ਘਰ ਘਰ ਰਿੱਝੇ ਨਿੱਤ ਸਾਗ ਹਾਣੀਆਂ...
ਜੱਗਾ ਸਿੰਘ ਆਦਮਕੇ
ਸਰ੍ਹੋਂ ਉੱਤਰੀ ਭਾਰਤ ਦੀ ਹਾੜ੍ਹੀ ਦੀ ਪ੍ਰਮੁੱਖ ਫ਼ਸਲ ਹੈ। ਇਹ ਖੁਰਾਕੀ ਤੇਲ ਦਾ ਪ੍ਰਮੁੱਖ ਸਰੋਤ ਹੈ। ਇਸ ਦੇ ਪੀਲੇ ਫੁੱਲ ਧਰਤੀ ਨੂੰ ਬਸੰਤ ਰੁੱਤ ਵਿੱਚ ਸੁਹੱਪਣ ਪ੍ਰਦਾਨ ਕਰਨ ਦਾ ਕੰਮ ਕਰਦੇ ਹਨ। ਇਸ ਦੇ ਨਾਲ ਨਾਲ ਇਸ ਦੀਆਂ ਨਰਮ ਗੰਦਲਾਂ, ਪੱਤਿਆਂ ਦਾ ਸਾਗ ਉੱਤਰੀ ਭਾਰਤ, ਪਾਕਿਸਤਾਨ ਵਿੱਚ ਵੱਡੇ ਪੱਧਰ ’ਤੇ ਬਣਾਇਆ ਜਾਂਦਾ ਹੈ। ਸਰ੍ਹੋਂ ਦਾ ਸਾਗ ਅਤੇ ਪੱਕੀ ਦੀ ਰੋਟੀ ਪੰਜਾਬੀਆਂ ਦਾ ਸਰਦੀ ਦਾ ਮਨਭਾਉਂਦਾ ਖਾਣਾ ਹੈ। ਸਰ੍ਹੋਂ ਦਾ ਸਾਗ ਬਣਾਉਣ ਸਮੇਂ ਵਿੱਚ ਪਾਏ ਜਾਂਦੇ ਪਾਲਕ, ਮੇਥੀ, ਬਾਥੂ, ਅਦਰਕ, ਲਸਣ ਆਦਿ ਵਰਗੀਆਂ ਵਸਤੂਆਂ ਇਸ ਨੂੰ ਸੁਆਦੀ ਬਣਾਉਣ ਦੇ ਨਾਲ ਨਾਲ ਖੁਰਾਕੀ ਤੱਤਾਂ ਨਾਲ ਭਰਪੂਰ ਬਣਾਉਣ ਦਾ ਕਾਰਜ ਕਰਦੇ ਹਨ। ਸਰਦੀਆਂ ਵਿੱਚ ਪੰਜਾਬੀਆਂ ਦਾ ਉਹ ਕਿਹੜਾ ਘਰ ਹੈ ਜਿੱਥੇ ਸਾਗ ਬਣਾਇਆ ਅਤੇ ਖਾਧਾ ਨਹੀਂ ਜਾਂਦਾ।
ਸਰ੍ਹੋਂ ਦੇ ਸਾਗ ਵਿੱਚ ਸਰ੍ਹੋਂ ਦੀਆਂ ਨਰਮ ਗੰਦਲਾਂ, ਪੱਤਿਆਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈੈ। ਸਾਗ ਬਣਾਉਣ ਲਈ ਇਸ ਦੀਆਂ ਨਰਮ ਗੰਦਲਾਂ ਅਤੇੇ ਪੱਤਿਆਂ ਦਾ ਉਪਯੋਗ ਕੀਤਾ ਜਾਂਦਾ ਹੈ। ਸਾਗ ਬਣਾਉਣ ਲਈ ਪਹਿਲੀ ਗਤੀਵਿਧੀ ਸਰ੍ਹੋਂ ਦੀਆਂ ਨਰਮ ਗੰਦਲਾਂ ਤੋੜ ਕੇ ਲਿਆਉਣਾ ਹੈ। ਇਸ ਕਰਕੇ ਸਰ੍ਹੋਂ ਦਾ ਸਾਗ ਤੋੜਣ ਦੇ ਅਜਿਹੇ ਪੱਖ ਦਾ ਜ਼ਿਕਰ ਟੱਪਿਆਂ ਬੋਲੀਆਂ ਵਿੱੱਚ ਕੁਝ ਇਸ ਤਰ੍ਹਾਂ ਮਿਲਦਾ ਹੈ;
ਕੁੜੀ ਸਰ੍ਹੋਂ ਦੀ ਗੰੰਦਲ ਵਰਗੀ
ਸਰ੍ਹੋਂ ਦਾ ਸਾਗ ਤੋੜਦੀ ਫਿਰੇ।
ਸਰ੍ਹੋਂ ਦਾ ਸਾਗ ਬਣਾਉਣ ਲਈ ਸਰ੍ਹੋਂ ਦੀਆਂ ਗੰਦਲਾਂ ਦੀ ਵੱਡੇ ਪੱਧਰ ’ਤੇ ਤੋੜ ਤੁੜਾਈ ਹੁੰਦੀ ਹੈ। ਅਜਿਹਾ ਹੋਣ ਕਾਰਨ ਕਿਸੇ ਸਾਗ ਤੋੜਣ ਵਾਲੀ ਨੂੰ ਕਿਸਾਨ ਵੱਲੋਂ ਸਾਗ ਲਈ ਸਰ੍ਹੋਂ ਦੀ ਗੰਦਲ ਤੋੜਣ ਤੋਂ ਰੋਕਣ ਸਬੰਧੀ ਟੱਪੇ ਵਿੱਚ ਕਿਹਾ ਕੁਝ ਇਸ ਤਰ੍ਹਾਂ ਮਿਲਦਾ ਹੈ;
ਹੱਥ ਸੋਚ ਕੇ ਗੰਦਲ ਨੂੰ ਪਾਈਂ
ਕਿਹੜੀ ਐਂ ਤੂੰ ਸਾਗ ਤੋੜਦੀ।
ਸਰਦੀ ਵਿੱਚ ਸਾਗ ਬਣਾਉਣ ਦੇ ਦਿਨਾਂ ਵਿੱਚ ਹਰ ਘਰ ਵੱਲੋਂ ਵਾਰ ਵਾਰ ਸਾਗ ਬਣਾਇਆ ਜਾਂਦਾ ਹੈੈ। ਅਜਿਹਾ ਹੋਣ ਕਾਰਨ ਸਾਗ ਲਈ ਸਰ੍ਹੋਂ ਦੀ ਵੱਡੇ ਪੱਧਰ ’ਤੇ ਤੋੜ ਤੁੜਾਈ ਕਾਰਨ ਸਰ੍ਹੋਂ ਦਾ ਨੁਕਸਾਨ ਵੱਡੇ ਪੱਧਰ ’ਤੇ ਹੁੰਦਾ ਹੈ। ਇਸ ਲਈ ਕਈ ਵਾਰ ਕਿਸਾਨਾਂ ਨੂੰ ਸਾਗ ਲਈ ਸਰ੍ਹੋਂ ਤੋੜਣ ਵਾਲਿਆਂ ਤੋਂ ਇਸ ਦੀ ਰਖਵਾਲੀ ਵੀ ਕਰਨੀ ਪੈਂਦੀ ਹੈ। ਕਿਸੇ ਨੂੰ ਅਜਿਹੇ ਸਮੇਂ ਸਾਗ ਤੋੜਨ ਜਾਂ ਤੋੜਨ ਦਾ ਭੁਲੇਖਾ ਪੈਣ ’ਤੇ ਸਬੰਧਤ ਨੂੰ ਟੋਕਣ ਸਬੰਧੀ ਵੀ ਲੋਕ ਬੋਲੀਆਂ ਟੱਪਿਆਂ ਵਿੱਚ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ;
ਕਾਹਨੂੰ ਮਾਰਦੇ ਜੱਟਾ ਐਵੇਂ ਖੰਘੂਰੇ
ਮੈਂ ਨਾ ਤੇਰਾ ਸਾਗ ਤੋੜਿਆ।
