ਘਨੌਰ ਕਲਾਂ ਮਗਰੋਂ ਹੁਣ ਸ਼ੇਰਪੁਰ-ਧੂਰੀ ਮੁੱਖ ਸੜਕ ਭੁਰਨ ਲੱਗੀ
ਬੀਰਬਲ ਰਿਸ਼ੀ
ਸ਼ੇਰਪੁਰ, 8 ਜੂਨ
ਮੁੱਖ ਮੰਤਰੀ ਦੇ ਹਲਕਾ ਧੂਰੀ ਅੰਦਰ ਲੋਕ ਨਿਰਮਾਣ ਵਿਭਾਗ ਦੇ ਉੱਚ ਅਧਿਕਾਰੀਆਂ ਦੀ ਦੇਖ-ਰੇਖ ਵਿੱਚ ਮਹਿਜ਼ ਸੱਤ-ਅੱਠ ਮਹੀਨੇ ਪਹਿਲਾਂ ਬਣੀਆਂ ਨਵੀਂਆਂ ਸੜਕਾਂ ਭੁਰਨ ਲੱਗ ਗਈਆਂ ਹਨ। ਘਨੌਰ ਕਲਾਂ ਵਿਵਾਦਤ ਸੜਕ ਮਗਰੋਂ ਹੁਣ ਸ਼ੇਰਪੁਰ-ਧੂਰੀ ਮੁੱਖ ਸੜਕ ਭੁਰਨ ਲੱਗੀ ਹੈ ਜਦੋਂਕਿ ਗਾਜ਼ ਗਿਰਨ ਦੇ ਡਰੋਂ ਠੇਕੇਦਾਰ ਕਰਿੰਦੇ ਉਕਤ ਸੜਕ ’ਤੇ ਥਾਂ-ਥਾਂ ਟਾਕੀਆਂ ਲਗਾਉਣ ਵਿੱਚ ਤੇਜ਼ੀ ਨਾਲ ਜੁਟੇ ਹੋਏ ਹਨ। ਯਾਦ ਰਹੇ ਕਿ ਇਸਤੋਂ ਪਹਿਲਾਂ ਘਨੌਰੀ ਕਲਾਂ-ਘਨੌਰ ਕਲਾਂ ਸੜਕ ’ਤੇ ਘਾਹ ਉੱਗ ਆਉਣ ਦੀ ਸ਼ਿਕਾਇਤ ’ਤੇ ਮੁੱਖ ਮੰਤਰੀ ਨੇ ਸੜਕ ਮੁੜ ਬਣਾਉਣ ਤੇ ਠੇਕੇਦਾਰ ਖ਼ਿਲਾਫ਼ ਕਾਰਵਾਈ ਦੇ ਹੁਕਮ ਦਿੱਤੇ ਸਨ। ਇਸ ਸਬੰਧੀ 19 ਦਿਨਾਂ ਬਾਅਦ ਵੀ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ।
ਜਾਣਕਾਰੀ ਅਨੁਸਾਰ ਸ਼ੇਰਪੁਰ-ਧੂਰੀ ਮੁੱਖ ਸੜਕ ’ਤੇ ਠੇਕੇਦਾਰ ਦੇ ਕਰਿੰਦੇ ਜਹਾਂਗੀਰ ਦੇ ਪੁਲ ਦੇ ਦੋਵੇਂ ਪਾਸੇ ਇਸਤੋਂ ਅੱਗੇ ਧੂਰੀ ਵੱਲ ਤਕਰੀਬਨ ਅੱਧੀ ਦਰਜਨ ਤੋਂ ਵੱਧ ਥਾਵਾਂ ’ਤੇ ਭੁਰ ਰਹੀ ਸੜਕ ਨੂੰ ਮੁੜ ਪੁੱਟ ਕੇ ਉਸ ’ਤੇ ਮੁੜ ਪ੍ਰੀਮਿਕਸ ਪਾਉਣ ਲੱਗੇ ਹੋਏ ਹਨ। ਘਨੌਰੀ ਕਲਾਂ-ਰਾਜੋਮਾਜਰਾ ਸੜਕ ’ਤੇ ਵੀ ਠੇਕੇਦਾਰ ਦੇ ਕਰਿੰਦੇ ਲੋਕਾਂ ਦੇ ਖੇਤਾਂ ਵਿੱਚੋਂ ਚੁੱਕ ਕੇ ਹੁਣ ਬਰਮਾਂ ’ਤੇ ਮਿੱਟੀ ਪਾਉਂਦੇ ਵਿਖਾਈ ਦੇ ਰਹੇ ਹਨ। ਵਿਭਾਗ ਤੇ ਠੇਕੇਦਾਰਾਂ ਦੀ ਸਰਗਰਮੀ ਨੂੰ ਵੇਖਦਿਆਂ ਲੋਕਾਂ ਵਿੱਚ ਚਰਚਾ ਹੈ ਕਿ ਮਹਿਜ਼ ਸੱਤ-ਅੱਠ ਮਹੀਨਿਆਂ ’ਚ ਸੜਕਾਂ ਟੁੱਟ ਜਾਣ ਦੀ ਹੋਈ ਕਿਰਕਿਰੀ ਮਗਰੋਂ ਹੁਣ ਵਿਭਾਗ ਦੇ ਅਧਿਕਾਰੀ ਆਪਣਾ ਚੰਮ ਬਚਾਉਣ ਲਈ ਚਾਰਾਜੋਈ ਕਰ ਰਹੇ ਹਨ। ਕਿਰਤੀ ਕਿਸਾਨ ਯੂਨੀਅਨ ਦੇ ਭੁਪਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਦੇ ਆਪਣੇ ਹਲਕੇ ਵਿੱਚ ਸੜਕਾਂ ਦੀ ਹਾਲਤ ਦੀ ਉੱਚ ਪੱਧਰੀ ਜਾਂਚ ਮੰਗੀ ਅਤੇ ਵਿਭਾਗ ਦੇ ਸਬੰਧਤ ਜ਼ਿੰਮੇਵਾਰ ਅਧਿਕਾਰੀਆਂ ਨੂੰ ਕਟਿਹਰੇ ’ਚ ਖੜ੍ਹਾ ਕਰਨ ਦੀ ਮੰਗ ਰੱਖੀ।
ਸੜਕਾਂ ਦੇ ਕੰਮ ਦਾ ਨਿਰੀਖਣ ਕਰ ਰਹੇ ਹਾਂ: ਐਕਸੀਅਨ
ਲੋਕ ਨਿਰਮਾਣ ਵਿਭਾਗ ਦੇ ਹਾਲੇ ਕੁੱਝ ਸਮਾਂ ਪਹਿਲਾਂ ਹੀ ਬਦਲ ਕੇ ਆਏ ਐਕਸੀਅਨ ਅਜੈ ਕੁਮਾਰ ਨੇ ਕਿਹਾ ਕਿ ਉਹ ਨਵੇਂ ਹਨ ਪਰ ਸਾਰੀਆਂ ਸੜਕਾਂ ਦੇ ਕੰਮ ਦਾ ਡੂੰਘਾਈ ਨਾਲ ਖੁਦ ਨਿਰੀਖਣ ਕਰ ਰਹੇ ਹਨ। ਉਨ੍ਹਾਂ ਸੜਕਾਂ ਟੁੱਟਣ ਦੇ ਮਾਮਲੇ ’ਚ ਮੰਨਿਆ ਕਿਹਾ ਇਹ ਡੂੰਘੀ ਜਾਂਚ ਦਾ ਵਿਸ਼ਾ ਹੈ। ਘਨੌਰੀ ਕਲਾਂ-ਘਨੌਰ ਕਲਾਂ ਸੜਕ ਮਾਮਲੇ ’ਚ ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਪੰਜ ਮੈਂਬਰੀ ਉੱਚ ਪੱਧਰੀ ਕਮੇਟੀ ਅੱਗੇ ਠੇਕੇਦਾਰ ’ਤੇ ਕਾਰਵਾਈ ਸਬੰਧੀ 12 ਜੂਨ ਨੂੰ ਸੁਣਵਾਈ ਹੋਣੀ ਹੈ।