ਜੋਗਿੰਦਰ ਕੌਰ ਅਗਨੀਹੋਤਰੀਸਮਾਜ ਦੀਆਂ ਰਵਾਇਤਾਂ ਹੀ ਉਸ ਦੀ ਪਛਾਣ ਹਨ। ਮਨੁੱਖ ਨੇ ਆਪਣੇ ਅਨੁਸਾਰ ਹੀ ਰਵਾਇਤਾਂ ਚਲਾਈਆਂ। ਮਨੁੱਖ ਤੋਂ ਭਾਵ ਮਰਦ ਨਹੀਂ ਬਲਕਿ ਮਰਦ ਅਤੇ ਔਰਤ ਦੇ ਆਪਸੀ ਮੇਲ ਨੇ ਹੀ ਕੁਝ ਨਿਯਮ ਬਣਾਏ ਜੋ ਬਾਅਦ ਵਿੱਚ ਰਵਾਇਤਾਂ ਬਣ ਗਈਆਂ। ਜਿਉਂ ਜਿਉਂ ਮਨੁੱਖ ਨੂੰ ਸੋਝੀ ਆਉਂਦੀ ਗਈ ਤਿਉਂ ਤਿਉਂ ਉਸ ਨੇ ਸਮਾਜ ਵਿੱਚ ਵਿਚਰਨ ਦੇ ਨਵੇਂ ਢੰਗ ਤਰੀਕੇ ਅਪਣਾਏ।ਸਭ ਤੋਂ ਪਹਿਲਾਂ ਤਾਂ ਰਲ ਮਿਲ ਕੇ ਰਹਿਣ ਦਾ ਕਾਰਜ ਆਰੰਭਿਆ ਅਤੇ ਫਿਰ ਉਸ ਤੋਂ ਬਾਅਦ ਇੱਕ ਸੁਚੱਜੇ ਤਰੀਕੇ ਨਾਲ ਆਦਮੀ ਤੇ ਔਰਤ ਨੂੰ ਇਕੱਠੇ ਰਹਿਣ ਵਾਸਤੇ ਵਿਆਹ ਵਰਗੀ ਰਵਾਇਤ ਸ਼ੁਰੂ ਕੀਤੀ ਜਿਸ ਨਾਲ ਦੋ ਵਿਅਕਤੀਆਂ ਨੂੰ ਆਪਣਾ ਨਿੱਜੀ ਜੀਵਨ ਜਿਊਣ ਦੀ ਕੁਝ ਖੁੱਲ੍ਹ ਦਿੱਤੀ ਗਈ। ਇਸੇ ਤਰ੍ਹਾਂ ਹੀ ਔਰਤ ਨੂੰ ਦੂਸਰੇ ਮਰਦਾਂ ਦੇ ਸਾਹਮਣੇ ਹੋਣ ਤੋਂ ਪਰਦਾ ਪ੍ਰਥਾ ਵੀ ਬਣਾਈ। ਅਜਿਹੀ ਪ੍ਰਥਾ ਨੂੰ ਨਿਭਾਉਣ ਲਈ ਘੁੰਡ ਕੱਢਣ ਦੀ ਰੀਤ ਚੱਲ ਪਈ। ਘੁੰਡ ਕੱਢਣ ਦੀ ਰੀਤ ਦਾ ਮਤਲਬ ਆਪਣੇ ਤੋਂ ਵੱਡਿਆਂ ਤੋਂ ਸ਼ਰਮਾਉਣਾ ਸੀ। ਸਮਾਜ ਵਿੱਚ ਇਹ ਰੀਤ ਅਜੇ ਤੱਕ ਪ੍ਰਚੱਲਿਤ ਹੈ। ਇਸ ਪਿੱਛੇ ਇੱਕ ਕਾਰਨ ਇਹ ਵੀ ਹੈ ਕਿ ਘਰ ਦੀ ਧੀ ਅਤੇ ਨੂੰਹ ਦੀ ਪਛਾਣ ਘੁੰਡ ਹੀ ਹੈ। ਨੂੰਹ ਭਾਵ ਵਹੁਟੀ ਪਰਿਵਾਰ ਦੇ ਵੱਡੇ ਜੀਆਂ ਤੋਂ ਜੋ ਉਸ ਦੇ ਸਤਿਕਾਰ ਯੋਗ ਹਨ ਤੋਂ ਪੱਲਾ ਕਰਦੀ ਹੈ। ਇਸ ਤਰ੍ਹਾਂ ਸਹੁਰੇ ਜਾਂ ਉਸ ਦੇ ਬਰਾਬਰ ਦੇ ਭਰਾ ਭਾਵ ਪਤਿਔਹਰੇ ਤੋਂ ਘੁੰਡ ਕੱਢਿਆ ਜਾਂਦਾ ਹੈ। ਇਸ ਤੋਂ ਬਾਅਦ ਪਤੀ ਦੇ ਵੱਡੇ ਭਰਾਵਾਂ ਤੋਂ ਵੀ ਘੁੰਡ ਕੱਢਿਆ ਜਾਂਦਾ ਹੈ। ਆਪਣੇ ਸ਼ਰੀਕੇ ਵਿੱਚ ਹੀ ਨਹੀਂ ਬਲਕਿ ਪਿੰਡ ਦੇ ਹੋਰ ਲੋਕਾਂ ਤੋਂ ਵੀ ਔਰਤ ਘੁੰਡ ਕੱਢਦੀ ਹੈ।ਘੁੰਡ ਕੱਢਣਾ ਸ਼ਰਮ ਦਾ ਪ੍ਰਤੀਕ ਸੀ, ਪਰ ਔਰਤਾਂ ਨੂੰ ਘੁੰਡ ਕੱਢਣਾ ਇੱਕ ਬੋਝ ਲੱਗਣ ਲੱਗਾ ਕਿਉਂਕਿ ਇਸ ਨਾਲ ਉਨ੍ਹਾਂ ਨੂੰ ਕੰਮ ਕਰਨ ਵਿੱਚ ਦਿੱਕਤ ਆਉਣ ਲੱਗੀ। ਜ਼ਰੂਰੀ ਕੰਮ ਕਰਦਿਆਂ ਕਈ ਵਾਰ ਕਿਸੇ ਵੱਡੇ ਬੰਦੇ ਦੇ ਆਉਣ ’ਤੇ ਉਨ੍ਹਾਂ ਨੂੰ ਫਟਾਫਟ ਘੁੰਡ ਕੱਢਣਾ ਪੈਂਦਾ ਜਿਸ ਕਰਕੇ ਉਨ੍ਹਾਂ ਨੂੰ ਮਨ ਹੀ ਮਨ ਗੁੱਸਾ ਆਉਂਦਾ। ਅਜਿਹੇ ਗੁੱਸੇ ਦਾ ਪ੍ਰਗਟਾਵਾ ਲੋਕ ਗੀਤਾਂ ਵਿੱਚ ਇੰਜ ਕੀਤਾ ਜਾਂਦਾ ਹੈ;ਕੋਰੀ ਕੋਰੀ ਕੂੰਡੀ ਵਿੱਚ ਮਿਰਚਾਂ ਮੈਂ ਰਗੜਾਸਹੁਰੇ ਦੀ ਅੱਖ ਵਿੱਚ ਪਾ ਦਿੰਨੀ ਆਂਨੀਂ ਘੁੰਡ ਕੱਢਣੇ ਦੀ ਅਲਖ ਮੁਕਾ ਦਿੰਨੀ ਆਂ।