ਸਰਦੀ ਵਿੱਚ ਸਾਗ ਹਰ ਘਰ ਬਣਦਾ ਹੈ। ਇਸ ਲਈ ਸਰ੍ਹੋਂ ਦੀਆਂ ਗੰਦਲਾਂ ਦਾ ਸਾਗ ਵੀ ਖੇਤੋਂ ਤੋੜ ਕੇ ਲਿਆਉਣਾ ਪੈਂਦਾ ਹੈ। ਸਾਗ ਤੋੜ ਕੇ ਲਿਆਉਣਾ ਜਿੱਥੇ ਇਹ ਆਮ ਘਰਾਂ ਦੀ ਜ਼ਰੂਰਤ ਹੈ, ਉੱਥੇ ਸੌਂਕ ਨਾਲ ਵੀ ਕੁਝ ਲੋਕਾਂ ਵੱਲੋਂ ਸਾਗ ਲਿਆਉਣ ਦਾ ਕੰਮ ਕੀਤਾ ਜਾਂਦਾ ਹੈ। ਸਾਗ ਤੋੜਨ ਦਾ ਕੰਮ ਆਮ ਕਰਕੇ ਘਰ ਦੀਆਂ ਔਰਤਾਂ ਵੱਲੋਂ ਕੀਤਾ ਜਾਂਦਾ ਹੈ। ਕਿਸੇ ਦੇ ਖੇਤ ਕਿਸੇ ਅਣਜਾਣ ਵੱਲੋਂ ਸਾਗ ਤੋੜਨ ’ਤੇ ਮਾਲਕ ਵੱਲੋਂ ਰੋਕਿਆ ਵੀ ਜਾਂਦਾ ਹੈ। ਕਈ ਵਾਰ ਸਾਗ ਤੋੜਨ ਵਾਲੀ ਕਿਸੇ ਹੈਸੀਅਤ ਦੀ ਮਾਲਕ ਹੋਣ ਦੇੇ ਕਾਰਨ ਲੁਕ ਕੇ ਨਹੀਂ, ਸਗੋਂ ਮਾਣ ਨਾਲ ਸਾਗ ਤੋੜਦੀ ਅਤੇ ਆਪਣੀ ਧੌਂਸ ਵੀ ਕੁਝ ਇਸ ਤਰ੍ਹਾਂ ਬਰਕਰਾਰ ਰੱਖਦੀ ਹੈ;
ਸਾਗ ਤੋੜਦੀ ਜੱਟੀ ਮੁਰੱਬਿਆਂ ਵਾਲੀ
ਐਵੇਂ ਮਾਰ ਨਾ ਜੱਟਾ ਲਲਕਾਰੇ।
ਸਰ੍ਹੋਂ ਦੇ ਸਾਗ ਨਾਲ ਮੱਕੀ ਦੀ ਰੋਟੀ ਪੰਜਾਬੀਆਂ ਦਾ ਪਸੰਦੀਦਾ ਅਤੇ ਪ੍ਰੰਪਰਾਗਤ ਖਾਣਾ ਹੈ। ਇਹ ਕੇਵਲ ਇੱਕ ਪਕਵਾਨ ਨਾ ਹੋ ਕੇ ਪੰਜਾਬੀਆਂ ਦੀ ਸੱਭਿਆਚਾਰਕ ਪੱਖ ਤੋਂ ਪਹਿਚਾਣ ਦਾ ਹਿੱਸਾ ਹੈ। ਸਰ੍ਹੋਂ ਦਾ ਸਾਗ ਕੈਲਰੀਆਂ, ਸੂਖਮ ਤੱਤਾਂ, ਵਿਟਾਮਨ ਏ, ਬੀ, ਸੀ ਨਾਲ ਭਰਪੂਰ ਹੁੰਦਾ ਹੈ। ਆਪਣੇ ਅਜਿਹੇ ਮਹੱਤਵ ਕਾਰਨ ਇਹ ਪੰਜਾਬੀ ਜਨ ਜੀਵਨ ਲਈ ਬੇਹੱਦ ਮਹੱਤਵਪੂਰਨ ਹੈ ਅਤੇ ਪੰਜਾਬੀ ਲੋਕ ਗੀਤਾਂ ਵਿੱਚ ਵੱਖ ਵੱਖ ਸੰਦਰਭਾਂ ਵਿੱਚ ਇਸ ਦਾ ਵਰਣਨ ਕੁਝ ਇਸ ਤਰ੍ਹਾਂ ਮਿਲਦਾ ਹੈ;
ਰੋਟੀ ਮੱਕੀ ਦੀ ਉੱਤੇ ਰੱਖੂੰ ਸਾਗ ਬਾਬਲਾ
ਤੇਰੀ ਪੱਗ ਨੂੰ ਨਾ ਲਾਊਂ ਕਦੇ ਦਾਗ ਬਾਬਲਾ
