ਘਰ ਦਾ ਜੋਗੀ ਜੋਗੜਾ
ਪਰਵਾਸ ਕਹਾਣੀ
ਅਵਤਾਰ ਐੱਸ. ਸੰਘਾ
ਕੈਲੀਫੋਰਨੀਆ ਦੇ ਸੈਕਰਾਮੈਂਟੋ ਸ਼ਹਿਰ ਦੇ ਇੱਕ ਹਾਲ ਵਿੱਚ ਗ਼ਦਰੀ ਬਾਬਿਆਂ ਦਾ ਮੇਲਾ ਕਰਵਾਇਆ ਜਾ ਰਿਹਾ ਸੀ। ਮੈਨੂੰ ਇਹ ਖ਼ਬਰ ਸਰੀ, ਕੈਨੇਡਾ ਵਿਖੇ ਮਿਲੀ। ਖ਼ਬਰ ਹੀ ਨਹੀਂ ਬਲਕਿ ਮੇਰੇ ਵਟਸਐਪ ’ਤੇ ਇੱਕ ਨਿਉਂਦਾ ਕਾਰਡ ਵੀ ਆ ਗਿਆ। ਮੈਂ ਦੇਖਿਆ ਕਿ ਕਾਰਡ ’ਤੇ ਦੋ ਨਾਮ ਤਾਂ ਜਾਣੇ ਪਛਾਣੇ ਸਨ, ਪ੍ਰੰਤੂ ਇਨ੍ਹਾਂ ਦੀ ਮੈਨੂੰ ਪੂਰੀ ਯਾਦ ਨਹੀਂ ਸੀ ਆ ਰਹੀ। ਮੈਂ ਸ਼ਾਮ ਨੂੰ ਕਾਰਡ ਦੇ ਨਾਵਾਂ ਬਾਰੇ ਧਿਆਨ ਨਾਲ ਸੋਚ ਹੀ ਰਿਹਾ ਸਾਂ ਕਿ ਫੋਨ ਆ ਗਿਆ।
‘‘ਸਰ ਜੀ, ਸਤਿ ਸ੍ਰੀ ਅਕਾਲ।’’
‘‘ਸਤਿ ਸ੍ਰੀ ਅਕਾਲ, ਬੱਲਿਆ। ਮੈਂ ਤੁਹਾਨੂੰ ਪਛਾਣਿਆ ਨਹੀਂ?’’
‘‘ਸਰ ਮੈਂ ਸਾਧੜਿਆਂ ਵਾਲਾ ਮਨਜੀਤ ਬੋਲ ਰਿਹਾ ਹਾਂ। ਮੈਂ 1980 ਵਿੱਚ ਤੁਹਾਡਾ ਵਿਦਿਆਰਥੀ ਹੁੰਦਾ ਸੀ। ਤੁਸੀਂ ਉਦੋਂ ਕਾਲਜ ਵਿੱਚ ਨਵੇਂ ਨਵੇਂ ਆਏ ਹੀ ਸੀ। ਮੈਂ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਦਾ ਸਰਗਰਮ ਮੈਂਬਰ ਵੀ ਹੁੰਦਾ ਸਾਂ। ਸਾਡਾ ਕਾਲਜ ਲੈਵਲ ’ਤੇ ਪ੍ਰਧਾਨ ਉਦੋਂ ਜੱਸ ਢਿੱਲੋਂ ਹੋਇਆ ਕਰਦਾ ਸੀ। ਤੁਸੀਂ ਸਾਨੂੰ ਉਸ ਸਾਲ ਅੰਗਰੇਜ਼ੀ ਪੜ੍ਹਾਈ ਸੀ। ਮੈਨੂੰ ਪਤਾ ਲੱਗਾ ਹੈ ਕਿ ਤੁਸੀਂ ਅੱਜਕੱਲ੍ਹ ਕੈਨੇਡਾ ਅਤੇ ਅਮਰੀਕਾ ਦੇ ਦੌਰੇ ’ਤੇ ਹੋ। 15 ਸਤੰਬਰ ਨੂੰ ਤੁਸੀਂ ਸਾਡੇ ਇਸ ਮੇਲੇ ’ਤੇ ਜ਼ਰੂਰ ਦਰਸ਼ਨ ਦੇਣੇ ਜੀ।’’
‘‘ਤੁਸੀਂ ਤਾਂ ਮੇਲੇ ਦੀ ਕਮੇਟੀ ਦੇ ਪ੍ਰਧਾਨ ਹੋ। ਮੈਂ ਤੁਹਾਡਾ ਨਾਮ ਕਾਰਡ ’ਤੇ ਪੜ੍ਹ ਲਿਆ ਹੈ। ਮੈਨੂੰ ਤੁਹਾਡੀ ਸ਼ਕਲ ਤਾਂ ਯਾਦ ਨਹੀਂ ਆ ਰਹੀ, ਪ੍ਰੰਤੂ ਮੈਨੂੰ ਬੜੀ ਖ਼ੁਸ਼ੀ ਹੋਈ ਹੈ ਕਿ ਤੁਸੀਂ ਵਿਦੇਸ਼ ਵਿੱਚ ਆ ਕੇ ਵੀ ਬੜੀਆਂ ਵੱਡੀਆਂ ਮੱਲਾਂ ਮਾਰ ਰਹੇ ਹੋ। ਮੇਲੇ ਕਰਵਾ ਰਹੇ ਹੋ। ਮੈਂ 12 ਨੂੰ ਸਾਂਫਰਾਂਸਿਸਕੋ ਹਵਾਈ ਅੱਡੇ ’ਤੇ ਉਤਰਾਂਗਾ। ਮੇਰੀ ਤੇ ਮੇਰੀ ਘਰਵਾਲੀ ਦੀ ਰਿਹਾਇਸ਼ ਵੀ ਸਾਂਹੋਜ਼ੇ ਵਿਖੇ ਹੈ। ਇਹ ਸੈਕਰਾਮੈਂਟੋ ਤੋਂ ਬਹੁਤਾ ਦੂਰ ਨਹੀਂ। ਅਸੀਂ ਤੁਹਾਡੇ ਪ੍ਰੋਗਰਾਮ ਵਿੱਚ ਜ਼ਰੂਰ ਸ਼ਿਰਕਤ ਕਰਾਂਗੇ। ਕਾਰਡ ਭੇਜਣ ਲਈ ਤੇ ਫੋਨ ਕਰਨ ਲਈ ਸ਼ੁਕਰੀਆ।’’
ਮੈਂ ਮਨਜੀਤ ਨੂੰ ਯਕੀਨ ਦੁਆ ਦਿੱਤਾ ਕਿ ਅਸੀਂ ਉਨ੍ਹਾਂ ਦੇ ਪ੍ਰੋਗਰਾਮ ਵਿੱਚ ਜ਼ਰੂਰ ਸ਼ਾਮਲ ਹੋਵਾਂਗੇ। ਨਿਰਧਾਰਤ 15 ਸਤੰਬਰ ਨੂੰ ਦਿੱਤੇ ਹੋਏ ਸਮੇਂ ਮੁਤਾਬਿਕ ਅਸੀਂ ਸੈਕਰਾਮੈਂਟੋ ਦੇ ਉਸ ਹਾਲ ਵਿੱਚ ਪਹੁੰਚ ਗਏ ਜਿੱਥੇ ਮੇਲਾ ਹੋ ਰਿਹਾ ਸੀ। ਅਸੀਂ ਜਦੋਂ ਜਾ ਕੇ ਮੂਹਰੇ ਚਾਹ ਪਾਣੀ ਪੀਣ ਲੱਗੇ ਤਾਂ ਮੇਰੀਆਂ ਅੱਖਾਂ ਮਨਜੀਤ ਨੂੰ ਤਲਾਸ਼ ਕਰੀਂ ਜਾਣ। ਮੈਨੂੰ ਲੱਗਦਾ ਸੀ ਕਿ ਉਹ ਮੋਨਾ ਹੋਵੇਗਾ। ਮੇਲਾ ਸ਼ੁਰੂ ਹੋਣ ਨੂੰ ਅਜੇ ਸਮਾਂ ਸੀ। ਲੋਕ ਆ ਰਹੇ ਸਨ ਤੇ ਚਾਹ ਸਨੈਕਸ ਖਾ ਪੀ ਰਹੇ ਸਨ। ਚਾਰ-ਪੰਜ ਮਿੰਟ ਬਾਅਦ ਇੱਕ 60 ਕੁ ਸਾਲ ਦੀ ਉਮਰ ਦਾ ਸਰਦਾਰ ਮੇਰੇ ਵੱਲ ਨੂੰ ਤੇਜ਼ੀ ਨਾਲ ਆਇਆ।
‘‘ਸਰ ਜੀ, ਸਤਿ ਸ੍ਰੀ ਅਕਾਲ। ਮੈਂ ਮਨਜੀਤ ਹਾਂ, ਸਰ ਜੀ।’’
‘‘ਉਹ...। ਮੈਂ ਤਾਂ ਸਮਝਦਾ ਸੀ ਕਿ ਤੂੰ ਸ਼ਾਇਦ ਮੋਨਾ ਹੋਵੇਂ। ਮੈਨੂੰ ਲੱਗਦਾ ਏ 1980 ਵਿੱਚ ਤੂੰ ਮੋਨਾ ਹੁੰਦਾ ਸੀ।’’
‘‘ਹਾਂ, ਸਰ, ਉਦੋਂ ਮੈਂ ਮੋਨਾ ਸਾਂ। ਮੈਂ ਸਮਝਦਾ ਸੀ ਤੁਸੀਂ ਸਰਦਾਰ ਹੋਵੋਗੇ, ਪਰ ਤੁਸੀਂ ਮੋਨੇ ਨਿਕਲੇ।’’
‘‘ਬੱਲਿਆ, ਮੈਂ ਤਾਂ ਪਹਿਲਾਂ ਵਾਂਗ ਹੀ ਹਾਂ, ਪਰ ਤੁਹਾਡੇ ਵਿੱਚ ਬਹੁਤ ਤਬਦੀਲੀ ਏ। ਆਪਣੇ ਇਲਾਕੇ ਦੇ ਲੋਕ ਕੈਲੀਫੋਰਨੀਆ ਵਿੱਚ ਕਾਫ਼ੀ ਲੱਗਦੇ ਹਨ?’’
‘‘ਸਰ, ਸਾਡੀ ਕਮੇਟੀ ਵਿੱਚ 15 ਮੈਂਬਰ ਤਾਂ ਸ਼ਾਇਦ ਤੁਹਾਡੇ ਪੁਰਾਣੇ ਵਿਦਿਆਰਥੀ ਹੀ ਹੋਣਗੇ। ਸੈਕਰਾਮੈਂਟੋ ਤੇ ਇਸ ਦੇ ਆਲੇ ਦੁਆਲੇ ਦੇ ਇਲਾਕੇ ਵਿੱਚ ਪੰਜਾਬ ’ਚੋਂ ਸਾਡੇ ਪਿੰਡਾਂ ਦੇ ਬਹੁਤ ਲੋਕ ਰਹਿੰਦੇ ਹਨ। ਯੂਬਾ ਸਿਟੀ ਵਿੱਚ ਵੀ ਆਪਣੇ ਇਲਾਕੇ ਦੇ ਪੰਜਾਬੀਆਂ ਦੀ ਕਾਫ਼ੀ ਗਿਣਤੀ ਹੈ। ਸਾਡੇ ਪ੍ਰੋਗਰਾਮ ਦੀ ਤਾਂ ਪ੍ਰਧਾਨਗੀ ਵੀ ਸ. ਸੋਹਣ ਸਿੰਘ ਬਿਲਗਾ ਕਰ ਰਹੇ ਹਨ। ਉਹ ਗ਼ਦਰੀ ਬਾਬਿਆਂ ਦੇ ਪਰਿਵਾਰ ਵਿੱਚੋਂ ਹਨ। ਥੋੜ੍ਹੀ ਦੇਰ ਨੂੰ ਉਹ ਝੰਡਾ ਲਹਿਰਾਉਣਗੇ ਤੇ ਫਿਰ ਪ੍ਰੋਗਰਾਮ ਸ਼ੁਰੂ ਹੋ ਜਾਊ। ਸਾਡੀ ਕਮੇਟੀ ਵਿੱਚ ਤਾਂ ਤੁਹਾਡੇ ਪਿੰਡ ਦੇ ਕਈ ਬੰਦੇ ਵੀ ਹਨ।’’
‘‘ਮਸਲਨ?’’