ਜਾਂ ਫਿਰ ਅਜਿਹਾ ਗੀਤ ਜੇਠ ਨਾਲ ਵੀ ਜੋੜਿਆ ਜਾਂਦਾ ਕਿਉਂਕਿ ਵੱਡਾ ਹੋਣ ਕਾਰਨ ਉਸ ਤੋਂ ਵੀ ਘੁੰਡ ਕੱਢਣਾ ਪੈਂਦਾ। ਸੱਜ ਵਿਆਹੀਆਂ ਮੁਟਿਆਰਾਂ ਜਦੋਂ ਸਹੁਰੀ ਜਾਂਦੀਆਂ ਤਾਂ ਉਨ੍ਹਾਂ ਦੀ ਚਾਲ ਦੂਜੀਆਂ ਤੋਂ ਵੱਖਰੀ ਹੁੰਦੀ ਸੀ ਕਿਉਂਕਿ ਉਨ੍ਹਾਂ ਨੂੰ ਹੌਲੀ ਹੌਲੀ ਤੁਰਨਾ ਪੈਂਦਾ ਸੀ। ਇੱਕ ਘੁੰਡ ਕੱਢਣਾ ਤੇ ਦੂਜਾ ਹੌਲੀ ਹੌਲੀ ਤੁਰਨਾ ਉਨ੍ਹਾਂ ਨੂੰ ਔਖਾ ਲੱਗਦਾ ਸੀ। ਇਸ ਤਰ੍ਹਾਂ ਦੀ ਸਥਿਤੀ ਵਿੱਚ ਉਹ ਆਪਣੇ ਵਿਚਾਰ ਲੋਕ ਗੀਤਾਂ ਰਾਹੀਂ ਇੰਝ ਪ੍ਰਗਟ ਕਰਦੀਆਂ;ਸਹੁਰੀਂ ਜਾ ਕੇ ਦੋ ਦੋ ਪਿੱਟਣੇਘੁੰਡ ਕੱਢਣਾ ਮੜਕ ਨਾਲ ਤੁਰਨਾ।ਸ਼ਰਮ/ਹਯਾ ਦਾ ਪ੍ਰਤੀਕ ਘੁੰਡ ਔਰਤ ਦਾ ਗਹਿਣਾ ਮੰਨਿਆ ਜਾਂਦਾ ਸੀ। ਸੱਜ ਵਿਆਹੀਆਂ ਔਰਤਾਂ ਅਤੇ ਬਜ਼ੁਰਗ ਔਰਤਾਂ ਵੀ ਦਰਵਾਜ਼ੇ ਜਾਂ ਸੱਥ ਵਿੱਚੋਂ ਲੰਘਣ ਵੇਲੇ ਘੱਗਰਾ ਵੀ ਪਾਉਂਦੀਆਂ ਸਨ ਅਤੇ ਘੁੰਡ ਵੀ ਕੱਢਦੀਆਂ ਸਨ। ਇਹ ਘੁੰਡ ਅਤੇ ਘੱਗਰਾ ਸਾਡੇ ਸੱਭਿਆਚਾਰ ਦੀ ਬਹੁਤ ਹੀ ਪੁਰਾਣੀ ਨਿਸ਼ਾਨੀ ਹੈ ਜਿਸ ਨੂੰ ਔਰਤਾਂ ਨੇ ਨਿਭਾਇਆ ਹੈ। ਔਰਤਾਂ ਪੂਰੇ ਕੱਪੜੇ ਪਾ ਕੇ ਖੇਤਾਂ ਵਿੱਚ ਰੋਟੀ ਵੀ ਲੈ ਕੇ ਜਾਂਦੀਆਂ ਸਨ ਅਤੇ ਖੂਹ ਤੋਂ ਪਾਣੀ ਵੀ ਭਰਦੀਆਂ ਸਨ। ਇਸ ਤੋਂ ਇਲਾਵਾ ਦੂਜੇ ਪਿੰਡ ਜਾਣ ਵੇਲੇ ਵੀ ਘੱਗਰਾ ਪਹਿਨਦੀਆਂ ਸਨ। ਕਿਸੇ ਮਰਗਤ ’ਤੇ ਜਾਣ ਵੇਲੇ ਮਤਲਬ ਮਕਾਨ ਜਾਣ ਵੇਲੇ ਵੀ ਔਰਤਾਂ ਚਿੱਟੇ ਘੱਗਰੇ ਪਾ ਕੇ ਜਾਂਦੀਆਂ ਸਨ। ਵਿਆਹ ਵੇਲੇ ਲਾੜੀ ਨੂੰ ਦਾਜ ਵਿੱਚ ਕਈ ਕਈ ਘੱਗਰੇ ਦਿੱਤੇ ਜਾਂਦੇ ਸਨ। ਸੱਟੜ ਤੇ ਸੂਫ਼ ਦੇ ਘੱਗਰੇ ਬੜੇ ਸ਼ੌਕ ਨਾਲ ਦਰਜੀ ਘਰ ਵਿੱਚ ਬੈਠ ਕੇ ਤਿਆਰ ਕਰਦੇ ਸਨ। ਇਨ੍ਹਾਂ ਘੱਗਰਿਆਂ ਨੂੰ ਬਣਾਉਣ ਵੇਲੇ ਇਨ੍ਹਾਂ ’ਤੇ ਕੀਮਤੀ ਪੱਟੀਆਂ ਜਿਨ੍ਹਾਂ ਵਿੱਚ ਚਾਂਦੀ ਦੀਆਂ ਤਾਰਾਂ ਹੁੰਦੀਆਂ ਸਨ, ਉਹ ਲਾਈਆਂ ਜਾਂਦੀਆਂ ਸਨ। ਇਨ੍ਹਾਂ ਪੱਟੀਆਂ ਨੂੰ ਕਤੂਨ ਕਿਹਾ ਜਾਂਦਾ ਹੈ। ਘੱਗਰਾ ਪਾ ਕੇ ਤੁਰਦੀ ਔਰਤ ਦੀ ਚਾਲ ਬਹੁਤ ਵਧੀਆ ਹੁੰਦੀ ਸੀ, ਜਿਸ ਨੂੰ ਦੇਖ ਕੇ ਅਗਲਾ ਘੁੰਡ ਵਾਲੀ ਦਾ ਮੂੰਹ ਦੇਖਣ ਵਾਸਤੇ ਉਤਾਵਲਾ ਹੋ ਜਾਂਦਾ ਕਿਉਂਕਿ ਘੱਗਰਾ ਪਾਇਆ ਹੋਣ ਕਰਕੇ ਘੁੰਡ ਵੀ ਕੱਢਿਆ ਹੁੰਦਾ ਸੀ, ਸੋ ਕਈ ਵਾਰ ਮਨਚਲੇ ਗੱਭਰੂ ਇਹ ਦੇਖ ਕੇ ਆਪ ਮੁਹਾਰੇ ਮੂੰਹੋਂ ਫੁੱਟ ਪੈਂਦੇ;ਕਾਲਾ ਘੱਗਰਾ ਸੂਫ਼ ਦਾਧਰਤੀ ਸੰਭਰਦਾ ਜਾਏ ਨੀਂ।ਖ਼ੂਬਸੂਰਤ ਮੁਟਿਆਰਾਂ ਨੂੰ ਖ਼ੁਦ ਨੂੰ ਘੁੰਡ ਵਿੱਚ ਕੈਦ ਕਰਨਾ ਬਹੁਤ ਬੁਰਾ ਲੱਗਦਾ। ਕਈ ਵਾਰ ਅਜਿਹੀ ਸੁੰਦਰਤਾ ਨੂੰ ਜ਼ਾਹਰ ਕਰਨ ਲਈ ਇਹ ਵੀ ਕਿਹਾ ਜਾਂਦਾ;ਘੁੰਡ ਵਿੱਚ ਨਹੀਂ ਲੁਕਣੇਸੱਜਣਾ ਨੈਣ ਕੁਆਰੇ।