ਸਰ੍ਹੋਂ ਦਾ ਸਾਗ ਖੁਰਾਕੀ ਤੱਤਾਂ ਪੱਖੋਂ ਕਾਫ਼ੀ ਗੁਣਕਾਰੀ ਹੈ। ਅਜਿਹਾ ਹੋਣ ਕਾਰਨ ਪੰਜਾਬੀ ਖੁਰਾਕੀ ਆਦਤਾਂ ਦਾ ਖਾਸ ਹਿੱਸਾ ਹੈ। ਇਹ ਸਰੀਰਕ ਰੂਪ ਵਿੱਚ ਤਾਕਤ ਪ੍ਰਦਾਨ ਕਰਨ ਦੇ ਨਾਲ ਨਾਲ ਵੱੱਖ ਵੱਖ ਰੋਗਾਂ ਨਾਲ ਲੜਨ ਦੀ ਸਮਰੱਥਾ ਪ੍ਰਦਾਨ ਕਰਕੇ ਸਰੀਰ ਨੂੰ ਤੰਦਰੁਸਤੀ ਪ੍ਰਦਾਨ ਕਰਨ ਵਿੱਚ ਸਹਾਇਤਾ ਕਰਦਾ ਹੈ। ਇਸ ਦੀ ਥਾਂ ਦੂਸਰੀਆਂ ਤਲੀਆਂ ਤੇ ਬਾਜ਼ਾਰੂ ਚੀਜ਼ਾਂ ਖਾਣ ਦੇ ਨੁਕਸਾਨ ਹਨ। ਅਜਿਹਾ ਹੋਣ ਕਾਰਨ ਸਾਗ ਦੀ ਥਾਂ ਹੋਰ ਚੀਜ਼ਾਂ ਖਾਣ ਵਾਲਿਆਂ ਨੂੰ ਲੋਕ ਬੋਲੀਆਂ ਵਿੱਚ ਸੁਚੇਤ ਕੀਤਾ ਕੁਝ ਇਸ ਤਰ੍ਹਾਂ ਮਿਲਦਾ ਹੈ;
ਸਾਗ ਸਰ੍ਹੋਂ ਦਾ ਮੱਕੀ ਦੀ ਰੋਟੀ
ਨੀਂ ਤੂੰ ਅੱਜਕੱਲ੍ਹ ਕਿਉਂ ਨਾ ਖਾਂਦੀ
ਗਿੱਝ ਗਈ ਤਲਿਆਂ ’ਤੇ
ਤਾਂ ਹੀ ਮੋਟੀ ਹੁੰਦੀ ਜਾਂਦੀ
ਨੀਂ ਗਿੱਝ ਗਈ...
ਮੱਘਰ ਮਹੀਨੇ ਤੋਂ ਖੇਤਾਂ ਵਿੱਚ ਸਰ੍ਹੋਂ ਹੋਣ ਨਾਲ ਹੀ ਆਮ ਘਰਾਂ ਵਿੱਚ ਸਾਗ ਬਣਨਾ ਸ਼ੁਰੂ ਹੋ ਜਾਂਦਾ ਹੈੈ। ਪੋਹ-ਮਾਘ ਵਿੱਚ ਇਸ ਦੀ ਵਰਤੋਂ ਖੂਬ ਹੁੰਦੀ ਹੈ। ਇਸ ਸਮੇਂ ਕਿਸੇ ਆਪਣੇ ਦੀ ਇਸ ਦਾ ਆਨੰਦ ਨਾ ਲੈ ਸਕਣ ਕਾਰਨ ਘਾਟ ਵੀ ਮਹਿਸੂਸ ਹੁੰਦੀ ਹੈ। ਜੇਕਰ ਉਹ ਇਸ ਸਮੇਂ ਇੱਥੇ ਮੌਜੂਦ ਹੁੰਦਾ ਤਾਂ ਇਸ ਮੌਸਮੀ ਉਪਹਾਰ ਦਾ ਉਹ ਵੀ ਲੁਤਫ ਲੈਂਦਾ;
ਚੜ੍ਹੇ ਮਹੀਨੇ ਪੋਹ ਮਾਘ
ਰਿੰਨ੍ਹੀਏ ਸਾਗ, ਹਾਂਡੀ ਪਾਣੀ ਪਾਈਏ
ਪੀਆ ਆਵੇ ਮੇਰੇ ਕੋਲ
ਤਾਂ ਰਲ ਮਿਲ ਖਾਈਏ