‘‘ਬਖ਼ਤਾਵਰ ਸਿੰਘ ਦਾ ਭੱਜੀ ਤੇ ਉਸ ਦੇ ਲੜਕੇ ਰਿੰਕੂ ਤੇ ਹੈਰੀ। ਸੁਰਜੀਤ ਸਿੰਘ ਦੇ ਪੋਤੇ ਮਿੱਕੀ ਤੇ ਬਰਾਊਨੀ।’’
‘‘ਬਖ਼ਤਾਵਰ ਤੇ ਸੁਰਜੀਤ ਨੂੰ ਤਾਂ ਮੈਂ ਜਾਣਦਾ ਹਾਂ। ਰਿੰਕੂ, ਹੈਰੀ, ਮਿੱਕੀ ਤੇ ਬਰਾਊਨੀ ਬਾਰੇ ਮੈਨੂੰ ਪਤਾ ਨਹੀਂ।’’
‘‘ਸਰ ਜੀ, ਤੁਸੀਂ ਹੁਣ ਮਸ਼ਹੂਰ ਸਾਹਿਤਕਾਰ ਹੀ ਨਹੀਂ ਬਲਕਿ ਲੰਬਾ ਸਮਾਂ ਆਪਣੇ ਇਲਾਕੇ ਦੇ ਕਾਲਜ ਵਿੱਚ ਪ੍ਰੋਫੈਸਰ ਵੀ ਰਹੇ ਹੋ। ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਤਾਂ ਇਹ ਸਾਰੇ ਮੁੰਡੇ ਵੀ ਜਾਣਦੇ ਹੀ ਹੋਣਗੇ। ਤੁਹਾਨੂੰ ਤਾਂ ਸਾਡਾ ਸਾਰਾ ਇਲਾਕਾ ਜਾਣਦਾ ਏ। ਤੁਹਾਨੂੰ ਤਾਂ ਇੱਥੇ ਕੈਲੀਫੋਰਨੀਆ ਵਿੱਚ ਵੀ ਆਪਣੇ ਇਲਾਕੇ ਦੇ ਸਾਰੇ ਲੋਕ ਜਾਣਦੇ ਹਨ। ਆਓ ਆਪਾਂ ਹਾਲ ਵੱਲ ਨੂੰ ਚੱਲੀਏ। ਤੁਹਾਨੂੰ ਅਸੀਂ ਸਨਮਾਨਿਤ ਤਾਂ ਕਰਾਂਗੇ ਹੀ। ਆਓ ਤੁਹਾਨੂੰ ਇਨ੍ਹਾਂ ਮੁੰਡਿਆਂ ਨੂੰ ਵੀ ਮਿਲਾ ਦਿਆਂ। ਸ਼ਾਇਦ ਇਹ ਹਾਲ ਦੇ ਪਿਛਲੇ ਪਾਸੇ ਕੁਝ ਪ੍ਰਬੰਧਕੀ ਕੰਮਾਂ ਵਿੱਚ ਲੱਗੇ ਹੋਏ ਹਨ। ਮੈਨੂੰ ਲੱਗਦਾ ਏ ਤੁਹਾਨੂੰ ਤਾਂ ਉਹ ਉੱਡ ਕੇ ਮਿਲਣਗੇ।’’
ਉਹ ਮੈਨੂੰ ਹਾਲ ਵੱਲ ਲੈ ਤੁਰਿਆ। ਅਸੀਂ ਅੰਦਰ ਦਾਖਲ ਹੋ ਗਏ।
‘‘ਔਹ, ਪਿੱਛੇ ਇਹ ਮੁੰਡੇ ਖੜ੍ਹੇ ਹਨ। ਆਓ ਉਨ੍ਹਾਂ ਕੋਲ ਚੱਲੀਏ। ਬੜੇ ਖ਼ੁਸ਼ ਹੋਣਗੇ ਤੁਹਾਨੂੰ ਮਿਲ ਕੇ।’’
ਅਸੀਂ ਉਨ੍ਹਾਂ ਚਾਰਾਂ ਦੇ ਬਿਲਕੁਲ ਨੇੜੇ ਪਹੁੰਚ ਚੁੱਕੇ ਸਾਂ।
‘‘ਆਓ ਵੀਰੋ, ਪ੍ਰੋਫੈਸਰ ਸਾਹਿਬ ਨੂੰ ਮਿਲੋ।’’
ਉਹ ਮੇਰੇ ਵੱਲ ਦੇਖੀ ਜਾਣ, ਪਰ ਬੋਲਣ ਕੁਝ ਨਾ। ਮਨਜੀਤ ਖੜ੍ਹਾ ਹੈਰਾਨ ਹੋਈ ਜਾਵੇ। ਕੁਝ ਦੇਰ ਬਾਅਦ ਉਨ੍ਹਾਂ ਵਿੱਚ ਇੱਕ ਬੋਲਿਆ, ‘‘ਜੀ ਕੀ ਤੁਸੀਂ ਸਾਡੇ ਪਿੰਡ ਦੇ ਹੋ? ਪਿੰਡ ਵਿੱਚ ਤੁਹਾਡਾ ਘਰ ਕਿਹੜੇ ਪਾਸੇ ਹੈ?’’
‘‘ਕਾਕਾ, ਮੇਰਾ ਘਰ ਪਿੰਡ ਵਿੱਚ ਦਾਖਲ ਹੁੰਦੇ ਸਾਰ ਹੀ ਹੈ। ਮੈਨੂੰ ਉਸ ਪਿੰਡ ਨੂੰ ਛੱਡੇ ਨੂੰ ਕਾਫ਼ੀ ਸਮਾਂ ਹੋ ਗਿਆ ਏ। ਵੈਸੇ ਮੈਂ ਤੁਹਾਨੂੰ ਥੋੜ੍ਹਾ ਥੋੜ੍ਹਾ ਜਾਣਦਾ ਹਾਂ। ਤੁਸੀਂ ਦੋਵੇਂ ਸ਼ਾਇਦ ਪੱਕੇ ਆਲਿਆਂ ਦੇ ਟੱਬਰ ’ਚੋਂ ਹੋ। ਤੁਸੀਂ ਸ਼ਾਇਦ ਲੰਮਿਆਂ ਦੇ ਟੱਬਰ ’ਚੋਂ ਹੋ?’’
‘‘ਤੁਸੀਂ ਤਾਂ ਸਾਡੇ ਬਾਰੇ ਅੰਦਾਜ਼ਾ ਲਗਾ ਲਿਆ, ਪਰ ਅਸੀਂ ਸਿਰਫ਼ ਇੰਨਾ ਕੁ ਹੀ ਜਾਣਦੇ ਹਾਂ ਕਿ ਸਾਡੇ ਪਿੰਡ ਦੇ ਫੱੱਕਰਾਂ ਦੇ ਟੱਬਰ ’ਚੋਂ ਇੱਕ ਆਦਮੀ ਪ੍ਰੋਫੈਸਰ ਹੁੰਦਾ ਸੀ। ਸ਼ਾਇਦ ਤੁਸੀਂ ਓਹੀ ਹੋ।’’
‘‘ਤੁਸੀਂ ਸੱਚ ਬੁੱਝਿਆ ਏ। ਤੁਸੀਂ ਦੋਵਾਂ ਟੱਬਰਾਂ ਨੇ ਤਾਂ ਪਿੱਛੇ ਵੱਡੀਆਂ ਵੱਡੀਆਂ ਕੋਠੀਆਂ ਪਾਈਆਂ ਹੋਈਆਂ ਹਨ।’’
‘‘ਹਾਂ, ਜੀ, ਸਾਡੀਆਂ ਕੋਠੀਆਂ ਹਨ। ਉਨ੍ਹਾਂ ਨੂੰ ਸਾਡੇ ਪੁਰਾਣੇ ਸੀਰੀ ਸੰਭਾਲ ਰਹੇ ਹਨ। ਅਸੀਂ ਤਾਂ ਕਦੀ ਕਦਾਈਂ ਪਿੰਡ ਚੱਕਰ ਮਾਰਦੇ ਹਾਂ।’’
‘‘ਕਦੀ ਸਾਹਿਤਕ ਤੇ ਸੱਭਿਆਚਾਰਕ ਕੰਮਾਂ ਨੂੰ ਪ੍ਰਮੋਟ ਨਹੀਂ ਕਰਦੇ?’’
