ਦਰਸ਼ਨ ਸਿੰਘ“ਕਦੋਂ ਜਾਣਾ ਉਨ੍ਹਾਂ ਨੇ? ਕਿੱਥੇ ਜਾਣਾ? ਕਿਉਂ ਜਾਣਾ?” ਸੁਣ ਕੇ ਮੈਂ ਸੋਚੀਂ ਪੈ ਗਿਆ। ਸੋਚਦਾ, ਹੋਰਾਂ ਬਾਰੇ ਬੇਲੋੜੀਆਂ ਸੂਹਾਂ ਲੈਣ ਦੀ ਉਸ ਨੂੰ ਕੀ ਲੋੜ ਸੀ? ਇਹ ਕਰਨ ਵਾਲੀਆਂ ਗੱਲਾਂ ਹੀ ਨਹੀਂ ਸਨ। ਹਰ ਗੱਲ, ਗੱਲ ਵੀ ਨਹੀਂ ਹੁੰਦੀ। ਕਦੀ ਕੁਝ ਕਹਿ ਲਿਆ, ਕਦੀ ਕੁਝ। “ਕਿਹੋ ਜਿਹੇ ਕੱਪੜੇ ਪਾਈ ਤੁਰਿਆ ਜਾਂਦੈ? ਕਿੱਧਰ ਨੂੰ ਭੱਜੀ ਫਿਰਦੀ ਦੁਨੀਆ?” ਉਸ ਦੀ ਇਹ ਨਵੀਂ ਗੱਲ ਸੁਣ ਕੇ ਮੈਂ ਹੋਰ ਵੀ ਹੈਰਾਨ ਹੋ ਗਿਆ। ਸੋਚਿਆ, ਕਹਿ ਦੇਵਾਂ- ‘ਤੂੰ ਕੀ ਲੈਣਾ?’ ਉਹ ਬੋਲਣ ਲਈ ਹੋਰ ਵੀ ਕਾਹਲਾ ਸੀ ਪਰ ਮੈਂ ਹੀ ਉਸ ਨੂੰ ਕੋਈ ਹੁੰਗਾਰਾ ਨਹੀਂ ਭਰਿਆ।ਮੇਰੇ ਘਰ ਤੋਂ ਤਿੰਨ-ਚਾਰ ਘਰ ਛੱਡ ਕੇ ਉਸ ਦਾ ਘਰ ਸੀ। ਸਵੇਰ ਅਜੇ ਧੁੰਦਲੀ ਹੀ ਸੀ, ਮੈਂ ਗਲੀ ’ਚ ਖੜ੍ਹਾ ਸਾਂ। ਮੈਨੂੰ ਦੇਖਦਿਆਂ ਹੀ ਉਹ ਕਾਹਲੇ ਕਦਮੀਂ ਆਇਆ- “ਕੁਝ ਸੁਣਿਆ ਤੁਸੀਂ?” “ਕੀ?” ਮੈਂ ਕਿਹਾ। “ਕਿੱਥੇ ਗੁਆਚੇ ਰਹਿੰਦੇ ਓਂ? ਕਦੀ ਬਾਹਰ ਵੀ ਨਿਕਲਿਆ ਕਰੋ। ਦੇਖਿਆ ਕਰੋ, ਮੁਹੱਲੇ ’ਚ ਕੀ ਕੀ ਹੋ ਰਿਹੈ? ਉਹ ਇਉਂ ਬੋਲਣ ਲੱਗਾ ਜਿਵੇਂ ਹਰ ਘਰ ਦਾ ਰੋਜ਼ਨਾਮਚਾ ਉਸ ਕੋਲ ਹੀ ਹੋਵੇ। “ਕੀ ਹੋਇਆ?” ਮੈਂ ਪੁੱਛਿਆ। ਵਧਾ ਚੜ੍ਹਾ ਕੇ ਉਸ ਦਾ ਕਿਹਾ ਮੈਂ ਸੁਣ ਵੀ ਲਿਆ ਤੇ ਝੱਲ ਵੀ ਲਿਆ। ਸਭ ਦੱਬੇ ਮੁਰਦੇ ਉਸ ਨੇ ਫਰੋਲੇ ਹੀ ਨਹੀਂ, ਉਨ੍ਹਾਂ ਬਾਰੇ ਟਿੱਪਣੀਆਂ ਵੀ ਕਰਨ ਲੱਗਾ- “ਰਿਸ਼ਤਾ ਉਨ੍ਹਾਂ ਦਾ ਕਿੱਥੋਂ ਹੋਣਾ ਸੀ? ਚਾਰ ਬੰਦਿਆਂ ’ਚ ਖੜ੍ਹ ਕੇ ਗੱਲ ਕਰਨ ਦਾ ਉਨ੍ਹਾਂ ਨੂੰ ਚੱਜ ਨ੍ਹੀਂ...। ਉੱਠਣਾ ਬੈਠਣਾ ਉਨ੍ਹਾਂ ਨੂੰ ਨ੍ਹੀਂ ਆਉਂਦਾ। ਸ਼ੇਖ਼ੀਆਂ ਤਾਂ ਬੜੀਆਂ ਮਾਰਦੇ ਆ... ਸਾਡੇ ਕੋਲ ਇਹ ਹੈ, ਉਹ ਹੈ...।” ਉਸ ਦੀਆਂ ਗੱਲਾਂ ’ਚੋਂ ਉਸ ਦਾ ਅੰਦਰ ਝਲਕਣ ਲੱਗਾ ਸੀ ਤੇ ਮੈਂ ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾ ਲਿਆ ਕਿ ਉਹ ਕਿੰਨਾ ਕੁਝ ਅਣਚਾਹਿਆ ਲਈ ਫਿਰਦਾ ਸੀ।ਹੁਣ ਸਵਾਲ ਮੇਰੇ ਅੰਦਰ ਉੱਠਣ ਲੱਗੇ ਸਨ। ਜਵਾਬ ਲੱਭਦੇ ਸਨ। ਸੋਚਦਾ ਸਾਂ, ਸਵੇਰੇ-ਸਵੇਰੇ ਇਹ ਤਬਸਰਾ ਕਰਨ ਦੀ ਕੀ ਲੋੜ ਸੀ। ਥੋੜ੍ਹਾ ਧੁੱਪ ਚੜ੍ਹਨ ਦੀ ਉਡੀਕ ਤੇ ਸਬਰ ਤਾਂ ਕਰ ਲੈਂਦਾ। “ਅੱਜ ਮੈਂ ਕਿਸੇ ਨੂੰ ਮਿਲਣ ਜਾਣਾ। ਬੜੇ ਦਿਨਾਂ ਤੋਂ ਮੈਨੂੰ ਆਉਣ ਲਈ ਕਹਿ ਰਿਹਾ। ਜਾਊਂਗਾ ਵੀ ਜ਼ਰੂਰ। ਬੰਦਾ ਮਾੜਾ ਨ੍ਹੀਂ ਦਿਲ ਦਾ ਪਰ...।” ਕਦੀ ਸਿਫ਼ਤਾਂ, ਕਦੀ ਸ਼ਿਕਾਇਤਾਂ। ਸੁਣ-ਸੁਣ ਮੇਰੀ ਹੈਰਾਨੀ ਹੋਰ ਵਧ ਰਹੀ ਸੀ। ਮੈਨੂੰ ਪਤਾ ਹੀ ਨਹੀਂ ਸੀ ਕਿ ਉਹ ਗੱਲ ਕਿਸ ਬਾਰੇ ਕਰ ਰਿਹਾ ਸੀ। ਨਾ ਉਹ ਮੈਨੂੰ ਜਾਣਦਾ ਸੀ, ਨਾ ਮੈਂ ਉਸ ਨੂੰ। ਕਹਿੰਦਾ, “ਗੱਲ ਸਾਂਝੀ ਕਰਨੀ ਜ਼ਰੂਰੀ ਹੁੰਦੀ ਆ...।” “ਚੰਗੀ ਗੱਲ ਹੈ।” ਕਹਿਣ ਨੂੰ ਮੈਂ ਕਹਿ ਤਾਂ ਦਿੱਤਾ ਪਰ ਮੈਂ ਹੀ ਜਾਣਦਾ ਸੀ ਕਿ ਉਸ ਦੀਆਂ ਅਣਚਾਹੀਆਂ ਗੱਲਾਂ ਨੇ ਮੇਰੇ ਮਨ ’ਤੇ ਕਿੰਨਾ ਅਸਹਿ ਭਾਰ ਲੱਦ ਦਿੱਤਾ ਸੀ।