗੁਰਨਾਮ ਅਕੀਦਾ
ਪਟਿਆਲਾ, 29 ਜਨਵਰੀ
ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੇ ਨਿਰਦੇਸ਼ਾਂ ’ਤੇ ਕਾਰਵਾਈ ਕਰਦਿਆਂ ਨਗਰ ਨਿਗਮ ਪਟਿਆਲਾ ਅਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਟੀਮ ਵੱਲੋਂ ਅੱਜ ਆਚਾਰ ਬਾਜ਼ਾਰ, ਤ੍ਰਿਪੜੀ ਬਾਜ਼ਾਰ, ਰਾਘੋਮਾਜਰਾ ਸਮੇਤ ਮੈਨ ਬਾਜ਼ਾਰ ਰਾਜਪੁਰਾ, ਭਾਦਸੋਂ, ਸਨੌਰ ਅਤੇ ਨਾਭਾ ਵਿਖੇ ਚਾਈਨਾ ਡੋਰ ਦੀ ਚੈਕਿੰਗ ਕੀਤੀ ਗਈ। ਪੀਪੀਸੀਬੀ ਦੇ ਐੱਸਡੀਓ ਮੋਹਿਤ ਸਿੰਗਲਾ ਨੇ ਦੱਸਿਆ ਕਿ ਬੋਰਡ ਵੱਲੋਂ ਨਗਰ ਨਿਗਮ ਤੇ ਐੱਸਡੀਐੱਮਜ਼ ਨਾਲ ਸਾਂਝੇ ਤੌਰ ’ਤੇ ਚਾਈਨਾ ਡੋਰ ਦਾ ਭੰਡਾਰ ਕਰਨ ਵਾਲਿਆਂ ਤੇ ਵੇਚਣ ਵਾਲਿਆਂ ਖ਼ਿਲਾਫ਼ ਮੁਹਿੰਮ ਵਿੱਢੀ ਹੋਈ ਹੈ ਅਤੇ ਚਾਈਨਾ ਡੋਰ ਦੀ ਸਪਲਾਈ, ਵੇਚਣ ਜਾਂ ਵਰਤਣ ’ਚ ਸ਼ਾਮਲ ਹੋਰ ਵਿਅਕਤੀਆਂ ਦੀ ਪਛਾਣ ਲਈ ਵੀ ਜਾਂਚ ਜਾਰੀ ਹੈ।
ਉਨ੍ਹਾਂ ਦੱਸਿਆ ਕਿ ਅੱਜ ਚੈਕਿੰਗ ਦੌਰਾਨ ਉਕਤ ਸਥਾਨਾਂ ਦੀਆਂ ਦੁਕਾਨਾਂ ਵਿੱਚੋਂ ਕਿਸੇ ਵੀ ਥਾਂ ’ਤੇ ਚਾਈਨਾ ਡੋਰ (ਗੱਟੂ) ਨਹੀਂ ਮਿਲੀ। ਟੀਮ ਨੇ ਦੁਕਾਨਦਾਰਾਂ ਅਤੇ ਸਥਾਨਕ ਵਾਸੀਆਂ ਨੂੰ ਚਾਈਨਾ ਡੋਰ ਦੀ ਵਿਕਰੀ ਅਤੇ ਵਰਤੋਂ ਨਾਲ ਹੋਣ ਵਾਲੇ ਖ਼ਤਰਨਾਕ ਪ੍ਰਭਾਵਾਂ ਬਾਰੇ ਜਾਣਕਾਰੀ ਵੀ ਦਿੱਤੀ ਅਤੇ ਇਸ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਨੂੰ ਪਤੰਗ ਉਡਾਉਣ ਲਈ ਪਾਬੰਦੀਸ਼ੁਦਾ ਚਾਈਨਾ ਡੋਰ/ ਨਾਈਲਨ/ਸਿੰਥੈਟਿਕ ਧਾਗੇ ਦੀ ਵਰਤੋਂ ਨਾ ਕਰਨ ਅਤੇ ਸਰਕਾਰ ਦੀ ਮਦਦ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਇੱਕ ਜਨਤਕ ਨੋਟਿਸ ਜਾਰੀ ਕੀਤਾ ਗਿਆ ਹੈ, ਜਿਸ ਅਨੁਸਾਰ ਜੇਕਰ ਕੋਈ ਵਿਅਕਤੀ ਚਾਈਨਾ ਡੋਰ ਦੀ ਵਰਤੋਂ ਕਰਦਾ/ਸਟੋਰ ਕਰਦਾ/ਸਪਲਾਈ ਕਰਦਾ/ਦਰਾਮਦ ਕਰਦਾ/ ਵੇਚਦਾ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਵੱਲੋਂ ਇਸ ਗਤੀਵਿਧੀ ਦੀ ਸ਼ਿਕਾਇਤ ਲਈ ਟੋਲ-ਫ਼ਰੀ ਨੰਬਰ 0175-2350550/1800-180-2810 ਵੀ ਜਾਰੀ ਕੀਤਾ ਗਿਆ ਹੈ।