‘‘ਅੰਕਲ ਜੀ, ਸਾਹਿਤਕ ਦਾ ਤਾਂ ਪਤਾ ਨਹੀਂ। ਹਾਂ, ਸੱਭਿਆਚਾਰਕ ਕੰਮਾਂ ਲਈ ਜ਼ਰੂਰ ਯੋਗਦਾਨ ਪਾਉਂਦੇ ਰਹੀਦਾ ਏ। ਜ਼ਿਆਦਾ ਖੇਡਾਂ ਵੱਲ ਧਿਆਨ ਦਿੰਦੇ ਹਾਂ ਜਾਂ ਫਿਰ ਗੁਰੂ ਘਰ ਨੂੰ ਪੈਸੇ ਦਿੰਦੇ ਰਹੀਦਾ ਏ। ਸਾਡੇ ਉੱਥੇ ਸਾਹਿਤਕਾਰ ਕੋਈ ਹੈ ਹੀ ਨਹੀਂ। ਨਾਲੇ ਸਾਹਿਤਕਾਰੀ ਨਾਲ ਸਮਾਜ ਨੂੰ ਲਾਭ ਵੀ ਕੀ ਹੁੰਦਾ ਏ? ਖੇਡਾਂ ਨਾਲ ਸਿਹਤ ਬਣਦੀ ਏ, ਸੱਭਿਆਚਾਰਕ ਗਤੀਵਿਧੀਆਂ ਨਾਲ ਮਨਪ੍ਰਚਾਵਾ ਹੁੰਦਾ ਏ ਤੇ ਗੁਰੂ ਘਰਾਂ ਤੋਂ ਸੁੱਖ ਸ਼ਾਂਤੀ ਮਿਲਦੀ ਰਹਿੰਦੀ ਏ ਤੇ ਜੀਵਨ ਜਾਚ ਦੀ ਸੇਧ ਮਿਲਦੀ ਰਹਿੰਦੀ ਹੈ। ਸਾਹਿਤਕਾਰੀ ਤਾਂ ਨਿਰੇ ਖ਼ਿਆਲੀ ਪਲਾਓ ਹੁੰਦੇ ਹਨ।’’ ਇੱਕ ਮੁੰਡਾ ਕੁਝ ਖੁੱਲ੍ਹ ਕੇ ਬੋਲਿਆ।
‘‘ਕਾਕਾ, ਨਾਵਲਾਂ, ਕਹਾਣੀਆਂ, ਕਵਿਤਾਵਾਂ ਆਦਿ ਤੋਂ ਸਮਾਜ ਨੂੰ ਕੁਝ ਨਹੀਂ ਮਿਲਦਾ?” ਮੈਥੋਂ ਪੁੱਛ ਹੋ ਗਿਆ।
‘‘ਅੰਕਲ ਇਹ ਜ਼ਿਆਦਾ ਪੜ੍ਹਿਆਂ ਲਿਖਿਆਂ ਦੇ ਕੰਮ ਹਨ। ਸਮਾਜ ਦਾ ਥੋੜ੍ਹਾ ਹਿੱਸਾ ਇਨ੍ਹਾਂ ਤੋਂ ਪ੍ਰਭਾਵਿਤ ਹੁੰਦਾ ਏ। ਨਾਲੇ ਇਨ੍ਹਾਂ ਨੂੰ ਅੱਜਕੱਲ੍ਹ ਪੜ੍ਹਦਾ ਕੌਣ ਏ? ਅੱਜ ਦਾ ਯੁੱਗ ਤਾਂ ਫਿਲਮਾਂ, ਸੋਸ਼ਲ ਮੀਡੀਆ, ਗੀਤ ਸੰਗੀਤ ਤੇ ਕੰਸਰਟਾਂ ਦਾ ਯੁੱਗ ਹੈ। ਰੋਜ਼ ਡੈਸਟੀਨੇਸ਼ਨ ਵੈਡਿੰਗਜ ਹੋ ਰਹੀਆਂ ਹਨ।’’ ਇਹ ਕਹਿ ਕੇ ਉਹ ਮੁੰਡਾ ਬਾਕੀਆਂ ਦੇ ਨਾਲ ਮੇਲੇ ਦੇ ਪ੍ਰਬੰਧਕੀ ਕੰਮ ਵਿੱਚ ਲੱਗ ਗਿਆ।
ਫਿਰ ਮਨਜੀਤ ਕਹਿਣ ਲੱਗਾ, ‘‘ਸਰ ਜੀ, ਹੈਰਾਨੀ ਇਹ ਹੈ ਕਿ ਤੁਸੀਂ ਸਾਡੇ ਵਾਸਤੇ ਤਾਂ ਇੱਕ ਚੰਗੇ ਸਾਹਿਤਕਾਰ ਹੋ। ਤੁਹਾਡਾ ਨਾਮ ਅਖ਼ਬਾਰਾਂ, ਰਸਾਲਿਆਂ ਵਿੱਚ ਛਪਦਾ ਹੀ ਰਹਿੰਦਾ ਏ। ਸਾਡੇ ਲਈ ਰੋਲ ਮਾਡਲ ਹੋ। ਤੁਹਾਡੇ ਪਿੰਡ ਦੇ ਇਨ੍ਹਾਂ ਮੁੰਡਿਆਂ ਲਈ ਤੁਸੀਂ ਆਮ ਆਦਮੀ ਹੋ। ਦੀਵੇ ਥੱਲੇ ਹਨੇਰਾ। ਤੁਹਾਨੂੰ ਮਿਲ ਕੇ ਮੁੰਡਿਆਂ ਨੇ ਕੋਈ ਵੀ ਹੈਰਾਨੀ ਜ਼ਾਹਰ ਨਹੀਂ ਕੀਤੀ।’’
‘‘ਮਨਜੀਤ ਲੋਕ ਉਹਨੂੰ ਜਲਦੀ ਜਾਣਨ ਲੱਗਦੇ ਹਨ ਜਿਹਦੇ ਹੱਥ ਵਿੱਚ ਤਾਕਤ ਹੋਵੇ, ਜਿਹੜਾ ਪੈਸੇ ਵਿੱਚ ਤਕੜਾ ਹੋਵੇ, ਜਿਹਦੀ ਪਿਛੋਕੜ ਵੱਡੀ ਹੋਵੇ। ਪਿੰਡ ਦੇ ਲੋਕਾਂ ਲਈ ਇੱਕ ਪੁਲੀਸ ਦਾ ਸਿਪਾਹੀ, ਇੱਕ ਪਟਵਾਰੀ, ਇੱਕ ਤਹਿਸੀਲਦਾਰ ਜਾਂ ਬਾਹਰ ਦੇ ਪੈਸੇ ਨਾਲ ਵੱਡੀ ਕੋਠੀ ਦਾ ਮਾਲਕ ਵੱਡੇ ਬੰਦੇ ਹਨ। ਇਨ੍ਹਾਂ ਬੰਦਿਆਂ ਦੇ ਮਨ ਵਿੱਚ ਮੇਰੇ ਬਾਰੇ ਪਤਾ ਕੀ ਏ?’’
‘‘ਕੀ ਏ?’’
