ਘਲੂਘਾਰਾ ਦਿਵਸ: ਬੰਗਲਾ ਸਾਹਿਬ ’ਚ ਅਰਦਾਸ ਸਮਾਗਮ
ਪੱਤਰ ਪ੍ਰੇਰਕ
ਨਵੀਂ ਦਿੱਲੀ, 4 ਜੂਨ
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਦਰਬਾਰ ਸਾਹਿਬ ਵਿਖੇ ਜੂਨ 1984 ਦੌਰਾਨ ਵਾਪਰੇ ਘਲੂਘਾਰੇ ਦੀ ਯਾਦ ਵਿਚ ਅਰਦਾਸ ਸਮਾਗਮ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਕਰਵਾਇਆ ਗਿਆ। ਇਸ ਦੌਰਾਨ ਅਰਦਾਸ ਸਮਾਗਮ ਵਿੱਚ ਸੰਗਤ ਨੇ ਹਮਲੇ ਦੌਰਾਨ ਸ਼ਹੀਦਾਂ ਨੂੰ ਯਾਦ ਕੀਤਾ।
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਸਰਦਾਰ ਜਗਦੀਪ ਸਿੰਘ ਕਾਹਲੋਂ ਨੇ ਕਿਹਾ ਕਿ ਜੂਨ 1984 ਵਿਚ ਉਸ ਸਮੇਂ ਦੀ ਪ੍ਰਧਾਨ ਮੰਤਰੀ ਨੇ ਦਰਬਾਰ ਸਾਹਿਬ ਅਤੇ ਅਕਾਲ ਤਖ਼ਤ ਨੂੰ ਟੈਂਕਾਂ ਅਤੇ ਤੋਪਾਂ ਨਾਲ ਢਹਿ ਢੇਰੀ ਕੀਤਾ, ਉਸ ਨੂੰ ਸਿੱਖ ਕੌਮ ਕਦੇ ਵੀ ਭੁੱਲ ਨਹੀਂ ਸਕਦੀ। ਉਨ੍ਹਾਂ ਦਿਨਾਂ ਵਿਚ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਮਨਾਉਣ ਲਈ ਇਕੱਤਰ ਹੋਈਆਂ ਸੰਗਤਾਂ ਜਿਨ੍ਹਾਂ ਵਿਚ ਛੋਟੇ-ਛੋਟੇ ਬੱਚੇ ਵੀ ਸ਼ਾਮਲ ਸਨ, ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਇਹ ਹਮਲਾ ਕਰਵਾਉਣ ਵੇਲੇ ਇਕ ਪਲ ਵੀ ਇਹ ਚੇਤੇ ਨਹੀਂ ਕੀਤਾ ਕਿ ਸਿੱਖ ਕੌਮ ਉਹ ਕੌਮ ਹੈ ਜਿ ਸਨੇ ਦੇਸ਼ ਦੇ ਆਜ਼ਾਦੀ ਦੇ ਸੰਘਰਸ਼ ਵਿਚ ਸਭ ਤੋਂ ਵੱਡਾ ਯੋਗਦਾਨ ਪਾਇਆ। ਸਿੱਖਾਂ ਨੇ ਹੀ ਹਮੇਸ਼ਾ ਮੋਹਰੀ ਹੋ ਕੇ ਸ਼ਹਾਦਤਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਉਸ ਸਮੇਂ ਚੋਣਾਂ ਜਿੱਤਣ ਲਈ ਸਿੱਖਾਂ ਨੂੰ ਬਲੀ ਦਾ ਬੱਕਰਾ ਬਣਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਜੂਨ 1984 ਤੋਂ ਬਾਅਦ ਨਵੰਬਰ 1984 ਵਿਚ ਸਿੱਖਾਂ ਦਾ ਕਤਲੇਆਮ ਕਰਵਾਇਆ ਗਿਆ।