ਘੁਰਕਣੀ ਤੋਂ ਲਾਪਤਾ ਬੱਚੇ ਦੀ ਲਾਸ਼ ਮਿਲਣ ਮਗਰੋਂ ਸਹਿਮ

ਬਲਜੀਤ ਸਿੰਘ
ਸਰਦੂਲਗੜ੍ਹ, 8 ਅਕਤੂਬਰ
ਸਰਦੂਲਗੜ੍ਹ ਦੇ ਪਿੰਡ ਘੁਰਕਣੀ ਤੋਂ ਦਸ ਸਾਲ ਦਾ ਬੱਚਾ ਗੁਰਮੀਤ ਸਿੰਘ ਪੁੱਤਰ ਸਰਬਜੀਤ ਸਿੰਘ ਜੋ 6 ਅਕਤੂਬਰ ਨੂੰ ਘਰੋਂ ਲਾਪਤਾ ਹੋ ਗਿਆ ਸੀ, ਦੀ ਲਾਸ਼ ਪਿੰਡ ਘੁਰਕਣੀ ਦੇ ਖੇਤਾਂ ਵਿੱਚੋਂ ਇੱਕ ਖਾਲੀ ਪਏ ਖੂਹ ਦੇ ਵਿੱਚੋਂ ਪੁਲੀਸ ਨੇ ਬਰਾਮਦ ਕੀਤੀ ਸੀ।
ਝੁਨੀਰ ਪੁਲੀਸ ਵੱਲੋਂ ਬੱਚੇ ਦੇ ਕਾਤਲ ਦਾ ਮਾਮਲਾ ਸੁਲਝਾਉਂਦੇ ਹੋਏ ਬੱਚੇ ਦੇ ਘਰ ਦੇ ਗੁਆਂਢੀ ਦੇ ਖਿਲਾਫ ਬੱਚੇ ਦੇ ਕਤਲ ਦਾ ਮਾਮਲਾ ਦਰਜ ਕਰ ਦਿੱਤਾ ਹੈ ਪਰ ਇਸ ਘਿਨਾਉਣੀ ਘਟਨਾ ਨੂੰ ਦੇਖਦੇ ਹੋਏ ਪਿੰਡ ਜਟਾਣਾ ਕਲਾਂ ਦੇ ਹਰਜਿੰਦਰ ਸਿੰਘ ਦੀ ਜਾਨ ਕੁੜਿੱਕੀ ਵਿੱਚ ਆ ਗਈ ਹੈ ਜਿਸ ਦਾ ਲੜਕਾ ਨਵਜੋਤ ਸਿੰਘ ਵੀ 6 ਅਕਤੂਬਰ ਤੋਂ ਲਾਪਤਾ ਹੈ। ਹਰਜਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਪੁੱਤਰ ਨਵਜੋਤ ਸਿੰਘ ਸਰਕਾਰੀ ਸਕੂਲ ਕੁਸਲਾ ਵਿਖੇ ਨੌਵੀਂ ਕਲਾਸ ਵਿਚ ਪੜ੍ਹਦਾ ਸੀ। ਛੇ ਅਕਤੂਬਰ ਨੂੰ ਪਿੰਡ ਜਟਾਣਾ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੀ ਯਾਦ ਵਿੱਚ ਇੱਕ ਮੇਲਾ ਕਰਵਾਇਆ ਗਿਆ ਸੀ। ਨਵਜੋਤ ਸਿੰਘ ਪਿੰਡ ਵਿਚ ਮੇਲਾ ਵੇਖਣ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ। ਉਨ੍ਹਾਂ ਇਸ ਦੀ ਦਰਖਾਸਤ ਥਾਣਾ ਸਰਦੂਲਗੜ੍ਹ ਵਿਖੇ ਕਰ ਦਿੱਤੀ ਸੀ ਪਰ ਅਜੇ ਤੱਕ ਬੱਚੇ ਦਾ ਕੋਈ ਉੱਘ ਸੁੱਘ ਨਾ ਮਿਲਣ ਕਰ ਕੇ ਪੂਰਾ ਪਰਿਵਾਰ ਅਤੇ ਪਿੰਡ ਸਹਿਮ ਵਿੱਚ ਹੈ।ਇਸ ਸਬੰਧੀ ਥਾਣਾ ਸਰਦੂਲਗੜ੍ਹ ਦੇ ਮੁਖੀ ਸੰਦੀਪ ਸਿੰਘ ਭਾਟੀ ਦਾ ਕਹਿਣਾ ਹੈ ਕਿ ਪੁਲੀਸ ਵੱਲੋਂ ਤਿੰਨ ਟੀਮਾਂ ਦਾ ਗਠਨ ਕਰਕੇ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ।

Tags :