ਘੁੰਡ ਵਿੱਚ ਨਹੀਂ ਲੁਕਦੇ...
ਅਸ਼ੋਕ ਬਾਂਸਲ ਮਾਨਸਾ
ਅਣਮੁੱਲੇ ਗੀਤਕਾਰ: ਸਾਜਨ ਰਾਏਕੋਟੀ
ਜਗਰਾਓਂ ਕਚਿਹਰੀਆਂ ’ਚ ਕਰਤਾਰ ਚੰਦ ਪਾਣੀ ਦਾ ਛਿੜਕਾਅ ਕਰਨ ਦੀ ਸੇਵਾ ਨਿਭਾਉਂਦਾ ਸੀ, ਜਿੱਥੇ ਉਹ ਆਪਣੀ ਪਤਨੀ ਲਾਜਵੰਤੀ ਨਾਲ ਕਚਿਹਰੀਆਂ ’ਚ ਹੀ ਕੱਖਾਂ ਕਾਨਿਆਂ ਦੀ ਕੁੱਲੀ ਪਾ ਕੇ ਰਹਿੰਦਾ ਸੀ। 7 ਜੂਨ 1937 ਨੂੰ ਮਾਂ ਲਾਜਵੰਤੀ ਦੀ ਕੁੱਖੋਂ ਉਸ ਕੁੱਲੀ ’ਚ ਇੱਕ ਬਾਲਕ ਦਾ ਜਨਮ ਹੋਇਆ ਜਿਸ ਦਾ ਨਾਮ ਮਾਪਿਆਂ ਨੇ ‘ਹੰਸ ਰਾਜ’ ਰੱਖਿਆ। ਹੰਸ ਰਾਜ ਦੇ ਦਾਦਾ, ਅੱਘੜ ਮੱਲ ਆਪਣੇ ਬਾਕੀ ਪਰਿਵਾਰ ਨਾਲ ਰਾਏਕੋਟ ਰਹਿੰਦੇ ਸਨ। ਹੰਸ ਰਾਜ ਦਾ ਚਾਚਾ ਰਤਨ ਚੰਦ, ਬਾਲ ਹੰਸ ਨੂੰ ਰਾਏਕੋਟ ਹੀ ਲੈ ਆਇਆ। ਜਿੱਥੇ ਉਸ ਦਾ ਪਾਲਣ-ਪੋਸ਼ਣ ਹੋਇਆ।
ਸਕੂਲ ਪੜ੍ਹਦੇ ਸਮੇਂ ਸਪੀਕਰਾਂ ’ਚੋਂ ਵੱਜਦੇ ਗੀਤਾਂ ਨੇ ਹੰਸ ਰਾਜ ਨੂੰ ਆਪਣੇ ਵੱਲ ਖਿੱਚ ਲਿਆ। ਹੰਸ ਰਾਜ ਨੂੰ ਰਾਏਕੋਟ ਦੀ ਰਾਮਲੀਲਾ ਦਾ ਚਾਅ ਵੀ ਵਿਆਹ ਜਿੰਨਾ ਰਹਿੰਦਾ, ਇੰਝ ਉਹ ਰਾਮ ਲੀਲਾ ਵੱਲ ਵੀ ਆਕਰਸ਼ਿਤ ਹੋ ਗਿਆ। ਫਿਰ ਕਾਗਜ਼ ਦੀ ਹਿੱਕ ’ਤੇ ਗੀਤ ਝਰੀਟਣ ਲੱਗ ਪਿਆ। 1954 ’ਚ ਉਸ ਨੇ ਆਰਐੱਸਬੀਡੀ ਸਕੂਲ ਰਾਏਕੋਟ ਤੋਂ ਮੈਟ੍ਰਿਕ ਪਾਸ ਕਰ ਲਈ। ਹੰਸ ਰਾਜ ਨੂੰ ਉਸ ਦਾ ਇਹ ਸ਼ੌਕ ਲੁਧਿਆਣੇ ਖਿੱਚ ਕੇ ਲੈ ਗਿਆ, ਜਿੱਥੇ ਉਹ ਪ੍ਰਸਿੱਧ ਸ਼ਾਇਰ, ਸੱਤਪਾਲ ਸ਼ੌਕ ਦੇ ਚਰਨੀਂ ਜਾ ਲੱਗਾ। ਸ਼ੌਕ ਤੋਂ ਉਸ ਨੇ ਕਵਿਤਾ ਦੀਆਂ ਬਾਰੀਕੀਆਂ ਸਿੱਖੀਆਂ ਤੇ ਬਾਅਦ ’ਚ ਉਹ ਸੰਗੀਤ ਸਿੱਖਣ ਲਈ ਭੰਵਰਾ ਸਾਹਿਬ ਦੇ ਲੜ ਲੱਗ ਗਿਆ।
ਪੰਜਾਬ ਦੇ ਬਹੁਤੇ ਨਾਮਵਰ ਕਲਾਕਾਰ ਜਿਨ੍ਹਾਂ ’ਚ ਹਰਚਰਨ ਗਰੇਵਾਲ, ਗੁਰਚਰਨ ਪੋਹਲੀ, ਸੁਦੇਸ਼ ਕਪੂਰ, ਗੁਰਪਾਲ ਸਿੰਘ ਪਾਲ, ਰਜਿੰਦਰ ਰਾਜਨ, ਪ੍ਰੋਮਿਲਾ ਪੰਮੀ, ਸੁਰਿੰਦਰ ਛਿੰਦਾ, ਮਨਮੋਹਨ ਵਾਰਿਸ, ਇਹ ਸਭ ਮਸ਼ਹੂਰ ਸੰਗੀਤਕਾਰ ਉਸਤਾਦ ਜਸਵੰਤ ਭੰਵਰਾ ਦੀ ਦੇਣ ਹਨ। ਜਸਵੰਤ ਭੰਵਰਾ ਨੇ ਲੁਧਿਆਣੇ ਘੰਟਾ ਘਰ ਦੇ ਸਾਹਮਣੇ ਚੁਬਾਰੇ ਵਿੱਚ ਨੈਸ਼ਨਲ ਮਿਊਜ਼ਿਕ ਕਾਲਜ ਖੋਲ੍ਹਿਆ ਹੋਇਆ ਸੀ, ਜਿਸ ਦੇ ਹੇਠਾਂ ਰਿਕਾਰਡਾਂ ਦੀ ਮਸ਼ਹੂਰ ਦੁਕਾਨ ਖਾਲਸਾ ਟਰੇਡਿੰਗ ਕੰਪਨੀ ਹੁੰਦੀ ਸੀ ਜੋ ਕਿ ਐੱਚਐੱਮਵੀ ਕੰਪਨੀ ਦੇ ਬਹੁਤ ਵੱਡੇ ਡੀਲਰ ਸਨ। ਐੱਚਐੱਮਵੀ ਦੇ ਅਧਿਕਾਰੀ ਅਕਸਰ ਇੱਥੇ ਆਉਂਦੇ ਤੇ ਐੱਚਐੱਮਵੀ ਵਿੱਚ ਪੰਜਾਬ ਦੇ ਬਹੁਤੇ ਕਲਾਕਾਰਾਂ ਦੀ ਚੋਣ ਵੀ ਭੰਵਰਾ ਸਾਹਿਬ ਦੇ ਚੁਬਾਰੇ ਵਿੱਚ ਹੀ ਹੋਈ। ਗਾਉਣ ਦਾ ਸ਼ੌਕ ਰੱਖਣ ਵਾਲੇ ਨਵੇਂ ਮੁੰਡੇ ਕੁੜੀਆਂ ਲਈ ਭੰਵਰਾ ਸਾਹਿਬ ਦਾ ਚੁਬਾਰਾ ਮੱਕਾ ਹੀ ਸੀ।
