ਘਣਗਸ ’ਚ ਰੂੜੀਆਂ ਵਾਲੀ ਥਾਂ ਖਾਲੀ ਕਰਵਾਉਣ ਦਾ ਮਾਮਲਾ ਭਖ਼ਿਆ
ਦੇਵਿੰਦਰ ਸਿੰਘ ਜੱਗੀ
ਪਾਇਲ, 2 ਫਰਵਰੀ
ਪਿੰਡ ਘਣਗਸ ਦੀ ਪੰਚਾਇਤ ਵੱਲੋਂ ਦਲਿਤ ਸਮਾਜ ਦੀਆਂ ਰੂੜੀਆਂ ਤੇ ਗੋਹਾ ਪੱਥਣ ਵਾਲੀ ਜਗ੍ਹਾ ਨੂੰ ਸਫ਼ਾਈ ਕਰਨ ਬਹਾਨੇ ਖਾਲੀ ਕਰਵਾਉਣ ਦਾ ਮਾਮਲਾ ਭਖ਼ ਗਿਆ ਹੈ। ਦਲਿਤ ਭਾਈਚਾਰੇ ਨਾਲ ਸਬੰਧਤ ਵਿਅਕਤੀਆਂ ਨੇ ਦੱਸਿਆ ਕਿ ਇਹ ਜਗ੍ਹਾ 1956 ਦੀ ਮੁਰੱਬੇਬੰਦੀ ਵੇਲੇ ਦੀ ਪੰਚਾਇਤ ਵੱਲੋਂ ਦਲਿਤ ਸਮਾਜ ਨੂੰ ਦਿੱਤੀ ਗਈ ਸੀ, ਜਿਸ ਨੂੰ ਮੌਜੂਦਾ ਪੰਚਾਇਤ ਨੇ ਸਫ਼ਾਈ ਕਰਨ ਦੇ ਬਹਾਨੇ ਅਨਾਊਂਸਮੈਂਟ ਕਰਵਾ ਕੇ ਖਾਲੀ ਕਰਵਾ ਲਿਆ। ਪਰ ਹੁਣ ਸਫਾਈ ਕਰਨ ਤੋਂ ਬਾਅਦ ਪੰਚਾਇਤ ਵੱਲੋਂ ਇਸ ਜਗ੍ਹਾ ਦੀ ਚਾਰ ਦੀਵਾਰੀ ਸ਼ੁਰੂ ਕਰ ਦਿੱਤੀ ਗਈ ਹੈ। ਦਲਿਤ ਪਰਿਵਾਰਾਂ ਨੇ ਦੱਸਿਆ ਕਿ ਹੁਣ ਸਰਪੰਚ ਹਰਵਿੰਦਰ ਸਿੰਘ ਵੱਲੋਂ ਉਕਤ ਜਗ੍ਹਾ ਉਨ੍ਹਾਂ ਨੂੰ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਕਤ ਜਗ੍ਹਾ ਦਾ ਮਸਲਾ ਐੱਸਡੀਐੱਮ ਪਾਇਲ ਦੇ ਧਿਆਨ ਵਿੱਚ ਲਿਆਂਦਾ ਗਿਆ ਹੈ। ਉਨ੍ਹਾਂ ਨੂੰ ਪੱਤਰ ਸੌਂਪਿਆ ਗਿਆ ਹੈ। ਉਨ੍ਹਾਂ ਨੇ ਉਸੇ ਵਕਤ ਬੀਡੀਪੀਓ ਦੋਰਾਹਾ ਨੂੰ ਪੱਤਰ ਭੇਜ ਕੇ ਇਸ ਮਾਮਲੇ ਦੀ ਪੜਤਾਲ ਕਰਨ ਲਈ ਕਹਿ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਹ ਮਸਲਾ ਹਲਕਾ ਵਿਧਾਇਕ ਦੇ ਧਿਆਨ ਵਿੱਚ ਵੀ ਲਿਆਂਦਾ ਗਿਆ। ਦਲਿਤ ਸਮਾਜ ਦੇ ਲੋਕਾਂ ਨੇ ਸਰਪੰਚ ਹਰਵਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਧੱਕੇਸ਼ਾਹੀ ਦੇ ਦੋਸ਼ ਲਾਉਂਦਿਆਂ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ। ਦਲਿਤ ਭਾਈਚਾਰੇ ਨਾਲ ਸਬੰਧਤ ਬੂਟਾ ਸਿੰਘ, ਸੁਖਚੈਨ ਸਿੰਘ, ਪ੍ਰਦੀਪ ਸਿੰਘ, ਹਰਦੇਵ ਸਿੰਘ, ਬਲਵੀਰ ਸਿੰਘ, ਬਲਵਿੰਦਰ ਸਿੰਘ ਬਗੈਰਾ ਨੇ ਲਿਖਤੀ ਪੱਤਰ ਰਾਹੀ ਪ੍ਰਸ਼ਾਸਨ ਕੋਲੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਗੜਿਆਂ ਵਾਲੀ ਜਗ੍ਹਾ ਵਰਤਣ ਲਈ ਦਿੱਤੀ ਜਾਵੇ ਤਾਂ ਜੋ ਦਲਿਤ ਸਮਾਜ ਦੇ ਲੋਕਾਂ ਕੋਈ ਮੁਸ਼ਕਲ ਨਾ ਆਵੇ। ਜਦੋਂ ਇਸ ਸਬੰਧੀ ਸਰਪੰਚ ਹਰਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਖਸਰਾ ਨੰਬਰ 780 ਜੋ ਪੰਡਤਾਂ ਦਾ ਰਕਬਾ ਹੈ, ਜਿਸ ਉਪਰ ਦਲਿਤ ਸਮਾਜ ਦੇ ਲੋਕਾਂ ਵੱਲੋਂ ਕਬਜ਼ਾ ਕੀਤਾ ਹੋਇਆ ਸੀ। ਉਸ ਜਗ੍ਹਾ ’ਤੇ ਗ੍ਰਾਮ ਸਭਾ ਵਿੱਚ ਲੋਕਾਂ ਦੀ ਤੇ ਆਲੇ ਦੁਆਲੇ ਦੇ ਪਰਿਵਾਰਾਂ ਦੀ ਸਹਿਮਤੀ ਨਾਲ ਮਤਾ ਪਾਇਆ ਗਿਆ ਕਿ ਇਸ ਜਗ੍ਹਾ ’ਤੇ ਪਾਰਕ ਬਣਾਈ ਜਾਵੇ। ਐੱਸਸੀ ਪਰਿਵਾਰਾਂ ਨੂੰ ਰੂੜੀਆਂ ਲਾਉਣ ਲਈ ਚਾਰ ਦੀਵਾਰੀ ਕਰਕੇ ਪਲਾਟ ਕੱਟੇ ਗਏ ਹਨ।
ਜਦੋਂ ਇਸ ਸਬੰਧੀ ਐੱਸਡੀਐੱਮ ਪਾਇਲ ਪਰਦੀਪ ਸਿੰਘ ਬੈਂਸ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਘਣਗਸ ਦੀ ਐੱਸਸੀ ਪਰਿਵਾਰਾਂ ਦੇ ਗੜਿਆਂ ਵਾਲੀ ਜਗ੍ਹਾ ਬਾਰੇ ਬੀਡੀਪੀਓ ਦੋਰਾਹਾ ਨੂੰ ਪੜਤਾਲ ਕਰਨ ਲਈ ਕਿਹਾ ਗਿਆ ਹੈ।