ਘਰਾਂ ਦੀ ਦਹਿਲੀਜ਼ ਤਕ ਪੁੱਜੇ ਗੰਦੇ ਪਾਣੀ ਤੋਂ ਲੋਕ ਪ੍ਰੇਸ਼ਾਨ
ਮਿਹਰ ਸਿੰਘ
ਕੁਰਾਲੀ, 8 ਜੂਨ
ਸ਼ਹਿਰ ਦੇ ਵਾਰਡ ਨੰਬਰ-12 ਦੀਆਂ ਰਿਹਾਇਸ਼ੀ ਕਲੋਨੀਆਂ ਵਿੱਚ ਜਮ੍ਹਾਂ ਹੋ ਰਹੇ ਪਾਣੀ ਦੀ ਸਮੱਸਿਆ ਨੂੰ ਹੱਲ ਕਰਨ ਵਿੱਚ ਨਗਰ ਕੌਂਸਲ ਅਤੇ ਸਰਕਾਰ ਅਸਫਲ ਰਹੀ ਹੈ। ਵਿਧਾਇਕ ਵੱਲੋਂ ਮੌਕਾ ਦੇਖਣ ਉਪਰੰਤ ਨਿਕਾਸੀ ਦੇ ਪ੍ਰਬੰਧ ਦੇ ਦਿੱਤੇ ਹੁਕਮ ਵੀ ਹਵਾ ਵਿੱਚ ਹੀ ਰਹਿ ਗਏ ਜਦਕਿ ਸਮੱਸਿਆ ਲਗਾਤਾਰ ਵਧਦੀ ਜਾ ਰਹੀ ਹੈ।
ਕਲੋਨੀ ਦੇ ਘਰਾਂ ਦੀ ਦਹਿਲੀਜ਼ ਤੱਕ ਪੁੱਜਿਆ ਦੂਸ਼ਿਤ ਪਾਣੀ ਦਿਖਾਉਂਦਿਆਂ ਵਾਰਡ ਵਾਸੀ ਸਮਸ਼ੇਰ ਸਿੰਘ, ਸੱਤਪਾਲ ਸਿੰਘ, ਜਗਜੀਤ ਸਿੰਘ, ਸੰਜੀਵ ਰਾਣਾ ਆਦਿ ਨੇ ਦੱਸਿਆ ਕਿ ਉਨ੍ਹਾਂ ਦੀ ਰਿਹਾਇਸ਼ੀ ਕਲੋਨੀ ਵਿੱਚ ਲੰਬੇ ਸਮੇਂ ਤੋਂ ਦੂਸ਼ਿਤ ਪਾਣੀ ਜਮ੍ਹਾਂ ਹੋ ਰਿਹਾ ਹੈ। ਸ਼ਹਿਰ ਤੋਂ ਆਉਣ ਵਾਲੇ ਨਿਕਾਸੀ ਨਾਲਿਆਂ ਦੇ ਦੂਸ਼ਿਤ ਪਾਣੀ ਦੇ ਨਿਕਾਸ ਦਾ ਸਹੀ ਪ੍ਰਬੰਧ ਨਾ ਹੋਣ ਸਮੱਸਿਆ ਗੰਭੀਰ ਬਣੀ ਹੋਈ ਹੈ।
ਸਮਸ਼ੇਰ ਸਿੰਘ ਤੇ ਹੋਰਨਾਂ ਨੇ ਦੱਸਿਆ ਕਿ ਇਸ ਸਬੰਧੀ ਉਹ ਅਨੇਕਾਂ ਵਾਰ ਕੌਂਸਲ ਨੂੰ ਕਹਿ ਚੁੱਕੇ ਹਨ। ਪਿਛਲੀ ਕਾਂਗਰਸ ਨੇ ਉਨ੍ਹਾਂ ਦੀ ਸਾਰ ਨਹੀਂ ਲਈ ਤੇ ਨਾ ਹੀ ਮੌਜੂਦਾ ‘ਆਪ’ ਸਰਕਾਰ ਸਮੱਸਿਆ ਹੱਲ ਕਰ ਸਕੀ ਹੈ। ਉਨ੍ਹਾਂ ਦੱਸਿਆ ਕਿ ‘ਆਪ’ ਦੀ ਵਿਧਾਇਕਾ ਅਨਮੋਲ ਗਗਨ ਮਾਨ ਨੇ ਤਿੰਨ ਸਾਲ ਪਹਿਲਾਂ ਕਲੋਨੀ ਵਿੱਚ ਆ ਕੇ ਮੌਕਾ ਦੇਖਿਆ ਸੀ ਤੇ ਤੁਰੰਤ ਮਸਲੇ ਦੇ ਹੱਲ ਦਾ ਐਲਾਨ ਕੀਤਾ ਸੀ। ਉਨ੍ਹਾਂ ਕੌਂਸਲ ਅਧਿਕਾਰੀਆਂ ਨੂੰ ਸਮੱਸਿਆ ਦੇ ਹੱਲ ਦੀ ਹਦਾਇਤ ਵੀ ਕੀਤੀ ਸੀ ਪਰ ਮਸਲਾ ਜਿਉਂ ਦਾ ਤਿਉਂ ਹੈ।
ਕਲੋਨੀ ਵਾਸੀਆਂ ਨੇ ਦੱਸਿਆ ਕਿ ਕੌਂਸਲ ਵੱਲੋਂ ਸਮੇਂ ਸਿਰ ਸਮੱਸਿਆ ਦਾ ਹੱਲ ਨਾ ਕੀਤੇ ਜਾਣ ਕਾਰਨ ਹੁਣ ਨਾਲ ਲਗਦੀ ਜ਼ਮੀਨ ਵਾਲੇ ਨੇ ਮਿੱਟੀ ਪਾ ਕੇ ਰੋਕ ਲਗਾ ਦਿੱਤੀ। ਇਸ ਕਾਰਨ ਸਮੱਸਿਆ ਹੋਰ ਵੀ ਗੰਭੀਰ ਹੋ ਗਈ ਹੈ। ਸ਼ਹਿਰ ਦਾ ਪਾਣੀ ਉਨ੍ਹਾਂ ਦੀ ਰਿਹਾਇਸ਼ੀ ਕਲੋਨੀ ਵਿੱਚ ਜਮ੍ਹਾਂ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੂਸ਼ਿਤ ਪਾਣੀ ਕਾਰਨ ਕਲੋਨੀ ਵਾਸੀ ਬਿਮਾਰੀਆਂ ਨਾਲ ਜੂਝ ਰਹੇ ਹਨ। ਉਨ੍ਹਾਂ ਕਿਹਾ ਕਿ ਵਾਰਡ ਨਾਲ ਲਗਾਤਾਰ ਵਿਤਕਰਾ ਹੁੰਦਾ ਆ ਰਿਹਾ ਹੈ।
ਸਮੱਸਿਆ ਧਿਆਨ ਵਿੱਚ ਨਹੀਂ: ਈਓ
ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਰਜਨੀਸ਼ ਸ਼ੂਦ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਉਹ ਸਮੱਸਿਆ ਸਬੰਧੀ ਜਾਣਕਾਰੀ ਹਾਸਲ ਕਰ ਕੇ ਹੱਲ ਲਈ ਹਰ ਸੰਭਵ ਯਤਨ ਕਰਨਗੇ।