‘‘ਇਹ ਸਭ ਸੋਚਦੇ ਹਨ ਕਿ ਮੈਂ ਉਹੀ ਫੱਕਰਾਂ ਦੇ ਟੱਬਰ ਵਿੱਚੋਂ ਹੁਕਮੇ ਦਾ ਤਾਰੀ ਹਾਂ, ਜਿਹੜਾ ਮਿਹਨਤ ਮੁਸ਼ੱਕਤ ਕਰਕੇ ਕਿਸੇ ਵੇਲੇ ਐੱਮ. ਏ. ਤੱਕ ਪੜ੍ਹ ਗਿਆ ਸਾਂ। ਇਹ ਅਮਰੀਕਾ ਕੈਨੇਡਾ ਆਏ ਲੋਕ ਪੰਜਾਬ ਵਿੱਚ ਚੰਗੀ ਨੌਕਰੀ ਨੂੰ ਵੀ ਐਵੇਂ ਵਗਾਰ ਹੀ ਸਮਝਦੇ ਹਨ। ਸਾਹਿਤਕਾਰੀ ਦਾ ਤਾਂ ਮਜ਼ਾਕ ਉਡਾਉਂਦੇ ਹਨ। ਪਿੰਡਾਂ ਵਿੱਚ ਕਈ ਮੁੰਡੇ, ਖ਼ਾਸ ਕਰਕੇ ਰਾਖਵੇਂਕਰਨ ਕਰਕੇ ਪੱਛੜੀਆਂ ਜਾਤਾਂ ਦੇ ਵੱਡੀਆਂ ਨੌਕਰੀਆਂ ’ਤੇ ਵੀ ਲੱਗ ਜਾਂਦੇ ਹਨ। ਪਿੰਡ ਦੇ ਜਗੀਰੂ ਸੋਚ ਵਾਲੇ ਲੋਕ ਉਨ੍ਹਾਂ ਨੂੰ ਫਿਰ ਵੀ ਮੱਛਰਮਾਰਾਂ ਦਾ ਘੁੱਲਾ, ਭੈਂਗਿਆਂ ਦਾ ਭਾਗੀ, ਕੁੜੀਮਾਰਾਂ ਦਾ ਕੈਲੂ, ਬੋਲੇ ਦਾ ਲੱਡੂ ਅਤੇ ਭਜਨੇਕਿਆਂ ਦਾ ਭੀਲਾ ਕਹੀ ਜਾਣਗੇ। ਮੈਂ ਤੈਨੂੰ ਇੱਕ ਬਿਰਤਾਂਤ ਸੁਣਾਉਂਦਾ ਹਾਂ ਜਿਹੜਾ ਮੈਂ ਨਿਰਮਲ ਜੌੜਾ ਦੀ ਪੁਸਤਕ ‘ਥਰੀਕਿਆਂ ਵਾਲਾ ਦੇਵ’ ਵਿੱਚ ਪੜ੍ਹਿਆ ਸੀ।’’
‘‘ਉਹ ਕੀ? ਕੋਈ ਖ਼ਾਸ ਗੱਲ ਏ?’’
‘‘ਜੌੜੇ ਨੇ ਦੇਵ ਥਰੀਕੇ ਵਾਲੇ ਬਾਰੇ 10-12 ਸਾਲ ਪਹਿਲਾਂ ਇਹ ਪੁਸਤਕ ਲਿਖੀ ਸੀ। ਉਸ ਪੁਸਤਕ ਵਿੱਚ ਜੌੜਾ ਲਿਖਦਾ ਹੈ ਕਿ ਪੁਸਤਕ ਲਿਖਣ ਤੋਂ ਪਹਿਲਾਂ ਉਹ ਦੇਵ ਦੇ ਪਿੰਡ ਥਰੀਕੇ ਉਸ ਦੀ ਘਰਵਾਲੀ ਪ੍ਰੀਤਮ ਕੌਰ ਦੀ ਇੰਟਰਵਿਊ ਲੈਣ ਗਿਆ ਸੀ। ਉਹ ਜਾਣਨਾ ਚਾਹੁੰਦਾ ਸੀ ਕਿ ਇੱਕ ਗੀਤਕਾਰ ਦੀ ਪਤਨੀ ਉਸ ਬਾਰੇ ਕੀ ਰਾਇ ਰੱਖਦੀ ਹੈ। ਪਿੰਡ ਦੇ ਨੇੜੇ ਜਾ ਕੇ ਉਸ ਨੇ ਦੋ-ਤਿੰਨ ਬੰਦਿਆਂ ਨੂੰ ਪੁੱਛਿਆ ਕਿ ਦੇਵ ਥਰੀਕੇ ਵਾਲੇ ਦਾ ਘਰ ਕਿਹੜੇ ਪਾਸੇ ਏ। ਜਿਹੜਾ ਵੀ ਮਿਲੇ ਇਹੀ ਕਹੀ ਜਾਵੇ ਕਿ ਉਹ ਤਾਂ ਇਸ ਨਾਮ ਦੇ ਬੰਦੇ ਨੂੰ ਜਾਣਦੇ ਹੀ ਨਹੀਂ। ਫਿਰ ਜੌੜਾ ਇੱਕ ਲੜਕੀ ਕੋਲ ਖੜ੍ਹਾ ਹੋ ਗਿਆ। ਇਹ ਲੜਕੀ ਪਾਥੀਆਂ ਪੱਥ ਰਹੀ ਸੀ।
‘‘ਭੈਣ ਜੀ ਕੀ ਤੁਸੀਂ ਹਰਦੇਵ ਸਿੰਘ ਨੂੰ ਜਾਣਦੇ ਹੋ?’’
‘‘ਕਿਹੜਾ ਹਰਦੇਵ?’’
‘‘ਸ਼ਾਇਦ ਉਹਦਾ ਪੂਰਾ ਨਾਮ ਹਰਦੇਵ ਦਿਲਗੀਰ ਏ।’’
‘‘ਮੈਂ ਤਾਂ ਇੱਥੇ ਕਿਸੇ ਦਿਲਗੀਰ ਦੁਲਗੂਰ ਨੂੰ ਨਹੀਂ ਜਾਣਦੀ।’’
‘‘ਥਰੀਕੇ ਵਾਲਾ ਦੇਵ ਨੂੰ ਜਾਣਦੇ ਹੋ?’’
‘‘ਅਸੀਂ ਸਾਰੇ ਥਰੀਕੇ ਵਾਲੇ ਹੀ ਤਾਂ ਹਾਂ। ਮੈਨੂੰ ਕੀ ਪਤਾ, ਤੁਸੀਂ ਕਿਹਨੂੰ ਮਿਲਣਾ ਹੈ?’’
‘‘ਭੈਣ ਜੀ, ਤੁਹਾਡੇ ਪਿੰਡ ਦਾ ਇੱਕ ਬੰਦਾ ਗੀਤ ਲਿਖਦਾ ਏ। ਉਸ ਦੇ ਗੀਤ ਬੜੇ ਮਸ਼ਹੂਰ ਨੇ ਤੇ ਰੋਜ਼ ਲਾਊਡ ਸਪੀਕਰਾਂ ਵਿੱਚ ਵੱਜਦੇ ਨੇ।’’
‘‘ਗੀਤ! ਗੀਤ ਤਾਂ ਤੀਵੀਆਂ ਵਿਆਹਾਂ ’ਤੇ ਗਾਉਂਦੀਆਂ ਹੁੰਦੀਆਂ ਹਨ। ਇਹ ਗੀਤਾਂ ਵਾਲਾ ਬੰਦਾ ਕਿਹੜਾ ਹੋਇਆ?’’
‘‘ਉਹਦੇ ਲਿਖੇ ਗੀਤ ਕੁਲਦੀਪ ਮਾਣਕ ਅਕਸਰ ਗਾਉਂਦਾ ਏ।’’
‘‘ਫਿਰ ਤੂੰ ਇੰਜ ਕਹਿ ਕਿ ਕੁਲਦੀਪ ਮਾਣਕ ਨੂੰ ਮਿਲਣਾ ਏ। ਉਹਨੂੰ ਤਾਂ ਸਭ ਜਾਣਦੇ ਹੀ ਹਨ। ਇਹ ਦੇਵ ਨੂੰ ਵਿੱਚ ਕਿਉਂ ਘਸੋੜੀ ਜਾਂਦਾ ਏਂ?’’