ਭੰਵਰਾ ਸਾਹਿਬ ਕੋਲ ਇੱਕ ਲੜਕਾ ਰਮੇਸ਼ ਕੁਮਾਰ ਸਿੱਖਣ ਲਈ ਆਇਆ ਜਿਸ ਦੀ ਆਵਾਜ਼ ਉਨ੍ਹਾਂ ਨੂੰ ਬਹੁਤ ਪਸੰਦ ਆਈ। ਉਨ੍ਹਾਂ ਦਿਨਾਂ ਵਿੱਚ ਹੀ ਹੰਸ ਰਾਜ ਵੀ ਉਨ੍ਹਾਂ ਕੋਲ ਸਿੱਖਣ ਆਇਆ। ਹੰਸ ਰਾਜ ’ਚ ਗਾਉਣ ਦੇ ਨਾਲ-ਨਾਲ ਗੀਤਕਾਰੀ ਦੇ ਗੁਣ ਵੀ ਸਨ। ਰਮੇਸ਼ ਤੇ ਹੰਸ ਦੋਵੇਂ ਹੀ ਭੰਵਰਾ ਸਾਹਿਬ ਕੋਲ ਸਿੱਖਦੇ ਰਹੇ। ਉਸਤਾਦ ਜੀ ਰਮੇਸ਼ ਦੀ ਆਵਾਜ਼ ਨੂੰ ਤਰਾਸ਼ਦੇ ਰਹੇ, ਹੰਸ ਨੂੰ ਸੰਗੀਤ ਵੀ ਸਿਖਾਉਂਦੇ ਰਹੇ ਤੇ ਗੀਤ ਲਿਖਣ ਵੱਲ ਪ੍ਰੇਰਿਤ ਕਰਦੇ ਰਹੇ। ਉਸਤਾਦ ਨੇ ਰਮੇਸ਼ ਨੂੰ ਕਿਹਾ ਕਿ ਕਾਕਾ ਤੂੰ ਗਾਇਕ ਤਾਂ ਵਧੀਆ ਬਣ ਜਾਵੇਂਗਾ, ਪਰ ਆਹ ਤੇਰਾ ਨਾਮ ਰਮੇਸ਼ ਕੁਮਾਰ ਚੱਲਣਾ ਔਖਾ ਲੱਗਦਾ ਹੈ। ਉਨ੍ਹਾਂ ਨੇ ਉਹਦਾ ਨਾਮ ਰਮੇਸ਼ ਕੁਮਾਰ ਤੋਂ ਰਮੇਸ਼ ਰੰਗੀਲਾ ਰੱਖ ਦਿੱਤਾ ਤੇ ਦੂਸਰੇ ਲੜਕੇ ਹੰਸ ਰਾਜ ਨੂੰ ਕਿਹਾ ਕਿ ਗੀਤਕਾਰੀ ਵਿੱਚ ਹੰਸ ਰਾਜ ਨਾਮ ਅੱਖੜਦਾ ਐ, ਹੰਸ ਰਾਜ ਰਾਏਕੋਟ ਤੋਂ ਸੀ, ਉਸਤਾਦ ਜੀ ਨੇ ਹੰਸ ਰਾਜ ਦਾ ਨਾਮ ਬਦਲ ਕੇ ਸਾਜਨ ਰਾਏਕੋਟੀ ਰੱਖ ਦਿੱਤਾ।
ਉਸਤਾਦ ਜੀ ਤਰਜ਼ਾਂ ਬਣਾਉਂਦੇ ਤੇ ਸਿਖਾਉਂਦੇ। ਉਸਤਾਦ ਨੇ ਇੱਕ ਤਰਜ਼ ਬਣਾਈ ਜਿਸ ’ਤੇ ਰਾਏਕੋਟੀ ਨੇ ਗੀਤ ਲਿਖਿਆ ਤੇ ਉਸ ਗੀਤ ਨਾਲ ਰਮੇਸ਼ ਦੀ ਸਲੈਕਸ਼ਨ ਐੱਚਐੱਮਵੀ ’ਚ ਹੋ ਗਈ। ਸਾਜਨ ਦਾ ਗੀਤ, ਭੰਵਰਾ ਸਾਹਿਬ ਦੀ ਤਰਜ਼ ਤੇ ਰਮੇਸ਼ ਦੀ ਆਵਾਜ਼ ’ਚ ਜਦੋਂ ਇਸ ਗੀਤ ਦਾ ਰਿਕਾਰਡ ਬਣ ਕੇ ਬਾਹਰ ਆਇਆ ਤਾਂ ਪੰਜਾਬ ਦੀਆਂ ਪੌਣਾਂ ’ਚ ਰਮੇਸ਼ ਰੰਗੀਲੇ ਅਤੇ ਸਾਜਨ ਰਾਏਕੋਟੀ ਦੇ ਨਾਮ ਦੀ ਇੱਕ ਨਵੀਂ ਮਹਿਕ ਆਈ। ਸਭ ਤੋਂ ਪਹਿਲਾਂ ਇਸੇ ਗੀਤ ’ਤੇ ਹੀ ਧਿਆਨ ਮਾਰੀਏ ਜੋ ਸਾਜਨ ਰਾਏਕੋਟੀ ਨੇ ਲਿਖਿਆ, ਰਮੇਸ਼ ਰੰਗੀਲੇ ਨੇ ਗਾਇਆ ਤੇ ਉਸਤਾਦ ਭੰਵਰਾ ਨੇ ਤਰਜ਼ ਬਣਾਈ;
ਨੈਣ ਪ੍ਰੀਤੋ ਦੇ ਬਹਿਜਾ-ਬਹਿਜਾ ਕਰਦੇ
ਜਿਹੜੇ ਤੱਕ ਲੈਂਦੇ, ਨਾ ਜਿਊਂਦੇ ਨਾ ਮਰਦੇ
ਇੱਕ ਵਾਰੀ ਜਿਹੜਾ ਉਹਦੇ ਨੈਣਾਂ ਵੱਲ ਤੱਕ ਲੈਂਦਾ
ਉਤਰੇ ਨਾ ਮੁੜਕੇ ਮਸਤੀ
ਦੂਣਾਂ ਏ ਸ਼ਰਾਬ ਨਾਲੋਂ ਨਸ਼ਾ ਇਨ੍ਹਾਂ ਵਿੱਚ ਯਾਰੋ
ਫਿਰ ਵੀ ਏ ਸਸਤੀ ਦੀ ਸਸਤੀ...
ਸਾਜਨ ਰਾਏਕੋਟੀ ਸਾਹਿਬ ਦੇ ਇੱਕ ਹੋਰ ਗੀਤ ’ਤੇ ਨਜ਼ਰ ਮਾਰੀਏ ਜੋ ਜਗਮੋਹਣ ਕੌਰ ਦੀ ਆਵਾਜ਼ ਵਿੱਚ ਰਿਕਾਰਡ ਹੋਇਆ, ਪਰ ਸਟੇਜਾਂ ’ਤੇ ਪੰਜਾਬ ਦੇ ਸਾਰੇ ਹੀ ਗਾਇਕਾਂ ਨੇ ਗਾਇਆ;
ਘੁੰਡ ਵਿੱਚ ਨਹੀਂ ਲੁਕਦੇ ਸੱਜਣਾ ਨੈਣ ਕੁਆਰੇ
ਰਾਤੀਂ ਅੰਬਰਾਂ ’ਤੇ, ਜਿਵੇਂ ਟਹਿਕਦੇ ਤਾਰੇ
ਆਪਣੇ ਆਪਣੇ ਸਮੇਂ ਦੇ ਹਰ ਪੰਜਾਬੀ ਗਾਇਕ ਨੇ ‘ਸਾਜਨ ਰਾਏਕੋਟੀ’ ਦੇ ਗੀਤ ਗਾਏ। ਦੋ-ਗਾਣਾ ਗਾਇਕੀ ਦੇ ਬਾਦਸ਼ਾਹ ਮੁਹੰਮਦ ਸਦੀਕ ਨੇ ਰਾਏਕੋਟੀ ਦੇ ਕਈ ਗੀਤ ਗਾਏ ਜਿਨ੍ਹਾਂ ’ਚ;
