ਘੱਗਰ ’ਚੋਂ ਨਿਕਲਣ ਵਾਲੀਆਂ ਨਹਿਰਾਂ ਵਿੱਚੋਂ ਪਾਈਪ ਲਾਈਨ ਪੁੱਟਣ ਦਾ ਮਾਮਲਾ ਭਖਿਆ
ਜਗਤਾਰ ਸਮਾਲਸਰ
ਏਲਨਾਬਾਦ, 8 ਜੂਨ
ਆਲ ਇੰਡੀਆ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਅਤੇ ਸਿਰਸਾ ਦੀ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੂੰ ਪੱਤਰ ਲਿਖ ਕੇ ਸਿਰਸਾ ਦੇ ਰਾਣੀਆ ਖੇਤਰ ਵਿੱਚ ਘੱਗਰ ਨਦੀ ਤੋਂ ਨਿਕਲਣ ਵਾਲੀਆਂ ਨਹਿਰਾਂ ਦੀਆਂ ਪਾਈਪ ਲਾਈਨ ਪੁੱਟਣ ਨਾਲ ਪੈਦਾ ਹੋਣ ਵਾਲੀ ਗੰਭੀਰ ਸਮੱਸਿਆ ਵੱਲ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਹੈ। ਸੰਸਦ ਮੈਂਬਰ ਨੇ ਕਿਹਾ ਹੈ ਕਿ ਪਾਈਪ ਹਟਾਉਣ ਦੇ ਫੈਸਲੇ ’ਤੇ ਮੁੜ ਵਿਚਾਰ ਕਰਦੇ ਹੋਏ ਕਿਸਾਨਾਂ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ ਅਤੇ ਮੌਨਸੂਨ ਤੋਂ ਪਹਿਲਾ ਘੱਗਰ ਨਦੀ ਦੇ ਬੰਨ੍ਹਾਂ ਦੀ ਮੁਰੰਮਤ ਦਾ ਕੰਮ ਤੁਰੰਤ ਸ਼ੁਰੂ ਕੀਤਾ ਜਾਵੇ। ਕੁਮਾਰੀ ਸ਼ੈਲਜਾ ਨੇ ਕਿਹਾ ਹੈ ਕਿ ਸਿਰਸਾ ਜ਼ਿਲ੍ਹੇ ਦੇ ਰਾਣੀਆ ਖੇਤਰ ਵਿੱਚ ਪਾਣੀ ਦਾ ਵਿਵਾਦ ਸ਼ੁਰੂ ਹੋ ਗਿਆ ਹੈ ਕਿਉਂਕਿ ਪ੍ਰਸ਼ਾਸਨ ਘੱਗਰ ਨਦੀ ਦੇ ਪਾਣੀ ਨੂੰ ਵੰਡਣ ਲਈ ਬਣਾਏ ਗਏ ਮੌਸਮੀ ਖਰੀਫ ਚੈਨਲਾਂ ਵਿੱਚ ਗੈਰ-ਕਾਨੂੰਨੀ ਪਾਈਪਲਾਈਨਾਂ ਅਤੇ ਪਾਣੀ ਦੇ ਕੁਨੈਕਸ਼ਨਾਂ ਵਿਰੁੱਧ ਆਪਣੀ ਕਾਰਵਾਈ ਕਰ ਰਿਹਾ ਹੈ। ਇਹ ਸੰਦੇਵਾ, ਮੰਮੜ ਅਤੇ ਰੱਤਾਖੇੜਾ ਖਰੀਫ਼ ਚੈਨਲ ਕਿਸਾਨਾਂ ਨੂੰ ਸਿੰਜਾਈ ਦਾ ਪਾਣੀ ਦੇਣ ਲਈ ਬਣਾਏ ਗਏ ਸਨ ਪਰ ਹੁਣ ਪਿਛਲੇ ਦੋ ਹਫ਼ਤਿਆਂ ਤੋਂ ਅਧਿਕਾਰੀ ਅਣਅਧਿਕਾਰਤ ਪਾਈਪਲਾਈਨਾਂ, ਮੋਟਰਾਂ ਅਤੇ ਸੋਲਰ ਕੁਨੈਕਸ਼ਨਾਂ ਨੂੰ ਹਟਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਇਸ ਸਮੱਸਿਆ ਦਾ ਅਜਿਹਾ ਸਥਾਈ ਹੱਲ ਕਰਨਾ ਚਾਹੀਦਾ ਹੈ ਜਿਸ ਨਾਲ ਇਨ੍ਹਾਂ ਮਾਈਨਰਾਂ ਦੀ ਟੇਲ ਤੇ ਪੈਂਦੇ ਪਿੰਡਾਂ ਦੇ ਕਿਸਾਨਾਂ ਤੱਕ ਵੀ ਪਾਣੀ ਪਹੁੰਚੇ ਅਤੇ ਟੇਲ ਤੋਂ ਪਹਿਲਾ ਦੇ ਪਿੰਡਾਂ ਦੇ ਕਿਸਾਨਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ। ਕੁਮਾਰੀ ਸ਼ੈਲਜਾ ਨੇ ਕਿਹਾ ਹੈ ਕਿ ਮੌਨਸੂਨ ਨੇੜੇ ਹੋਣ ਦੇ ਬਾਵਜੂਦ ਘੱਗਰ ਨਦੀ ਦੇ ਬੰਨ੍ਹਾਂ ਦੀ ਮੁਰੰਮਤ ਦਾ ਕੰਮ ਹਾਲੇ ਸ਼ੁਰੂ ਨਹੀਂ ਹੋਇਆ ਹੈ।