‘‘ਭੈਣ ਮੇਰੀਏ, ਜਿਹੜੇ ਗੀਤ ਕੁਲਦੀਪ ਮਾਣਕ ਗਾਉਂਦਾ ਏ। ਉਨ੍ਹਾਂ ਨੂੰ ਲਿਖਣ ਵਾਲਾ ਦੇਵ ਏ।’’
‘‘ਅੱਛਾ ਲਿਖਦਾ ਕੋਈ ਹੋਰ ਹੁੰਦਾ ਏ ਤੇ ਗਾਉਂਦਾ ਕੋਈ ਹੋਰ? ਮੈਨੂੰ ਤੇਰੀ ਗੱਲ ਮਾੜ੍ਹੀ ਮਾੜ੍ਹੀ ਸਮਝ ਆਈ ਏ। ਕੁਲਦੀਪ ਮਾਣਕ ਸਾਡੇ ਪਿੰਡ ਦੇ ਦਖਾਣਾ ਦੇ ਦੇਵ ਦੇ ਘਰ ਰਹਿੰਦਾ ਏ। ਇਸ ਦਾ ਮਤਲਬ ਇਹ ਹੈ ਕਿ ਤੂੰ ਦਖਾਣਾ (ਤਰਖਾਣਾ) ਦੇ ਦੇਵ ਨੂੰ ਮਿਲਣਾ ਏ।’’
‘‘ਹਾਂ! ਜੀ, ਹਾਂ! ਜੀ, ਭੈਣ ਜੀ। ਮੈਂ ਹੈਰਾਨ ਹਾਂ ਕਿ ਤੁਸੀਂ ਉਸ ਦੀ ਕਲਾ ਨੂੰ ਜਾਣਦੇ ਹੀ ਨਹੀਂ।’’
‘‘ਭਰਾਵਾ, ਮਾਰ ਗੋਲੀ ਕਲਾ ਨੂੰ! ਅਸਲੀ ਬੰਦਾ ਤਾਂ ਮਾਣਕ ਏ। ਤੂੰ ਇੱਥੋਂ ਸੱਜੇ ਪਾਸੇ ਨੂੰ ਜਾ, ਫਿਰ ਖੱਬੇ ਪਾਸੇ ਨੂੰ ਮੁੜੀਂ, ਫਿਰ ਇੱਕ ਖੂਹ ਆਊ, ਖੂਹ ਉੱਪਰ ਘਿਰੜੇ ਲੱਗੇ ਹੋਏ ਹਨ, ਇੱਥੋਂ ਪਹਿਲਾਂ ਲੋਕ ਪਾਣੀ ਭਰਦੇ ਹੁੰਦੇ ਸੀ। ਹੁਣ ਇਹ ਖੂਹ ਉੱਜੜਿਆ ਜਿਹਾ ਏ ਕਿਉਂਕਿ ਪਾਣੀ ਸਰਕਾਰ ਦੀਆਂ ਟੂਟੀਆਂ ਰਾਹੀਂ ਘਰ ਘਰ ਪਹੁੰਚ ਗਿਆ। ਖੂਹ ਦੇ ਨੇੜੇ ਪੋਹਲੋ ਦੀ ਹੱਟੀ ਏ। ਹੱਟੀ ਵਾਲੇ ਨੂੰ ਕਹੀਂ- ‘ਦਖਾਣਾ ਦੇ ਦੇਵ ਦੇ ਘਰ ਜਾਣਾ ਏ।’ ਉਹ ਤੈਨੂੰ ਆਪ ਹੀ ਦੱਸ ਦਊ।’’
ਜੌੜਾ ਲਿਖਦਾ ਹੈ ਕਿ ਉਹਨੂੰ ਇਵੇਂ ਮਸ਼ਹੂਰ ਗੀਤਕਾਰ ਦੇਵ ਥਰੀਕੇ ਵਾਲੇ ਦਾ ਘਰ ਲੱਭਿਆ ਸੀ। ਮਨਜੀਤ ਕਹੇਂ ਤਾਂ ਮੈਂ ਇੱਕ ਨਿੱਕੀ ਜਿਹੀ ਹੋਰ ਗੱਲ ਵੀ ਸੁਣਾ ਦਿੰਦਾ ਹਾਂ। ਤੈਨੂੰ ਪਤਾ ਲੱਗ ਜਾਊ ਜਿਹੜੇ ਬੰਦੇ ਦੁਨੀਆ ਵਿੱਚ ਮਸ਼ਹੂਰ ਹੋ ਚੁੱਕੇ ਹੁੰਦੇ ਹਨ, ਉਨ੍ਹਾਂ ਨੂੰ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੇ ਲੋਕ ਸਾਧਾਰਨ ਜਿਹੇ ਬੰਦੇ ਹੀ ਸਮਝਦੇ ਹੁੰਦੇ ਹਨ।’’
‘‘ਚਲੋ, ਉਹ ਗੱਲ ਵੀ ਸੁਣਾ ਹੀ ਦਿਓ।’’
‘‘ਮੇਰੇ ਕਾਲਜ ਵਿੱਚ ਇੱਕ ਵਾਰ ਅਸੀਂ ਬਸੰਤ ਪੰਚਮੀ ਦਾ ਤਿਉਹਾਰ ਮਨਾਉਣਾ ਸੀ। ਪ੍ਰਿੰਸੀਪਲ ਨੇ ਸਟਾਫ ਦੀ ਮੀਟਿੰਗ ਕੀਤੀ। ਕਹਿੰਦਾ - ‘‘ਪ੍ਰਧਾਨਗੀ ਕਰਨ ਲਈ ਕੌਣ ਬੁਲਾਇਆ ਜਾਵੇ?’’ ਮੇਰੇ ਤੋਂ ਕਹਿ ਹੋ ਗਿਆ -‘‘ਇਸ ਵਾਰ ਕੋਈ ਸਾਹਿਤਕਾਰ ਸੱਦ ਲਓ। ਕਹੋ ਤਾਂ ਮੈਂ ਜਸਵੰਤ ਸਿੰਘ ਕੰਵਲ ਨੂੰ ਲਿਆ ਸਕਦਾ ਹਾਂ। ਮੇਰੇ ਸਹੁਰਿਆਂ ਵੱਲੋਂ ਮੇਰਾ ਥੋੜ੍ਹਾ ਜਿਹਾ ਵਾਕਿਫ ਏ।’’ ਸਾਹਿਬ ਕਹਿਣ ਲੱਗਾ - ‘‘ਕੱਲ੍ਹ ਜਾਓ ਤੇ ਗੱਲ ਕਰ ਲਓ।’’ ਮੈਂ ਦੂਜੇ ਦਿਨ ਲੁਧਿਆਣੇ ਤੋਂ ਬੱਸ ਫੜ ਕੇ ਅਜੀਤਵਾਲ ਜਾ ਉਤਰਿਆ। ਉੱਥੋਂ ਉਦੋਂ ਢੁੱਡੀਕੇ ਨੂੰ ਟੈਂਪੂ ਜਾਂਦੇ ਹੁੰਦੇ ਸਨ। ਮੈਂ ਅਜੀਤਵਾਲ ਇੱਕ ਚਾਹ ਦੇ ਖੋਖੇ ਵਾਲੇ ਨੂੰ ਪੁੱਛਿਆ ਕਿ ਉੱਥੇ ਕੰਵਲ ਸਾਹਿਬ ਕਦੋਂ ਉਤਰਦੇ ਹੁੰਦੇ ਸਨ। ਉਹ ਕਹਿੰਦਾ - ‘‘ਮੈਂ ਤਾਂ ਕਿਸੇ ਕੰਵਲ ਕੁੰਵਲ ਨੂੰ ਨਹੀਂ ਜਾਣਦਾ।’’ ਫਿਰ ਮੈਂ ਦੋ ਕੁ ਨੂੰ ਹੋਰ ਪੁੱਛਿਆ।