‘ਰਾਏਕੋਟੀ’ ਮੁੰਡਾ ਜਿਹੜਾ ਰਾਂਝਣੇ ਦੇ ਹਾਣ ਦਾ
ਉਹਦੇ ਕੋਲੋਂ ਪੁੱਛ ਲਈਂ, ਉਹ ਚੰਗੀ ਤਰ੍ਹਾਂ ਜਾਣਦਾ
ਆਪੇ ਛੱਡ ਜਾਊ ਆਣ ਕੇ ਵਿਚਾਰਾ
ਉਹੋ ਘਰ ਮਿੱਤਰਾਂ ਦਾ
ਵਿਹੜਾ ਨਿੰਮ ਵਾਲਾ, ਉੱਤੇ ਨੀ ਚੁਬਾਰਾ
ਨਰਿੰਦਰ ਬੀਬਾ ਨੇ ਸਾਜਨ ਦੇ ਬਹੁਤ ਗੀਤ ਰਿਕਾਰਡ ਕਰਵਾਏ। ਉਨ੍ਹਾਂ ’ਚੋਂ ਕੁੱਝ ਗੀਤ ਤਾਂ ਅਜਿਹੇ ਨੇ ਜੋ ਲੋਕ ਗੀਤਾਂ ਦੇ ਹਾਣੀ ਹੋ ਚੁੱਕੇ ਹਨ, ਜਿਵੇਂ:
ਜਾਹ ਵੇ ਢੋਲਨਾ, ਮੈਂ ਨੀ ਬੋਲਣਾ, ਤੇਰੀ ਸਾਡੀ ਬੱਸ ਵੇ
ਰਾਤੀ ਕਿੱਥੇ ਗਿਆ ਸੀ, ਕਿੱਥੇ ਗਿਆ ਸੀ ਦੱਸ ਵੇ
ਜਦ ਪੁੱਛਿਆ ਮੈਂ ਦਿਉਰ ਨੂੰ
ਤੇਰਾ ਵੀਰ ਕਿਉਂ ਨਹੀਂ ਘਰ ਆਇਆ
ਕਹਿੰਦਾ ਭਾਬੀ ਰੋਲ ਦਿੱਤਾ ਤੂੰ ਮੇਰੀ ਮਾਂ ਦਾ ਜਾਇਆ
ਖੂਬ ਪਈ ਘੜਮੱਸ ਵੀ, ਰਾਤੀ ਕਿੱਥੇ ਗਿਆ ਸੀ...
ਸਾਜਨ ਰਾਏਕੋਟੀ ਦੇ ਬਹੁਤ ਗੀਤ ਰਿਕਾਰਡ ਹੋਏ। ਉਸ ਨੇ ਹਰ ਵਿਧਾ ’ਤੇ ਹੀ ਗੀਤ ਲਿਖੇ। ਦੋ-ਗਾਣਾ ਗਾਇਕੀ ਵਿੱਚ ਸਾਹਿਤਕ ਸਿਖਰਾਂ ਨੂੰ ਛੋਂਹਦੇ ਰਾਏਕੋਟੀ ਦੇ ਇੱਕ ਦੋ ਗਾਣੇ ਦਾ ਨਮੂਨਾ ਦੇਖੋ;
ਮੁੰਡਾ-ਤੇਰੀ ਝਾਂਜਰ ਦਾ ਛਣਕਾਟਾ
ਨੀਂ ਪਿੰਡ ਵਿੱਚ ਪੈ ਚੱਲਿਆ
ਤੇਰੀ ਗੁੱਤ ਨੂੰ ਕੀਲ ਕੇ
ਕੌਣ ਬੰਗਾਲਾ ਲੈ ਚੱਲਿਆ
ਕੁੜੀ-ਮੇਰੀ ਝਾਂਜਰ ਦਾ ਛਣਕਾਟਾ
ਵੇ ਪਿੰਡ ਵਿੱਚ ਪੈ ਚੱਲਿਆ
ਕੋਈ ਪੰਡ ਰੂਪ ਦੀ
ਕਰਮਾਂ ਵਾਲਾ ਲੈ ਚੱਲਿਆ
ਭੰਵਰਾ ਸਾਹਿਬ ਤੋਂ ਸੰਗੀਤ ਸਿੱਖ ਕੇ ਰਾਏਕੋਟੀ ਰਾਮ ਜੀ ਦਾਸ ਦੀ ਡਰਾਮਾ ਪਾਰਟੀ ਨਾਲ ਰਲ ਗਿਆ। ਕੁੱਝ ਦੇਰ ਰਾਮ ਜੀ ਦਾਸ ਨਾਲ ਕੰਮ ਕਰਕੇ ਆਪਣੇ ਸਾਥੀ ਕਮਲ ਡਾਂਸਰ ਨਾਲ ਵੱਖਰਾ ਗਰੁੱਪ ਬਣਾ ਲਿਆ। ਲੁਧਿਆਣੇ ਚੌੜੇ ਬਾਜ਼ਾਰ ’ਚ ਪੰਦਰਾ ਰੁਪਏ ਮਹੀਨੇ ’ਤੇ ਚੁਬਾਰਾ ਲੈ ਕੇ ਆਪਣੀ ਪਾਰਟੀ ਦਾ ਫੱਟਾ ਲਟਕਾ ਦਿੱਤਾ। ਇਸ ਪਾਰਟੀ ਦੀ ਪੂਰੀ ਚੜ੍ਹਤ ਹੋ ਗਈ। ਇਸ ਪਾਰਟੀ ਨਾਲ ਸਾਗਰ ਮਸਤਾਨਾ ਜੀ (ਸਰਦੂਲ ਸਿੰਕਦਰ ਦੇ ਪਿਤਾ) ਤਬਲਾ ਵਜਾਉਂਦੇ ਸਨ। ਮਸਤਾਨਾ ਜੀ ਛਟੀ ਨਾਲ ਤਬਲਾ ਵਜਾਉਂਦੇ ਸਨ। ਉਨ੍ਹਾਂ ਦੀ ਰਹਿਨੁਮਾਈ ਤੇ ਸਾਥ ਨੇ ਤਾਂ ਇਸ ਪਾਰਟੀ ਨੂੰ ਚਾਰ ਚੰਨ ਲਾ ਦਿੱਤੇ। ਪਿੰਡਾਂ ਤੇ ਸ਼ਹਿਰਾਂ ਵਿੱਚ ਰੱਜ ਕੇ ਪ੍ਰੋਗਰਾਮ ਕੀਤੇ, ਪਰ ਗੀਤਕਾਰੀ ਨਾਲੋ-ਨਾਲ ਚੱਲਦੀ ਰਹੀ। ਜਿੱਥੇ ਸਾਜਨ ਰਾਏਕੋਟੀ ਦੇ ਗੀਤ ਸੁਰਿੰਦਰ ਕੌਰ, ਨਰਿੰਦਰ ਬੀਬਾ, ਸਵਰਨਲਤਾ, ਰਜਿੰਦਰ ਰਾਜਨ, ਜਗਮੋਹਣ ਕੌਰ, ਹਰਚਰਨ ਗਰੇਵਾਲ, ਮੁਹੰਮਦ ਸਦੀਕ, ਚਾਂਦੀ ਰਾਮ, ਰਮੇਸ਼ ਰੰਗੀਲਾ ਨੇ ਗਾਏ ਉੱਥੇ ਅਜੋਕੀ ਪੀੜ੍ਹੀ ਦੇ ਗਾਇਕ ਵੀ ਰਾਏਕੋਟੀ ਦੇ ਗੀਤ ਗਾ ਕੇ ਅੱਗੇ ਵਧੇ ਜਿਵੇਂ ਸਰਦੂਲ ਸਿਕੰਦਰ ਦਾ ਗਾਇਆ ਗੀਤ ਹੈ;
ਰੀਸ ਸਾਉਣ ਵਿੱਚ ਕਰਦੇ
