ਘੁੰਮਣ ਦੇ ਬਤੌਰ ਵਾਈਸ ਚਾਂਸਲਰ ਦੋ ਸਾਲ ਪੂਰੇ

ਨਿੱਜੀ ਪੱਤਰ ਪ੍ਰੇਰਕ
ਪਟਿਆਲਾ, 12 ਅਗਸਤ
ਪੰਜਾਬੀ ਯੂਨੀਵਰਸਿਟੀ ਪਟਿਆਲਾ ’ਚ ਵਾਈਸ ਚਾਂਸਲਰ ਵਜੋਂ ਡਾ. ਬੀਐੱਸਘੁੰਮਣ ਦੇ ਅੱਜ ਦੋ ਸਾਲ ਪੂਰੇ ਹੋ ਗਏ ਹਨ। ਕੈਪਟਨ ਸਰਕਾਰ ਨੇ ਉਹਨਾਂ ਨੂੰ ਤਿੰਨ ਸਾਲ ਲਈ ਨਿਯੁਕਤ ਕੀਤਾ ਸੀ। ਉਨ੍ਹਾਂ ਨੇ ਇਹ ਅਹੁਦਾ ਉਸ ਸਮੇਂ ਸੰਭਾਲਿਆ ਸੀ ਜਦੋਂ ਪੰਜਾਬੀ ਯੂਨੀਵਰਸਿਟੀ ਵੱਡੇ ਵਿੱਤੀ ਸੰਕਟ ਨਾਲ ਜੂਝ ਰਹੀ ਸੀ। ਇਸ ਖੇਤਰ ਵਿਚਲੀਆਂ ਉਨ੍ਹਾਂ ਦੀਆਂ ਅਜਿਹੀਆਂ ਲਗਾਤਾਰ ਕੋਸ਼ਿਸਾਂ ਦੀ ਬਦੌਲਤ ਪੰਜਾਬ ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਲਈ ਦੋ ਵਾਰ 50 ਕਰੋੜ ਦੀ ਵਿਸ਼ੇਸ ਗਰਾਂਟ ਮਨਜ਼ੂਰ ਕੀਤੀ ਗਈ ਸੀ ਅਤੇ ਸਾਲਾਨਾ ਗ੍ਰਾਂਟ ਵਿੱਚ ਵੀ ਛੇ ਫੀਸਦੀ ਦਾ ਇਜ਼ਾਫ਼ਾ ਕੀਤਾ ਹੈ। ਡਾ. ਘੁੰਮਣ ਦੇ ਬਤੌਰ ਵਾਈਸ ਚਾਂਸਲਰ ਪਹਿਲੇ ਦੋ ਸਾਲ ਦੀਆਂ ਉਪਲਬੱਧੀਆਂ ਤੇ ਪ੍ਰਾਪਤੀਆਂ ਸਬੰਧੀ ਯੂਨੀਵਰਸਿਟੀ ਅਥਾਰਟੀ ਵੱਲੋਂ ਅਧਿਕਾਰਤ ਤੌਰ ’ਤੇ ਜਾਰੀ ਬਿਆਨ ‘ਚ ਦੱਸਿਆ ਗਿਆ ਹੈ ਕਿ ਮਨੁੱਖੀ ਸ਼ਰੋਤ ਵਿਕਾਸ ਮੰਤਰਾਲਾ ਭਾਰਤ ਸਰਕਾਰ ਵੱਲੋਂ ‘ਰਾਸ਼ਟਰੀ ਉੱਚ ਸਿੱਖਿਆ ਅਭਿਆਨ’ (ਰੂਸਾ) ਤਹਿਤ ‘ਰਿਸਰਚ, ਇਨੋਵੇਸ਼ਨ ਅਤੇ ਕੁਆਲਿਟੀ ਇੰਪਰੂਵਮੈਂਟ’ ਕੰਪੋਨੈਂਟ ਅਧੀਨ ਵੀ ਪੰਜਾਹ ਕਰੋੜ ਰੁਪਏ ਦੀ ਵੱਡੀ ਗਰਾਂਟ ਪ੍ਰਾਪਤ ਕਰਨ ਵਿੱਚ ਵੀ ਡਾ. ਘੁੰਮਣ ਨੇ ਵੱਡੀ ਕਾਮਯਾਬੀ ਹਾਸਿਲ ਕੀਤੀ। ਸੂਬਾ ਸਰਕਾਰ ਵੱਲੋਂ ਮਹਾਰਾਣਾ ਪ੍ਰਤਾਪ ਚੇਅਰ ਅਤੇ ਅਗਰਸੈਨ ਚੇਅਰ ਲਈ ਲਈ ਸੱਤ-ਸੱਤ ਕਰੋੜ ਰੁਪਏ ਦੇਣ ਦਾ ਐਲਾਨ ਕਰਨਾ ਵੀ ਇਸ ਅਰਸੇ ਵਿੱਚ ਉਨ੍ਹਾਂ ਦੀ ਵੱਡੀ ਪ੍ਰਾਪਤੀ ਰਿਹਾ ਹੈ।