ਉਨ੍ਹਾਂ ਵਿੱਚੋਂ ਇੱਕ ਬੋਲਿਆ - ‘‘ਕੀ ਤੁਸੀਂ ਢੁੱਡੀਕੇ ਦੇ ਸਰਪੰਚ ਦੀ ਗੱਲ ਕਰਦੇ ਹੋ?’’ ਮੈਂ ਕਿਹਾ, ‘‘ਯਾਰ, ਉਹ ਸਰਪੰਚ ਹੈ ਜਾਂ ਨਹੀਂ, ਇਹ ਤਾਂ ਮੈਂ ਨਹੀਂ ਜਾਣਦਾ।’’ ਇੰਨੇ ਨੂੰ ਦੂਜਾ ਬੋਲ ਪਿਆ, ‘‘ਉਹ ਕਾਮਰੇਡ। ਇਹ ਕਾਮਰੇਡ ਬਾਰੇ ਪੁੱਛ ਰਿਹਾ ਲੱਗਦਾ ਏ। ਉਹ ਚਿੱਟਕੱਪੜੀਆ ਬੁੜ੍ਹਾ।’’
ਮੈਂ ਕਿਹਾ, ‘‘ਉਹ ਮਸ਼ਹੂਰ ਨਾਵਲਕਾਰ ਏ।’’ ਉਹੀ ਫਿਰ ਬੋਲਿਆ, ‘‘ਅਸੀਂ ਉਹਦੀ ਕਿਸੇ ਹੋਰ ਕਲਾਕਾਰੀ ਬਾਰੇ ਤਾਂ ਨਹੀਂ ਜਾਣਦੇ। ਹਾਂ, ਉਹ ਪਿੰਡ ਦਾ ਸਰਪੰਚ ਹੈ। ਇੱਥੇ ਅੱਡੇ ਵਿੱਚ ਲੋਕ ਉਹਨੂੰ ਚਿੱਟਕੱਪੜੀਆ ਸਰਦਾਰ ਕਰਕੇ ਜਾਣਦੇ ਹਨ। ਉਹ ਲੰਬਾ ਜਿਹਾ ਬੁੜ੍ਹਾ ਏ। ਉਹਦੇ ਉਤਰਨ ਦਾ ਪੱਕਾ ਪਤਾ ਨਹੀਂ। ਤੁਸੀਂ ਟੈਂਪੂ ਫੜ ਕੇ ਢੁੱਡੀਕੇ ਪਹੁੰਚ ਜਾਓ। ਉੱਥੇ ਜਾ ਕੇ ਪਤਾ ਕਰੋ।’’
ਉਦੋਂ ਕੰਵਲ ਦੇ ਵੀਹ ਕੁ ਨਾਵਲ ਬਾਜ਼ਾਰ ਵਿੱਚ ਆ ਚੁੱਕੇ ਸਨ, ਪ੍ਰੰਤੂ ਉਹਨੂੰ ਉਹਦੇ ਪਿੰਡ ਦੇ ਨੇੜੇ ਪੈਂਦੇ ਪਿੰਡ ਦੇ ਬੱਸ ਅੱਡੇ ’ਤੇ ਕੋਈ ਦੁਕਾਨਦਾਰ ਚੱਜ ਨਾਲ ਜਾਣਦਾ ਤੱਕ ਨਹੀਂ ਸੀ। ਮਨਜੀਤ, ਤੂੰ ਲੋਕਾਂ ਦੀ ਸੋਚ ਦਾ ਅੰਦਾਜ਼ਾ ਲਗਾ ਲੈ।
‘‘ਸਰ ਜੀ, ਤੁਹਾਡੀ ਗੱਲ ਬਿਲਕੁਲ ਠੀਕ ਏ। ਕੀ ਤੁਸੀਂ ਕੰਵਲ ਨੂੰ ਮਿਲੇ?”
ਇਹ ਵੀ ਸੁਣ ਲੈ। ਮੈਂ ਢੁੱਡੀਕੇ ਪਿੰਡ ਦੇ ਬਾਹਰਵਾਰ ਜਾ ਕੇ ਇੱਕ ਮੁੰਡੇ ਤੋਂ ਕੰਵਲ ਦਾ ਘਰ ਪੁੱਛਿਆ। ਕਹਿੰਦੇ ਪਿੰਡ ਦੇ ਚੜ੍ਹਦੇ ਪਾਸੇ ਛੱਪੜ ਪਾਸ ਏ। ਮੈਂ ਚਲਾ ਗਿਆ ਤੇ ਜਾ ਕੇ ਦਰਵਾਜ਼ਾ ਖੜਕਾਇਆ। ਅੰਦਰੋਂ ਇੱਕ 30 ਕੁ ਸਾਲ ਦਾ ਬੰਦਾ ਆਇਆ। ਮੈਨੂੰ ਅੰਦਰ ਲੈ ਗਿਆ। ਅਸੀਂ ਬੈਠ ਗਏ। ਦੋ ਕੁ ਮਿੰਟ ਵਿੱਚ ਇੱਕ 65 ਕੁ ਸਾਲ ਦੀ ਔਰਤ ਮੇਰੇ ਸਾਹਮਣੇ ਆ ਕੇ ਬੈਠ ਗਈ।
‘‘ਹਾਂ! ਜੀ, ਵੀਰ ਜੀ, ਕੀ ਕੰਮ ਆਏ ਹੋ?’’
‘‘ਭੈਣ ਜੀ, ਮੈਂ ਦੁਆਬੇ ਦੇ ਕਿਸੇ ਕਾਲਜ ਵਿੱਚ ਪ੍ਰੋਫੈਸਰ ਹਾਂ। ਅਸੀਂ ਇੱਕ ਪ੍ਰੋਗਰਾਮ ਕਰ ਰਹੇ ਹਾਂ। ਅਸੀਂ ਕੰਵਲ ਸਾਹਿਬ ਤੋਂ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕਰਵਾਉਣੀ ਚਾਹੁੰਦੇ ਹਾਂ।’’
‘‘ਫਿੱਟੇ ਮੂੰਹ ਤੁਹਾਡੇ ’ਤੇ ਨਾਲੇ ਤੁਹਾਡੀ ਪੜ੍ਹਾਈ ਦੇ! ਤੁਹਾਨੂੰ ਪ੍ਰਧਾਨਗੀ ਕਰਵਾਉਣ ਲਈ ਕੋਈ ਹੋਰ ਚੰਗਾ ਬੰਦਾ ਨਹੀਂ ਮਿਲਿਆ? ਤੁਸੀਂ ਇਸ...ਤੋਂ ਪ੍ਰਧਾਨਗੀ ਕਰਵਾਉਣੀ ਚਾਹੁੰਦੇ ਹੋ?’’