ਆ ਕੇ ਮੋਰ ਪੰਜਾਬਣ ਦੀ
ਸਿੱਖ ਲੈ ਕਲਹਿਰੀਆ ਮੋਰਾ
ਤੁਰਨਾ ਤੋਰ ਪੰਜਾਬਣ ਦੀ
***
ਪੈਲਾਂ ਪਾਉਂਦਾ ਮੋਰ
‘ਪਾਇਲ’ ਤੋਂ ‘ਰਾਏਕੋਟ’ ਵਿੱਚ ਆਇਆ
ਪੈਰੀਂ ਝਾਂਜਰ ਗਲ ਵਿੱਚ ਗਾਨੀ
ਪਰੀਆਂ ਦਾ ਹਮਸਾਇਆ
ਓਸੇ ਦਿਨ ਤੋਂ ‘ਸਾਜਨ’ ਦੇ ਹੱਥ ਡੋਰ ਪੰਜਾਬਣ ਦੀ
ਪਾਇਲ, ਸਾਜਨ ਦਾ ਸਹੁਰਾ ਪਿੰਡ ਹੈ। 1961 ਵਿੱਚ ਪਾਇਲ ਨਿਵਾਸੀ ਮਾਘੀ ਰਾਮ ਦੀ ਧੀ ਦਰਸ਼ਨਾ ਦੇਵੀ ਨਾਲ ਸਾਜਨ ਦਾ ਵਿਆਹ ਹੋਇਆ ਸੀ। ਸਰਦੂਲ ਸਿਕੰਦਰ ਤੋਂ ਇਲਾਵਾ ਹੰਸ ਰਾਜ ਹੰਸ ਨੇ ਵੀ ਸਾਜਨ ਦੇ ਕਈ ਗੀਤ ਗਾਏ ਜਿਵੇਂ;
ਤੇਰਾ ਮੇਰਾ ਪਿਆਰ ਕਿਤੇ ਕਾਗਜ਼ੀ ਤੇ ਨਹੀਂ
ਸਾਡੇ ਨਾਲ ਸੋਹਣਿਓ ਨਾਰਾਜ਼ਗੀ ਤੇ ਨਹੀਂ
ਤੁਰਦੇ ਹੋ ਜਦੋਂ ਅੱਗਾ ਪਿੱਛਾ ਦੇਖਕੇ
ਚੁੰਨੀ ਦੇਖਕੇ ਤੇ ਕਦੇ ਝੱਗਾ ਦੇਖਕੇ
ਇਹ ਕੋਈ ਘੱਟ ਅੰਦਾਜ਼ਗੀ ਤੇ ਨਹੀਂ
‘ਰਾਏਕੋਟੀ’ ਬਾਰੇ ਪੜਤਾਲ ਕਰ ਲਓ
ਬਾਕੀ ਗੱਲ ਜਾ ਕੇ ‘ਹੰਸ’ ਨਾਲ ਕਰ ਲਓ
ਹੋਰ ਦੱਸੋ ਕੋਈ ਇਤਰਾਜ਼ਗੀ ਤੇ ਨਹੀਂ
ਹੰਸ ਰਾਜ ਹੰਸ ਦੀ ਆਵਾਜ਼ ਵਿੱਚ ਹੀ ਰਾਏਕੋਟੀ ਦਾ ਇੱਕ ਹੋਰ ਗੀਤ ਦੇਖੋ;
ਗੱਲ ਤੇਰਿਆਂ ਮੁਕਾਇਆਂ ਮੁੱਕਣੀ ਏ
ਅਸੀਂ ਆਪਣੇ ਵੱਲੋਂ ਤਾਂ ਸਭ ਬੈਠੇ ਆਂ ਮੁਕਾਈ
ਸਾਡੀ ਜੰਝ ਜਿਹੜੇ ਦਿਨ, ਸਾਡੇ ਬਾਪੂ ਨੇ ਚੜ੍ਹਾਈ
ਜਾ ਕੇ ਤੇਰੇ ਹੀ ਬੂਹੇ ਤੇ ਢੁੱਕਣੀ ਏ...
