ਦਲਬੀਰ ਸੱਖੋਵਾਲੀਆਬਟਾਲਾ, 11 ਅਪਰੈਲਪਿੰਡ ਛੈਲੋਵਾਲ ਦੀ ਮਿੱਟੀ ਨਾਲ ਮੋਹ ਰੱਖਦੇ ਅਤੇ ਅਮਰੀਕਾ ਵਿੱਚ ਵੱਡੇ ਕਾਰੋਬਾਰੀ ਅਮਰਬੀਰ ਸਿੰਘ ਘੁਮਾਣ ਤੇ ਹਰਸ਼ਰਨ ਸਿੰਘ ਘੁਮਾਣ ਵੱਲੋਂ ਅੱਜ ਆਪਣੇ ਪਿੰਡ ਤੋਂ ਪੈਨਸ਼ਨ ਭਲਾਈ ਸਕੀਮ ਦਾ ਆਗਾਜ਼ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਉਹ ਆਪਣੇ ਪਿਤਾ ਮਾਸਟਰ ਹਰਭਜਨ ਸਿੰਘ ਅਤੇ ਮਾਤਾ ਮਨਜੀਤ ਕੌਰ ਦੀ ਸਦੀਵੀਂ ਯਾਦ ਵਿੱਚ ਇਲਾਕੇ ’ਚ ਅੱਖਰ ਗਿਆਨ ਲਈ ਜਿੱਥੇ ਲੋੜਵੰਦ ਪਰਿਵਾਰਾਂ ਦੇ ਧੀਆਂ ਪੁੱਤਰਾਂ ਲਈ ਭਰਪੂਰ ਯੋਗਦਾਨ ਪਾ ਰਹੇ, ਉਥੇ ਪੈਨਸ਼ਨ ਭਲਾਈ ਸਕੀਮ ਦਾ ਦਾਇਰਾ ਵੀ ਹੋਰਨਾਂ ਪਿੰਡਾਂ ’ਚ ਲੈ ਕੇ ਜਾਣਗੇ। ਦੱਸਣਯੋਗ ਹੈ ਕਿ ਘੁਮਾਣ ਭਰਾਵਾਂ ਵੱਲੋਂ ਆਪਣੇ ਪਿਤਾ ਮਾਸਟਰ ਹਰਭਜਨ ਸਿੰਘ ਦੀ ਯਾਦ ’ਚ ਧੰਦੋਈ ਵਿਖੇ ਕੌਮਾਂਤਰੀ ਸਹੂਲਤਾਂ ਨਾਲ ਲੈਸ ਖੇਡ ਸਟੇਡੀਅਮ ਦੀ ਉਸਾਰੀ ’ਤੇ ਕਰੋੜਾਂ ਰੁਪਏ ਖ਼ਰਚ ਕੀਤੇ ਜਾ ਰਹੇ ਹਨ।ਪਿੰਡ ਛੈਲੋਵਾਲ ’ਚ ਮਾਸਟਰ ਹਰਭਜਨ ਸਿੰਘ ਦੀ ਬਰਸੀਂ ਮੌਕੇ ਗੁਰਦੁਆਰਾ ਸਾਹਿਬ ਵਿਖੇ ਅਖੰਡ ਪਾਠ ਆਰੰਭ ਕਰਵਾਏ ਗਏ। ਉਪਰੰਤ ਮਰਹੂਮ ਮਨਜੀਤ ਕੌਰ ਦੀ ਯਾਦ ਵਿੱਚ ਪੈਨਸ਼ਨ ਭਲਾਈ ਸਕੀਮ ਦੀ ਸ਼ੁਰੂਆਤ ਕੀਤੀ ਗਈ। ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਦੇ ਭਰਾ ਅਮਰੀਕ ਸਿੰਘ ਗੋਲਡੀ, ਬਾਬਾ ਨਾਮਦੇਵ ਸਪੋਰਟਸ ਕਲੱਬ ਪ੍ਰਧਾਨ ਗੁਰਨਾਮ ਸਿੰਘ ਅਠਵਾਲ, ਸਮਾਜਸੇਵੀ ਮਲੀਕਤ ਸਿੰਘ ਛੈਲੋਵਾਲ, ਅਧਿਆਪਕ ਆਗੂ ਕੇਵਲ ਸਿੰਘ ਸ਼ਾਹ ਸਮੇਤ ਹੋਰਾਂ ਵੱਲੋਂ ਘੁਮਾਣ ਭਰਾ ਅਮਰਬੀਰ ਸਿੰਘ ਅਤੇ ਹਰਸ਼ਰਨ ਸਿੰਘ (ਯੂਐੱਸਏ) ਵੱਲੋਂ ਲੋੜਵੰਦਾਂ ਦੀ ਆਰਥਿਕ ਸਹਾਇਤਾ ਕਰਨ ਅਤੇ ਇਲਾਕੇ ਦੀ ਉੱਨਤੀ ਲਈ ਪਾਏ ਜਾ ਰਹੇ ਯੋਗਦਾਨ ਦੀ ਸ਼ਲਾਘਾ ਕੀਤੀ। ਇਸ ਮੌਕੇ ਸਰਪੰਚ ਗੁਲਜ਼ਾਰ ਸਿੰਘ, ਸਰਪੰਚ ਤਜਿੰਦਰ ਸਿੰਘ ਸੰਧਵਾਂ, ਸਰਪੰਚ ਗੁਲਜ਼ਾਰ ਸਿੰਘ ਛੈਲੋਵਾਲ ਅਤੇ ਸਰਪੰਚ ਹਰਜਿੰਦਰ ਸਿੰਘ ਯਾਦਪੁਰ ਹਾਜ਼ਰ ਸਨ।