ਉਹ ਔਰਤ ਹੋਰ ਵੀ ਅਵਾ ਤਵਾ ਬੋਲਣ ਵਾਲੀ ਸੀ ਕਿ ਮੈਂ ਉੱਠ ਕੇ ਬਾਹਰ ਨੂੰ ਤੁਰ ਪਿਆ। ਮੈਨੂੰ ਡਰ ਪੈ ਗਿਆ ਕਿ ਉਹ ਉਸ ਮੁੰਡੇ ਨੂੰ ਅੰਦਰ ਸੱਦ ਕੇ ਮੇਰੇ ਚਪੇੜਾਂ ਹੀ ਨਾ ਵਜਵਾ ਦੇਵੇ। ਮੈਂ ਬਾਹਰ ਨਿਕਲ ਆਇਆ।
“ਸਰ ਜੀ, ਇਹ ਮਾਜਰਾ ਕੀ ਸੀ?”
“ਮਨਜੀਤ, ਇਹ ਕੰਵਲ ਦੀ ਪਹਿਲੀ ਔਰਤ ਦਾ ਘਰ ਸੀ। ਉਦੋਂ ਉਹ ਇੱਕ ਹੋਰ ਔਰਤ ਨਾਲ ਰਹਿੰਦਾ ਹੁੰਦਾ ਸੀ। ਜਦੋਂ ਕੋਈ ਆਦਮੀ ਆਪਣੀ ਘਰਵਾਲੀ ਨੂੰ ਛੱਡ ਕੇ ਕਿਸੇ ਹੋਰ ਨਾਲ ਰਹਿੰਦਾ ਹੋਵੇ ਤਾਂ ਘਰਵਾਲੀ ਤਾਂ ਇਸ ਪ੍ਰਕਾਰ ਦਾ ਵਰਤਾਓ ਹੀ ਕਰੇਗੀ।’’
“ਜੀ ਸਰ, ਫਿਰ।’’
“ਮੈਂ ਬਾਹਰ ਆ ਕੇ ਕੰਵਲ ਦਾ ਦੂਜਾ ਘਰ ਪਤਾ ਕੀਤਾ। ਬੰਦਾ ਕਹਿੰਦਾ— ਔਹ ਪਿੰਡ ਦੇ ਬਾਹਰਵਾਰ ਉਹਦੀ ਕੋਠੀ ਏ। ਜਦ ਮੈਂ ਕੋਠੀ ਮੂਹਰੇ ਗਿਆ ਤਾਂ ਦੇਖਿਆ ਉੱਥੇ ਤਾਲਾ ਲਟਕ ਰਿਹਾ ਸੀ। ਕੰਵਲ ਕਿਤੇ ਗਿਆ ਹੋਇਆ ਸੀ। ਮੈਂ ਵਾਪਸ ਆਪਣੇ ਸਹੁਰੀਂ ਲੁਧਿਆਣੇ ਆ ਗਿਆ। ਦੂਜੇ ਦਿਨ ਮੈਂ ਫਿਰ ਗਿਆ ਤਾਂ ਕੰਵਲ ਮਿਲ ਪਿਆ ਸੀ। ਉਹ ਆ ਕੇ ਸਾਡੇ ਪ੍ਰੋਗਰਾਮ ਦੀ ਪ੍ਰਧਾਨਗੀ ਕਰ ਗਿਆ ਸੀ।’’
“ਸਾਹਿਤਕਾਰਾਂ ਦਾ ਵੀ ਅਜੀਬ ਹਾਲ ਏ ਸਰ ਜੀ। ਕਮਾਲ ਹੋ ਗਈ। ਤੁਹਾਨੂੰ ਤੁਹਾਡੇ ਪਿੰਡ ਦੀ ਦੂਜੀ ਪੁਸ਼ਤ ਨੇ ਪਛਾਣਨ ਤੋਂ ਇਨਕਾਰ ਕਰ ਦਿੱਤਾ। ਤੁਸੀਂ ਸਾਡੇ ਵਾਸਤੇ ਇੱਕ ਮਹੱਤਵਪੂਰਨ ਵਿਅਕਤੀ ਹੋ। ਹੁਣ ਮੈਂ ਸਟੇਜ ’ਤੇ ਤੁਹਾਡੇ ਬਾਰੇ ਖੁੱਲ੍ਹ ਕੇ ਦੱਸਾਂਗਾ। ਤੁਹਾਨੂੰ ਲੋਕਾਂ ਦੇ ਰੂ-ਬ-ਰੂ ਕਰਵਾਵਾਂਗਾ। ਤੁਹਾਨੂੰ ਸਨਮਾਨਿਤ ਵੀ ਕਰਾਂਗੇ। ਬਸ ਤੁਸੀਂ ਮੇਰੇ ਨਾਲ ਆ ਜਾਓ। ਮੂਹਰੇ ਮੁੱਖ ਮਹਿਮਾਨਾਂ ਨਾਲ ਸੋਫਿਆਂ ’ਤੇ ਬਿਰਾਜਮਾਨ ਹੋ ਜਾਓ। ਮੈਂ ਇਨ੍ਹਾਂ ਛੋਕਰਿਆਂ ਦੇ ਸਾਰੇ ਸ਼ੰਕੇ ਕੱਢ ਦਿਆਂਗਾ।’’
‘‘ਮਨਜੀਤ ਤੈਨੂੰ ਇੰਨਾ ਜ਼ਿਆਦਾ ਮਹਿਸੂਸ ਨਹੀਂ ਕਰਨਾ ਚਾਹੀਦਾ। ਆਮ ਲੋਕ ਸਾਹਮਣੇ ਦਿਖ ਰਹੀ, ਬੋਲ ਰਹੀ ਜਾਂ ਅਭਿਨੈ ਕਰ ਰਹੀ ਹਸਤੀ ਤੋਂ ਪ੍ਰਭਾਵਿਤ ਹੋਇਆ ਕਰਦੇ ਹਨ। ਇਹ ਪਿੱਛੇ ਛੁਪੀਆਂ ਹੋਈਆਂ ਹਸਤੀਆਂ ਜਿਵੇਂ ਗੀਤਕਾਰਾਂ, ਨਿਰਦੇਸ਼ਕਾਂ, ਸੰਗੀਤਕਾਰਾਂ ਆਦਿ ਨੂੰ ਘੱਟ ਹੀ ਜਾਣਦੇ ਹੁੰਦੇ ਹਨ। ਚਮਕ ਦਮਕ, ਤਿੱਖੀਆਂ ਸੰਗੀਤਮਈ ਧੁਨਾਂ ਤੇ ਆਵਾਜ਼ਾਂ ਹੀ ਇਨ੍ਹਾਂ ਲਈ ਸਭ ਕੁਝ ਹੁੰਦੀਆਂ ਹਨ।’’
ਮੈਂ ਉਸ ਸੀਟ ’ਤੇ ਬੈਠ ਗਿਆ ਤੇ ਪ੍ਰੋਗਰਾਮ ਦਾ ਆਨੰਦ ਮਾਣਨ ਲੱਗ ਪਿਆ।
ਸੰਪਰਕ: +61 437 641 033