ਬਾਲ ਕਲਾਕਾਰ ਵਜੋਂ ਸ਼ੁਹਰਤ ਖੱਟ ਚੁੱਕੇ ਸੁਰੀਲੇ ਕਲਾਕਾਰ ‘ਮਾਸਟਰ ਸਲੀਮ’ ਦੀ ਪਲੇਠੀ ਐਲਬਮ ’ਚ ਸਾਜਨ ਰਾਏਕੋਟੀ ਦਾ ਗੀਤ ਪੰਜਾਬੀ ਸੱਭਿਆਚਾਰ ਦੀ ਤਸਵੀਰ ਹੈ, ਵਿਆਹੀ ਲੜਕੀ ਦੇ ਜਜ਼ਬਾਤਾਂ ਦੀ ਤਰਜਮਾਨੀ ਹੈ, ਮਾਪਿਆਂ ਵੱਲੋਂ ਧੀ ਨੂੰ ਦਿੱਤੇ ਸੰਸਕਾਰਾਂ ਦਾ ਦਸਤਾਵੇਜ਼ ਹੈ ਇਹ ਗੀਤ;
ਐਵੇਂ ਨਾ ਲੜਿਆ ਕਰ ਢੋਲਾ
ਤੇਰੀ ਸਿਹਰਿਆਂ ਨਾਲ ਵਿਆਹੀ ਹੋਈ ਆਂ
ਕਦੇ ਸਾਡੀ ਵੀ ਗੱਲ ਤੂੰ ਸੁਣ ਸੱਜਣਾ
ਵੇ ਮੈਂ ਵਾਜਿਆਂ ਦੇ ਨਾਲ ਆਈ ਹੋਈ ਆਂ...
ਗੀਤਕਾਰੀ ਵਿੱਚ ਪੰਜਾਬ ਦਾ ਪ੍ਰਸਿੱਧ ਗਾਇਕ ਤੇ ਗੀਤਕਾਰ ‘ਚਾਂਦੀ ਰਾਮ ਚਾਂਦੀ’ ਸਾਜਨ ਰਾਏਕੋਟੀ ਦਾ ਹੀ ਸ਼ਾਗਿਰਦ ਸੀ। ਗੀਤਕਾਰੀ ਵਿੱਚ ਇੱਕ ਵੱਖਰਾ ਮੁਕਾਮ ਹਾਸਿਲ ਕਰ ਚੁੱਕਾ ‘ਜਸਵੰਤ ਸੰਦੀਲਾ’ ਵੀ ਸਾਜਨ ਰਾਏਕੋਟੀ ਦਾ ਹੀ ਸ਼ਾਗਿਰਦ ਹੈ। ਪੰਜਾਬੀ ਦਾ ਇੱਕ ਹੋਰ ਚਰਚਿਤ ਗੀਤਕਾਰ ਤੇ ਗਾਇਕ ਹਾਕਮ ਬਖਤੜੀ ਵਾਲਾ ਵੀ ਸਾਜਨ ਸਾਹਿਬ ਦੀ ਛਾਂਵੇਂ ਉਸਰਿਆ। ਸਾਜਨ ਰਾਏਕੋਟੀ ਦੇ ਸ਼ਾਗਿਰਦਾਂ ਵਿੱਚ ਗੀਤਕਾਰੀ ਤੇ ਗਾਇਕੀ ਦੇ ਦੋਵੇਂ ਗੁਣ ਹਨ। 23 ਜੁਲਾਈ 2003 ਨੂੰ ਪੰਜਾਬੀ ਗੀਤਾਂ ਦਾ ਸ਼ਹਿਨਸ਼ਾਹ ‘ਸਾਜਨ ਰਾਏਕੋਟੀ’ ਇਸ ਜਹਾਨ ਤੋਂ ਰੁਖ਼ਸਤ ਹੋ ਗਿਆ, ਪਰ ਉਸ ਦੇ ਗੀਤ ਹਮੇਸ਼ਾਂ ਪੰਜਾਬੀਆਂ ਦੇ ਦਿਲਾਂ ਵਿੱਚ ਧੜਕਣ ਬਣ ਕੇ ਧੜਕਦੇ ਰਹਿਣਗੇ।
ਸੰਪਰਕ: 98151-30226