ਘੱਗਰ ਦੀ ਸਫ਼ਾਈ ਨਾ ਹੋਣ ਕਾਰਨ ਰਾਣੀਆਂ ਤੇ ਏਲਨਾਬਾਦ ਦੇ ਲੋਕ ਚਿੰਤਤ
ਜਗਤਾਰ ਸਮਾਲਸਰ
ਏਲਨਾਬਾਦ, 10 ਜੂਨ
ਬਰਸਾਤ ਦਾ ਮੌਸਮ ਸ਼ੁਰੂ ਹੋਣ ਵਾਲਾ ਹੈ ਪਰ ਸਰਕਾਰ ਵੱਲੋਂ ਘੱਗਰ ਨਦੀ ਦੀ ਸਫ਼ਾਈ ਨਾ ਕਰਵਾਏ ਜਾਣ ਕਾਰਨ ਰਾਣੀਆਂ ਅਤੇ ਏਲਨਾਬਾਦ ਹਲਕੇ ਦੇ ਲੋਕ ਚਿੰਤਤ ਹਨ। ਕਿਸਾਨ ਨੇਤਾਵਾਂ ਸੁਵਰਨ ਸਿੰਘ ਵਿਰਕ, ਸਰਬਜੀਤ ਸਿੰਘ ਸਿੱਧੂ, ਹਰਜਿੰਦਰ ਸਿੰਘ ਭੰਗੂ, ਸੁਰਜੀਤ ਸਿੰਘ ਤੇ ਸੁਮਿਤ ਸਿੰਘ ਵਿਰਕ ਆਦਿ ਨੇ ਆਖਿਆ ਕਿ ਹਰ ਸਾਲ ਬਰਸਾਤੀ ਮੌਸਮ ਦੌਰਾਨ ਘੱਗਰ ਨਦੀ ਵਿੱਚ ਪਾਣੀ ਆਉਣ ਸਮੇਂ ਰਾਣੀਆਂ ਅਤੇ ਏਲਨਾਬਾਦ ਦੇ ਕਰੀਬ 50-60 ਪਿੰਡਾਂ ਤੇ ਖ਼ਤਰਾ ਮੰਡਰਾਉਂਦਾ ਹੈ। ਕੁਝ ਸਾਲ ਪਹਿਲਾਂ ਘੱਗਰ ਨੇ ਇਸ ਇਲਾਕੇ ਵਿੱਚ ਤਬਾਹੀ ਮਚਾਈ ਸੀ। ਪਿਛਲੇ ਸਾਲ ਵੀ ਘੱਗਰ ਵਿੱਚ ਜ਼ਿਆਦਾ ਪਾਣੀ ਆਉਣ ਕਾਰਨ ਇਸ ਇਲਾਕੇ ਵਿੱਚ ਹਾਲਾਤ ਕਾਫ਼ੀ ਚਿੰਤਾਜਨਕ ਬਣ ਗਏ। ਕਿਸਾਨ ਨੇਤਾਵਾਂ ਨੇ ਕਿਹਾ ਕਿ ਇਸ ਇਲਾਕੇ ਦੇ ਲੋਕ ਸਰਕਾਰ ਤੋਂ ਘੱਗਰ ਨਦੀ ਦੀ ਧਾਰ ਨੂੰ ਚੌੜਾ ਅਤੇ ਡੂੰਘਾ ਕਰਕੇ ਕਿਨਾਰਿਆਂ ਨੂੰ ਮਜ਼ਬੂਤ ਕਰਨ, ਘੱਗਰ ਦੇ ਕਿਨਾਰਿਆਂ ਤੇ ਦੋਨੋਂ ਪਾਸੇ ਓਟੂ ਹੈੱਡ ਤੋਂ ਲੈ ਕੇ ਰਾਜਸਥਾਨ ਸੀਮਾ ਤੱਕ ਸੜਕ ਬਣਾਏ ਜਾਣ, ਕਿਨਾਰਿਆਂ ਤੇ ਲਾਈਟਾਂ ਦੀ ਉਚਿੱਤ ਵਿਵਸਥਾ ਕਰਨ ਅਤੇ ਘੱਗਰ ਵਿੱਚੋਂ ਬਰਸਾਤੀ ਮਾਈਨਰ ਕੱਢੇ ਜਾਣ ਦੀ ਮੰਗ ਲੰਬੇ ਸਮੇਂ ਤੋਂ ਕਰਦੇ ਆ ਰਹੇ ਹਨ ਪਰ ਸਰਕਾਰ ਵੱਲੋਂ ਲੋਕਾਂ ਦੀ ਇਸ ਵੱਡੀ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਲੋਕਾਂ ਦੀ ਮੰਗ ਹੈ ਕਿ ਸਰਕਾਰ ਅਜੇ ਵੀ ਸਮਾਂ ਰਹਿੰਦਿਆ ਘੱਗਰ ਦੀ ਸਫ਼ਾਈ ਤੁਰੰਤ ਕਰਵਾਏ ਤਾਂ ਜੋ ਜ਼ਿਆਦਾ ਪਾਣੀ ਆਉਣ ’ਤੇ ਲੋਕਾਂ ਨੂੰ ਕਿਸੇ ਵੱਡੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।