ਘਰ ਘਰ ਪਹੁੰਚ: ਪ੍ਰਸ਼ਾਸਨ ਵੱਲੋਂ ਲੋੜੀਂਦੇ ਸਾਮਾਨ ਵਾਲੇ ਵਾਹਨ ਰਵਾਨਾ

ਐੱਸਡੀਐੱਮ ਮਨਜੀਤ ਕੌਰ ਘਰੋ-ਘਰੀ ਸਾਮਾਨ ਪਹੁੰਚਾਉਣ ਲਈ ਟਰਾਲੀ ਰਵਾਨਾ ਕਰਦੇ ਹੋਏ।

ਬੀਰ ਇੰਦਰ ਸਿੰਘ ਬਨਭੌਰੀ
ਸੁਨਾਮ ਊਧਮ ਸਿੰਘ ਵਾਲਾ 25 ਮਾਰਚ
ਕਰਫਿਊ ਦੌਰਾਨ ਲੋੜੀਂਦੇ ਘਰੇਲੂ ਸਾਮਾਨ ਨੂੰ ਘਰ-ਘਰ ਪਹੁੰਚਾਉਣ ਲਈ ਪ੍ਰਸ਼ਾਸਨ ਵੱਲੋਂ ਭੇਜੇ ਸਾਮਾਨ ਦੀਆਂ ਟਰਾਲੀਆਂ ਨੂੰ ਐੱਸਡੀਐੱਮ ਮਨਜੀਤ ਕੌਰ ਵੱਲੋਂ ਰਵਾਨਾ ਕੀਤਾ ਗਿਆ। ਜਦੋਂ ਕਿ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਗਲੀ ਜਾਂ ਮੁਹੱਲੇ ਤੱਕ ਕੋਈ ਵੀ ਸਾਮਾਨ ਦੀ ਟਰਾਲੀ ਨਹੀਂ ਪੁੱਜੀ। ਐੱਸਡੀਐੱਮ ਸੁਨਾਮ ਮਨਜੀਤ ਕੌਰ ਨੇ ਕਿਹਾ ਕਿ ਕਰਫਿਊ ਦੌਰਾਨ ਲੋਕਾਂ ਨੂੰ ਲੋੜੀਂਦਾ ਘਰੇਲੂ ਸਾਮਾਨ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਦੇਖ ਰੇਖ ’ਚ ਪਹੁੰਚਾਇਆ ਜਾ ਰਿਹਾ ਹੈ।
ਉਧਰ ਕਾਮਰੇਡ ਆਗੂ ਵਰਿੰਦਰ ਕੌਸ਼ਿਕ ਦਾ ਕਹਿਣਾ ਹੈ ਕਿ ਪ੍ਰਸਾਸ਼ਨ ਵੱਲੋਂ ਭੇਜੀਆਂ ਗਈਆਂ ਟਰਾਲੀਆਂ ਲੋਕਾਂ ਤੱਕ ਨਹੀਂ ਪੁੱਜੀਆਂ। ਉਨ੍ਹਾਂ ਕਿਹਾ ਕਿ ਪ੍ਰਸਾਸ਼ਨ ਉਨ੍ਹਾਂ ਮਜ਼ਦੂਰ ਲੋਕਾਂ ਦੇ ਘਰਾਂ ਤੱਕ ਭੋਜਨ ਅਤੇ ਹੋਰ ਜ਼ਰੂਰੀ ਵਸਤਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਵੇ ਜੋ ਹੁਣ ਦਿਹਾੜੀ ਨਾ ਲੱਗਣ ਕਾਰਨ ਅਵਾਜ਼ਾਰ ਹਨ।
ਦਿੜ੍ਹਬਾ ਮੰਡੀ (ਪੱਤਰ ਪ੍ਰੇਰਕ): ਐੱਸਡੀਐੱਮ ਦਿੜ੍ਹਬਾ ਮਨਜੀਤ ਸਿੰਘ ਚੀਮਾ ਨੇ ਦੱਸਿਆ ਕਿ ਪ੍ਰਸ਼ਾਸਨਿਕ ਹੁਕਮਾਂ ਦੇ ਮੱਦੇਨਜ਼ਰ ਦਿੜ੍ਹਬਾ ’ਚ ਪ੍ਰਸ਼ਾਸਨ ਵੱਲੋਂ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਦੀ ਮਦਦ ਨਾਲ ਘਰਾਂ ਵਿੱਚ ਜ਼ਰੂਰੀ ਵਸਤਾਂ ਟਰੈਕਟਰ ਟਰਾਲੀਆਂ ਰਾਹੀਂਂ ਵੰਡਣ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ।

ਹੈਲਪਲਾਈਨ ਨੰਬਰ ਜਾਰੀ
ਲਹਿਰਾਗਾਗਾ (ਪੱਤਰ ਪ੍ਰੇਰਕ): ਇੱਥੇ ਉਪ-ਪੁਲੀਸ ਕਪਤਾਨ ਬੂਟਾ ਸਿੰਘ ਗਿੱਲ ਨੇ ਦੱਸਿਆ ਕਿ ਐੱਸਡੀਐੱਮ ਦੀ ਅਗਵਾਈ ’ਚ ਕਰਿਆਣਾ ਅਤੇ ਸਬਜ਼ੀ ਆੜ੍ਹਤੀਆਂ ਨਾਲ ਰੇਟ ਤੈਅ ਕਰਕੇ ਇਨ੍ਹਾਂ ਵਾਹਨਾਂ ਨੂੰ ਸਰਕਾਰੀ ਕਰਮਚਾਰੀਆਂ ਦੀ ਹਾਜ਼ਰੀ ਖਪਤਕਾਰਾਂ ਨੂੰ ਲੋਂੜੀਦਾ ਸਾਮਾਨ ਮੁਹੱਈਆ ਕਰਵਾਉਣ ਲਈ ਘਰੋ-ਘਰੀ ਭੇਜਿਆ ਗਿਆ ਹੈ। ਉਧਰ ਜ਼ਿਲ੍ਹਾ ਪ੍ਰਸ਼ਾਸਨ ਨੇ ਕੋਵਿਡ-19 ਸਬੰਧੀ ਦਵਾਈਆਂ, ਰਾਸ਼ਨ, ਕਰਫਿਊ ਪਾਸ ਸਬੰਧੀ ਸਬ ਡਿਵੀਜ਼ਨ ਪੱਧਰ ਦੇ ਐੱਸਡੀਐੱਮ ਦੇ ਟੈਲੀਫੋਨ ਨੰਬਰਾਂ ਦੀ ਲਿਸਟ ਜਾਰੀ ਕੀਤੀ ਹੈ ਅਤੇ ਵਟਸਅੱਪ ਹੈਲਪਲਾਈਨ ਨੰਬਰ 8054916355 ਜਾਰੀ ਕੀਤਾ ਹੈ।