ਇਸ ਤਰ੍ਹਾਂ ਜਦੋਂ ਮੁਟਿਆਰਾਂ ਇਕੱਠੀਆਂ ਹੋ ਕੇ ਖੂਹਾਂ ਜਾਂ ਟੋਭਿਆਂ ਤੋਂ ਪਾਣੀ ਭਰਦੀਆਂ ਤਾਂ ਉਨ੍ਹਾਂ ਦਾ ਸੂਰਜ ਦੀ ਲਾਲੀ ਵਰਗਾ ਹੁਸਨ ਦੇਖ ਕੇ ਇੰਜ ਕਿਹਾ ਜਾਂਦਾ;ਘੁੰਡ ਕੱਢ ਲੈ ਪੱਤਣ ’ਤੇ ਖੜ੍ਹੀਏਨੀਂ ਪਾਣੀਆਂ ਨੂੰ ਅੱਗ ਲੱਗ ਜੂ।ਘੁੰਡ ਕੱਢਣ ਵਾਲੀ ਔਰਤ ਭਾਵੇਂ ਸੋਹਣੀ ਨਾ ਵੀ ਹੋਵੇ, ਪਰ ਦੂਜਿਆਂ ਲਈ ਇਹ ਵਿਸ਼ੇਸ਼ ਬਣ ਜਾਂਦੀ ਹੈ। ਮਨੁੱਖ ਆਪਣੇ ਸੁਭਾਅ ਅਨੁਸਾਰ ਲੁਕੀ ਹੋਈ ਚੀਜ਼ ਨੂੰ ਦੇਖਣ ਲਈ ਉਤਾਵਲਾ ਹੋ ਜਾਂਦਾ ਹੈ। ਆਮ ਵਿਅਕਤੀਆਂ ਤੋਂ ਇਲਾਵਾ ਸਾਧੂ/ਜੋਗੀ ਵੀ ਘੁੰਡ ਵਾਲੀ ਨੂੰ ਦੇਖਣਾ ਚਾਹੁੰਦੇ ਹਨ। ਰਾਂਝੇ ਵਰਗੇ ਜੋਗੀਆਂ ਦੀ ਸਮਾਜ ਵਿੱਚ ਕਮੀ ਨਹੀਂ ਤਾਂ ਹੀ ਤਾਂ ਇਹ ਕਿਹਾ ਜਾਂਦਾ ਹੈ;ਘੁੰਡ ਕੱਢ ਕੇ ਖ਼ੈਰ ਨਾ ਪਾਈਏਨੀਂ ਸਾਧੂ ਹੁੰਦੇ ਰੱਬ ਵਰਗੇ।ਜਦੋਂ ਕੋਈ ਮੁਟਿਆਰ ਵਿਆਹੀ ਆਉਂਦੀ ਤਾਂ ਉਸ ਨੂੰ ਡੋਲੀ ਵਿੱਚੋਂ ਉਤਾਰਨ ਤੋਂ ਬਾਅਦ ਸੱਸ ਖੰਡ-ਘਿਓ ਨਾਲ ਉਸ ਦਾ ਮੂੰਹ ਜੁਠਾਲਦੀ ਜਿਸਨੂੰ ਪਿਆਲਾ ਵੀ ਕਿਹਾ ਜਾਂਦਾ ਹੈ ਅਤੇ ਉਸ ਤੋਂ ਬਾਅਦ ਸ਼ਗਨ ਦਿੰਦੀ। ਉਸ ਸਮੇਂ ਵਿਆਹੁਤਾ ਨੰਗੇ ਮੂੰਹ ਨਹੀਂ ਬੈਠਦੀ ਸੀ। ਸ਼ਰੀਕੇ ਕਬੀਲੇ ਦੀਆਂ ਔਰਤਾਂ ਘੁੰਡ ਚੁਕਾ ਕੇ ਸ਼ਗਨ ਦਿੰਦੀਆਂ ਸਨ। ਜਦੋਂ ਵਿਆਹੁਤਾ ਘੁੰਡ ਚੁੱਕਦੀ ਤਾਂ ਉਹ ਆਪਣੀਆਂ ਅੱਖਾਂ ਬੰਦ ਕਰ ਲੈਂਦੀ। ਕਈ ਵਾਰ ਜੇਠ ਵੀ ਜਨਾਨਾ ਕੱਪੜੇ ਪਾ ਕੇ ਮੂੰਹ ਦੇਖਣ ਲਈ ਆ ਜਾਂਦੇ, ਪ੍ਰੰਤੂ ਕੋਲ ਬੈਠੀ ਵਿਚੋਲਣ ਜਾਂ ਕੋਈ ਜ਼ਿੰਮੇਵਾਰ ਔਰਤ ਉਸ ਦਾ ਹੱਥ ਦੱਬ ਕੇ ਸਮਝਾ ਦਿੰਦੀ ਕਿ ਘੁੰਡ ਨਹੀਂ ਚੁੱਕਣਾ। ਅਜਿਹੇ ਸਮੇਂ ਨੂੰ ਲੋਕ ਗੀਤਾਂ ਵਿੱਚ ਇੰਜ ਦਰਸਾਇਆ ਗਿਆ ਹੈ;ਨੀਂ ਘੁੰਡ ਚੱਕ ਦੇ ਭਾਬੀਪੰਜਾ ਦਾ ਫੜ ਲੈ ਨੋਟ।ਸਮਾਜ ਵਿੱਚ ਬਦਲਾਅ ਆ ਗਿਆ ਹੈ। ਸਮੇਂ ਦਾ ਸੁਭਾਅ ਹੈ ਬਦਲਣਾ ਅਤੇ ਸਮਾਜ ਵੀ ਸਮੇਂ ਅਨੁਸਾਰ ਹੀ ਬਦਲਦਾ ਹੈ। ਘੜੀ ਦੀਆਂ ਸੂਈਆਂ ਦੇ ਚੱਲਣ ਨਾਲ ਸਮਾਜ ਨਹੀਂ ਬਦਲਦਾ ਬਲਕਿ ਨਵੀਂ ਪੀੜ੍ਹੀ ਦੇ ਵਿਚਾਰ ਹੀ ਨਵੀਆਂ ਰੀਤਾਂ ਚਲਾਉਂਦੇ ਹਨ। ਪਹਿਲਾਂ ਨਾਲੋਂ ਸਮਾਜ ਬਹੁਤ ਬਦਲ ਗਿਆ ਹੈ। ਖਾਣਾ-ਪੀਣਾ, ਪਹਿਨਣਾ, ਬੋਲਣਾ ਆਦਿ ਵਿੱਚ ਬਹੁਤ ਤਬਦੀਲੀ ਆਈ ਹੈ ਤਾਂ ਹੀ ਕਿਹਾ ਜਾਂਦਾ ਹੈ;ਘੱਗਰੇ ਵੀ ਗਏ ਫੁਲਕਾਰੀਆਂ ਵੀ ਗਈਆਂਘੁੰਡ ਵੀ ਗਏ ਤੇ ਘੁੰਡ ਵਾਲੀਆਂ ਵੀ ਗਈਆਂ।ਤਬਦੀਲੀ ਤਾਂ ਬਹੁਤ ਜ਼ਿਆਦਾ ਆ ਗਈ ਹੈ, ਪਰ ਪੂਰੇ ਸਮਾਜ ’ਤੇ ਇਸ ਦਾ ਅਸਰ ਨਹੀਂ ਹੋਇਆ ਕਿਉਂਕਿ ਅਜੇ ਵੀ ਘੁੰਡ ਵਾਲੀਆਂ ਕਾਇਮ ਹਨ ਜੋ ਪੁਰਾਤਨ ਸੱਭਿਆਚਾਰ ਦੀ ਟਾਵੀਂ ਟਾਵੀਂ ਇੱਟ ਹਨ।ਸੰਪਰਕ: 94178-40323