ਸਾਗ ਬਣਾਉਣ ਦਾ ਕੰਮ ਕਾਫ਼ੀ ਮਿਹਨਤ ਵਾਲਾ ਹੈ। ਇਸ ਨੂੰ ਲੰਬਾ ਸਮਾਂ ਮੋਟੀਆਂ ਲੱਕੜਾਂ, ਪਾਥੀਆਂ ਨਾਲ ਚੰਗੀ ਤਰ੍ਹਾਂ ਰਿੰਨ੍ਹਣ ਤੋਂ ਬਾਅਦ ਘੋਟਣਾ ਵੀ ਜ਼ਰੂਰੀ ਪ੍ਰਕਿਰਿਆ ਹੈ ਕਿਉਂਕਿ ਇਸ ਤੋਂ ਪਹਿਲਾਂ ਸਰ੍ਹੋਂ ਤੇ ਦੂਸਰੇ ਬਾਥੂ, ਪਾਲਕ, ਮੇਥੀ ਵਰਗੇੇ ਪਦਾਰਥ ਮੋਟੇ ਜਿਹੇ ਹੀ ਕੱਟ ਕੇ ਰਿੰੰਨ੍ਹੇੇ ਜਾਂਦੇ ਸਨ। ਪਹਿਲਾਂ ਸਾਗ ਬਣਾਉਣ ਲਈ ਮਿੱਟੀ ਤੋਂ ਬਣੀ ਤੌੜੀ ਦੀ ਵਰਤੋਂ ਕੀਤੀ ਜਾਂਦੀ ਸੀ। ਸਾਗ ਘੋਟਣ ਸਮੇਂ ਇਸ ਵਿੱਚ ਮੱਕੀ ਜਾਂ ਬਾਜਰੇੇ ਦਾ ਆਟਾ ਪਾਇਆ ਜਾਂਦਾ ਹੈ ਜਿਹੜਾ ਇਸ ਨੂੰ ਸੰਘਣਾ ਕਰਨ ਦਾ ਕੰਮ ਕਰਦਾ ਹੈ। ਸਾਗ ਨੂੰ ਘੋਟਣ ਲਈ ਵਰਤੀਂ ਦੇ ਅਜੋਕੇ ਬਿਜਲਈ ਸਾਧਨਾਂ ਦੀ ਬਜਾਏ ਇਸ ਪ੍ਰਕਿਰਿਆ ਲਈ ਘੋਟਣੇ, ਮਧਣੀ, ਡੋਈ ਆਦਿ ਦਾ ਉਪਯੋਗ ਕੀਤਾ ਜਾਂਦਾ ਸੀ। ਇਸ ਪ੍ਰਕਿਰਿਆ ਦੌਰਾਨ ਕਈ ਵਾਰ ਕਿਸੇ ਨਾਲ ਕੁਝ ਅਜਿਹਾ ਵੀ ਵਾਪਰ ਜਾਂਦਾ;
ਕਾਹਦੀ ਤੂੰ ਸੁੱਘੜ ਸੁਆਣੀ
ਸਾਗ ਘੋਟਦੀ ਨੇ ਭੰਨਤੀ ਤੌੜੀ।
ਸਰਦੀ ਵਿੱਚ ਸਾਗ ਦਾ ਪੰਜਾਬੀ ਜਨ ਜੀਵਨ ਵਿੱਚ ਵਿਸ਼ੇਸ਼ ਮਹੱਤਵ ਹੈ। ਸਾਗ ਵਿੱਚ ਅਜਿਹੇ ਖੁਰਾਕੀ ਤੱਤ ਹੁੰਦੇ ਹਨ ਜਿਹੜੇ ਮਨੁੱਖੀ ਸਰੀਰ ਦੀਆਂ ਮਾਸਪੇਸ਼ੀਆਂ ਨੂੰ ਗਰਮੀ ਦੇਣ ਦਾ ਕੰਮ ਕਰਦਾ ਹੈ। ਕੱਤਕ ਤੋਂ ਖੇਤਾਂ ਵਿੱਚ ਸਰ੍ਹੋਂ ਮਿਲਣੀ ਸ਼ੁਰੂ ਹੋਣ ’ਤੇ ਲਗਾਤਾਰ ਭਰਪੂਰ ਮਾਤਰਾ ਵਿੱਚ ਸਾਗ ਬਣਾਇਆ ਜਾਣਾ ਆਮ ਜਨ ਜੀਵਨ ਦੀਆਂ ਸਰਦੀ ਵਿੱਚ ਖੁਰਾਕ ਸਬੰਧੀ ਆਦਤਾਂ ਦਾ ਹਿੱਸਾ ਹੈ। ਅਜਿਹਾ ਹੋਣ ਕਾਰਨ ਬਹੁਤ ਸਾਰੀਆਂ ਬੋਲੀਆਂ, ਟੱਪਿਆਂ ਵਿੱਚ ਸਾਗ ਦਾ ਵੱਖ ਵੱਖ ਰੂਪਾਂ ਵਿੱਚ ਜ਼ਿਕਰ ਕੀਤਾ ਮਿਲਦਾ ਹੈ;
ਚੱਲ ਨਣਦੇ ਨੀਂ ਚੱਲੀਏ
ਖੇਤ ਨੀਂ ਜਾ ਕੇ ਆਈਏ
ਵੀਰ ਤੇਰੇ ਨੀਂ ਗਿਆ ਕਹਿ ਕੇ
ਨੀਂ ਸਰ੍ਹੋਂ ਦਾ ਸਾਗ ਬਣਾਈਏ
ਗੰਦਲਾਂ ਸਰ੍ਹੋਂ ਦੀਆਂ ਖੇਤੋਂ ਤੋੜ ਲਿਆਈਏ
ਸਰਦੀ ਦੇ ਦਿਨਾਂ ਵਿੱਚ ਸਾਗ ਬਣਾਉਣ ਲਈ ਵੱਡੀ ਮਾਤਰਾ ਵਿੱਚ ਸਰ੍ਹੋਂ ਦੀ ਤੋੜ ਤੁੜਾਈ ਹੋਣ ਕਾਰਨ ਸਰ੍ਹੋਂ ਦੀ ਫ਼ਸਲ ਦਾ ਕਾਫ਼ੀ ਨੁਕਸਾਨ ਹੁੰਦਾ ਹੈ। ਅਜਿਹੀ ਸਥਿਤੀ ਵਿੱਚ ਕਿਸਾਨਾਂ ਵੱਲੋਂ ਸਰ੍ਹੋਂ ਦਾ ਸਾਗ ਤੋੜਣ ਵਾਲਿਆਂ ਨੂੰ ਰੋਕਿਆ ਜਾਂਦਾ ਹੈ। ਕਿਸੇ ਵੱਲੋਂ ਕਿਸਾਨ ਅਜਿਹੀ ਗਤੀਵਿਧੀ ਨੂੰ ਸੂਮਪਣਾ ਕੁਝ ਇਸ ਤਰ੍ਹਾਂ ਮੰਨਿਆ ਜਾਂਦਾ ਹੈ;
ਨੀਂ ਮੁੰਡਾ ਕਮਾਲ ਨੀਂ ਕਰੇ
ਨੀਂ ਮੁੰਡਾ ਕਮਾਲ ਨੀਂ ਕਰੇ
ਮੁੰਡਾ ਅੰਤਾਂ ਦਾ ਸੂਮ ਕੁੜੀਓ
ਨੀਂ ਰੁੱਗ ਸਰ੍ਹੋਂ ਦੀਆਂ ਗੰਦਲਾਂ ਨਾ ਜਰੇ
ਤੋੜਾਂ ਸਾਗ ਤਾਂ ਮਰਜੂੰ ਮਰਜੂੰ ਨੀਂ ਕਰੇ
ਸਾਗ ਬਣਾਉਣ ਲਈ ਇਸ ਦੀ ਚੀਰ ਚਰਾਈ ਲਈ ਆਮ ਘਰਾਂ ਵਿੱਚ ਦਾਤ ਬਣਾਇਆ ਹੁੰਦਾ ਸੀ। ਸਾਗ ਚੀਰਨ ਦੀ ਜ਼ਿੰਮੇਵਾਰੀ ਆਮ ਕਰਕੇ ਪਰਿਵਾਰ ਦੀਆਂ ਬਜ਼ੁੁਰਗ ਔਰਤਾਂ ਵੱਲੋਂ ਨਿਭਾਈ ਜਾਂਦੀ ਸੀ। ਸਰ੍ਹੋਂ ਦਾ ਸਾਗ ਬਣਾਉਣ ਲਈ ਖੇਤ ਚਾਈਂ ਚਾਈਂ ਸਾਗ ਤੋੜਣ ਲਈ ਕੋਈ ਜਾਂਦਾ, ਪ੍ਰੰੰਤੂ ਅਜਿਹੇ ਸਮੇਂ ਕਿਸੇ ਨਾਲ ਕੁਝ ਇਸ ਤਰ੍ਹਾਂ ਵੀ ਵਾਪਰ ਜਾਂਦਾ;
ਰਾਇਆ ਰਾਇਆ ਰਾਇਆ
ਨੀਂ ਲੈਣ ਗਈ ਸਾਗ ਸਰ੍ਹੋਂ ਦਾ
ਜਦੋਂ ਹੱਥ ਪਹਿਲੀ ਨੀਂ ਗੰਦਲ ਨੂੰ ਪਾਇਆ
ਕਾਲਾ ਨਾਗ ਨੀਂ ਸ਼ੂਕਦਾ ਆਇਆ
ਕਾਲਾ ਨਾਗ ਨੀਂ ...
ਸਾਗ ਮੋਟਾਪਾ ਘਟਾਉਣ ਲਈ ਫਾਈਬਰ, ਦੰਦਾਂ, ਹੱਡੀਆਂ ਦੀ ਮਜ਼ਬੂਤੀ ਲਈ ਕੈਲਸ਼ੀਅਮ ਅਤੇ ਦੂਸਰੇ ਤੱਤਾਂ ਨਾਲ ਭਰਪੂਰ ਹੁੰਦਾ ਹੈ। ਸਰਦੀਆਂ ਵਿੱਚ ਲਗਾਤਾਰ ਪੰਜਾਬੀਆਂ ਦੇ ਘਰਾਂ ਵਿੱਚ ਵਾਰ ਵਾਰ ਸਰ੍ਹੋਂ ਦਾ ਸਾਗ ਬਣਦਾ ਹੈ। ਅਜਿਹਾ ਹੋਣ ਕਾਰਨ ਸਾਗ ਦੇ ਅਜਿਹੇ ਪੱਖ ਸਬੰਧੀ ਟੱਪਿਆਂ, ਬੋਲੀਆਂ ਵਿੱਚ ਜ਼ਿਕਰ ਕੁਝ ਇਸ ਤਰ੍ਹਾਂ ਮਿਲਦਾ ਹੈ;
ਕਾਹਦਾ ਆਇਆ ਪੋਹ ਮਾਘ ਹਾਣੀਆਂ।
ਘਰ ਘਰ ਰਿੱਝੇ ਨਿੱਤ ਸਾਗ ਹਾਣੀਆਂ।
ਲੋਕ ਵਿਸ਼ਵਾਸ ਅਨੁਸਾਰ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਲੋਹੜੀ ਵਾਲੀ ਸ਼ਾਮ ਗੰਨੇ ਦੇ ਰਸ ਨਾਲ ਖੀਰ, ਖਿਚੜੀ ਅਤੇੇ ਸਾਗ ਬਣਾਉਣ ਦੀ ਪਰੰਪਰਾ ਰਹੀ ਹੈ, ਪ੍ਰੰਤੂ ਲੋਹੜੀ ਵਾਲੇ ਦਿਨ ਇਨ੍ਹਾਂ ਨੂੰ ਨਹੀਂ ਸੀ ਖਾਧਾ ਜਾਂਦਾ। ਇਨ੍ਹਾਂ ਦੀ ਖਾਣ ਲਈ ਵਰਤੋਂ ਅਗਲੇ ਦਿਨ ਭਾਵ ਮਾਘੀ ਵਾਲੇ ਦਿਨ ਕੀਤੀ ਜਾਂਦੀ ਸੀ। ਪੰਜਾਬੀ ਲੋਕ ਵਿਸ਼ਵਾਸ ਅਨੁਸਾਰ ਅਜਿਹਾ ਕਰਨਾ ਸ਼ੁਭ ਮੰਨਿਆ ਜਾਂਦਾ ਸੀ। ਭਾਵੇਂ ਹੁਣ ਲੋਹੜੀ ਵਾਲੇ ਦਿਨ ਦੀ ਸ਼ਾਮ ਨੂੰ ਖੀਰ, ਖਿਚੜੀ ਤਾਂ ਨਹੀਂ ਬਣਾਈ ਜਾਂਦੀ, ਪਰ ਲਗਭਗ ਹਰ ਘਰ ਹੁਣ ਵੀ ਸਾਗ ਬਣਾਇਆ ਜਾਂਦਾ ਹੈ ਅਤੇ ਇਸ ਸਬੰਧੀ ਪ੍ਰਸਿੱਧ ਹੈ;
ਪੋਹ ਰਿੰਨ੍ਹੀ, ਮਾਘ ਖਾਧੀ
ਸਰ੍ਹੋਂ ਦਾ ਸਾਗ ਖੁਰਾਕੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਇਸ ਵਿੱਚ ਪਾਇਆ ਜਾਂਦਾ ਪਾਲਕ, ਬਾਥੂ, ਮੇਥੀ, ਅਦਰਕ, ਲਸਣ, ਪਿਆਜ਼, ਚਿੱਬੜ ਆਦਿ ਪਦਾਰਥ ਵੱਖ ਵੱਖ ਗੁਣਾਂ ਵਾਲੇ ਹੁੰਦੇ ਹਨ। ਇਹ ਵੱਖ ਵੱਖ ਬਿਮਾਰੀਆਂ ਤੋਂ ਸਿਹਤ ਨੂੰ ਸੁਰੱਖਿਅਤ ਕਰਨ ਦੇ ਨਾਲ ਨਾਲ ਦੂਸਰੇ ਲਾਭ ਪਹੁੰਚਾਉਣ ਵਾਲੇ ਹੁੰਦੇ ਹਨ। ਇਸ ਦੇ ਨਾਲ ਇਹ ਸਾਗ ਨੂੰ ਖਾਣ ਦੇ ਪੱਖ ਤੋਂ ਬੇਹੱਦ ਸੁਆਦੀ ਬਣਾਉਂਦੇ ਹਨ। ਸਾਗ ਦੇੇ ਅਜਿਹੇੇ ਪੱਖਾਂ ਕਾਰਨ ਸਾਗ ਦੇ ਦਿਨ ਆਉੁਣ ’ਤੇ ਇਸ ਦੇ ਸ਼ੌਕੀਨਾਂ ਵਿੱਚ ਵੱਖਰਾ ਚਾਅ ਹੁੰਦਾ ਹੈ। ਬਹੁਤ ਸਾਰੇ ਲੋਕ ਵਿਦੇਸ਼ੋਂ ਇਸ ਸਮੇਂ ਸਾਗ ਖਾਣ ਬਹਾਨੇ ਪੰਜਾਬ ਆਏ ਹੁੰਦੇ ਹਨ ਅਤੇੇ ਅਕਸਰ ਕਹਿੰਦੇ ਸੁਣੇ ਜਾ ਸਕਦੇ ਹਨ ਕਿ ਅਸੀਂ ਕਿਹਾ ਚਲੋਂ ਪੰਜਾਬ ਸਾਗ ਖਾ ਆਈਏ;
ਮਹੀਨਾ ਆਇਆ ਪੋਹ, ਮਾਘ ਦਾ
ਪੂਰਾ ਨਜ਼ਾਰਾ ਲਵਾਂਗੇ ਸਾਗ ਦਾ।
ਇਸ ਤਰ੍ਹਾਂ ਸਰ੍ਹੋਂ ਦੇ ਸਾਗ ਦੇ ਪੰਜਾਬੀ ਜਨ ਜੀਵਨ ਵਿੱਚ ਮਹੱਤਵ ਦਾ ਅਨੁਮਾਨ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜਾਬੀ ਲੋਕਗੀਤਾਂ, ਬੋਲੀਆਂ, ਟੱਪਿਆਂ ਆਦਿ ਵਿੱਚ ਇਸ ਦਾ ਵੱਡੇ ਪੱਧਰ ’ਤੇ ਜ਼ਿਕਰ ਮਿਲਦਾ ਹੈ। ਮੱਘਰ ਮਹੀਨੇ ਤੋਂ ਮਾਘ ਤੱਕ ਜ਼ਿਆਦਤਰ ਸਮੇਂ ਇਸ ਦਾ ਪੰਜਾਬੀ ਘਰਾਂ ਦੀ ਰਸੋਈ ਵਿੱਚ ਕਬਜ਼ਾ ਰਹਿਣਾ ਅਤੇ ਇਸ ਸਮੇਂ ਦੌਰਾਨ ਮਹੱਤਵਪੂਰਨ ਸਮਾਗਮਾਂ ਦਾ ਵੀ ਹਿੱਸਾ ਹੋਣਾ ਹੈ। ਇਸ ਸਬੰਧੀ ਲੋਕ ਵਿਸ਼ਵਾਸ ਹੋਣਾ ਅਤੇ ਪੰਜਾਬੀ ਵਿੱਚ ਇਸ ਸਬੰਧੀ ਚੁਟਕਲਿਆਂ ਦਾ ਪ੍ਰਚੱਲਿਤ ਹੋਣਾ ਵੀ ਇਸ ਦੇ ਅਜਿਹੇ ਪੱਖ ਦਾ ਪ੍ਰਤੀਕ ਹੈ। ਸਰ੍ਹੋਂ ਦਾ ਸਾਗ ਅਤੇ ਮੱਕੀ ਦੀ ਰੋਟੀ ਪੰਜਾਬੀ ਸੱਭਿਆਚਾਰ ਦੇ ਇੱਕ ਪੱਖ ਦੇ ਰੂਪ ਵਿੱਚ ਪ੍ਰਸਿੱਧ ਹੈ।
ਸੰਪਰਕ: 81469-24800