“ਕੀ ਗੱਲਾਂ ਹੋ ਰਹੀਆ ਨੇ?” ਕੋਲੋਂ ਲੰਘਦਾ ਇਕ ਹੋਰ ਸਾਡੇ ਕੋਲ ਆ ਕੇ ਖੜ੍ਹ ਗਿਆ। ਡਰਦਾ ਸਾਂ ਕਿ ਗੱਲ ਕਿਧਰੇ ਹੋਰ ਨਾ ਲਮਕ ਜਾਵੇ ਪਰ ਸ਼ੁਕਰ ਸੀ ਕਿ ਉਸ ਨੇ ਆਪਣਾ ਨਵਾਂ ਬੇਸੁਰਾ ਰਾਗ ਨਹੀਂ ਸੀ ਛੇੜਿਆ। ਬਹੁਤੀਆਂ ਗੱਲਾਂ ਕਈ ਵਾਰ ਸਹਿਣੀਆਂ ਪੈਂਦੀਆਂ ਪਰ ਕਿਸੇ ਨੂੰ ਕੀ ਕਿਹਾ ਜਾਵੇ...। ਉਸ ਦੀਆਂ ਗੱਲਾਂ ’ਚ ਅਜਿਹਾ ਕੁਝ ਵੀ ਨਹੀਂ ਸੀ ਜੋ ਮਨ ’ਚ ਉਤਰਦਾ, ਛੂੰਹਦਾ ਤੇ ਸੋਚਾਂ ਨੂੰ ਜਗਾਉਂਦਾ। ਉਸ ਦੀਆਂ ਵਿਹਲੀਆਂ ਗੱਲਾਂ ’ਚੋਂ ਕੋਈ ਇਕ ਗੱਲ ਵੀ ਮੇਰੀ ਸਮਝ ਦਾ ਹਿੱਸਾ ਨਾ ਬਣੀ। ਮੈਂ ਖ਼ਾਲੀ ਜਿਹਾ ਮਹਿਸੂਸ ਕਰਦਾ ਤੇ ਫਜ਼ੂਲ ਗੁਆਏ ਵਕਤ ਦਾ ਅਹਿਸਾਸ ਕਰਦਾ ਹੌਲੀ-ਹੌਲੀ ਘਰ ਵੱਲ ਤੁਰ ਪਿਆ।ਮੇਰੀ ਰਿਹਾਇਸ਼ ਥੋੜ੍ਹੀ ਆਬਾਦੀ ਵਾਲੇ ਛੋਟੇ ਜਿਹੇ ਕਸਬੇ ’ਚ ਹੋਣ ਕਰ ਕੇ ਬਹੁਤੇ ਲੋਕਾਂ ਨੂੰ ਮੈਂ ਜਾਣਦਾ ਸਾਂ। “ਪੱਥਰਾਂ ਵਾਲੀ ਗਲ਼ੀ ਕਿਹੜੇ ਪਾਸੇ?” ਬੱਸ ’ਚੋਂ ਉੱਤਰੀ ਸਵਾਰੀ ਨੇ ਮੈਨੂੰ ਪੁੱਛਿਆ। “ਕੀਹਦੇ ਘਰ ਜਾਣੈ?” ਮੈਂ ਕਿਹਾ। “ਸੇਵਾ ਸਿੰਘ ਦੇ ਘਰ ਅਫ਼ਸੋਸ ਲਈ ਜਾਣਾ। ਉਸ ਦੀ ਮਾਂ ਗੁਜ਼ਰੀ ਹੈ।” ਸੇਵਾ ਸਿੰਘ ਤਾਂ ਮੈਨੂੰ ਚੰਗੀ ਤਰ੍ਹਾਂ ਜਾਣਦਾ ਸੀ। “ਆ ਜੋ, ਮੈਂ ਉੱਥੋਂ ਤਕ ਤੁਹਾਡੇ ਨਾਲ ਚਲਦਾਂ।” ਦਸ ਕੁ ਮਿੰਟ ਦਾ ਰਾਹ ਸੀ। “ਦੇਖੋ ਜੀ, ਆਉਣਾ ਜਾਣਾ ਤਾਂ ਪੈਂਦੈ ਪਰ... ਪਰ ਸੇਵਾ ਸਿੰਘ ਆਪ ਤਾਂ ਬੜਾ ਹੀ ਰੁੱਖਾ ਜਿਹਾ ਬੰਦਾ... ਚੱਜ ਨਾਲ ਬੁਲਾਉਂਦਾ ਵੀ ਨ੍ਹੀਂ ਕਿਸੇ ਨੂੰ... ਚੁੱਪ ਜਿਹੀ ਵੱਟੀ ਰੱਖਦਾ ਹਰ ਕਿਸੇ ਨਾਲ...।” “ਤੁਸੀਂ ਅਫ਼ਸੋਸ ਲਈ ਆਏ ਹੋ ਕਿ...?” ਉਸ ਵੱਲ ਝਾਕਦੀਆਂ ਮੇਰੀਆਂ ਅੱਖਾਂ ਤੇ ਮੇਰੇ ਬੋਲਾਂ ’ਚ ਉਸ ਦੇ ਪੜ੍ਹਨ ਤੇ ਸਮਝਣ ਲਈ ਬੜਾ ਕੁਝ ਸੀ।ਸ਼ਾਇਦ ਪੰਜ ਕੁ ਵਰ੍ਹੇ ਹੋ ਗਏ ਹਨ। ਮੇਰੀ ਸਿਹਤ ਠੀਕ ਨਹੀਂ ਸੀ। ਮੇਰਾ ਪਤਾ ਕਰਨ ਕਈ ਆ ਜਾ ਰਹੇ ਸਨ। “ਕੀ ਹਾਲ ਐ ਤੁਹਾਡਾ ਹੁਣ?” ਕਿਸੇ ਨੇ ਮੈਨੂੰ ਪੁੱਛਿਆ। ਜਾਣਦਾ ਸਾਂ ਕਿ ਅੱਧਾ ਦੁੱਖ ਤਾਂ ਪੁੱਛਣ ਨਾਲ ਹੀ ਟੁੱਟ ਜਾਂਦਾ। “ਅੱਗੇ ਨਾਲੋਂ ਕੁਝ ਫ਼ਰਕ ਐ।” “ਸ਼ੁਕਰ ਐ। ਸਾਡੀ ਰਿਸ਼ਤੇਦਾਰੀ ’ਚ ਵੀ ਇਉਂ ਹੀ ਤੁਹਾਡੇ ਵਾਂਗ ਕੋਈ ਡਿਪਰੈਸ਼ਨ ’ਚ ਚਲਾ ਗਿਆ ਸੀ। ਬੜਾ ਬੁਰਾ ਹਾਲ ਰਿਹਾ ਉਸ ਦਾ ਸਾਲ ਭਰ...।” ‘ਹੁਣ ਮੈਂ ਤੈਨੂੰ ਕੀ ਆਖਾਂ?’ ਮੈਂ ਅੰਦਰੋ-ਅੰਦਰ ਸੋਚਿਆ। ਉਸ ਦੇ ਜਾਣ ਪਿੱਛੋਂ ਮੈਂ ਸੁੱਖ ਦਾ ਸਾਹ ਲਿਆ ਪਰ ਜਾਪਿਆ, ਇਹੋ ਜਿਹੇ ਲੋਕ ਬਹੁਤ ਹਨ ਜੋ ਗੱਲਾਂ-ਗੱਲਾਂ ਵਿਚ ਹੀ ਦੂਸਰੇ ਨੂੰ ਉਦਾਸੀ, ਫ਼ਿਕਰ ਤੇ ਵਾਧੂ ਦੀਆਂ ਸੋਚਾਂ ਦੇ ਦਿੰਦੇ ਹਨ।ਕਿਸੇ ਨੇ ਕਿਸੇ ਨੂੰ ਇਕ ਵਾਰ ਕਿਹਾ, “ਸੋਹਣਿਆ! ਕੋਈ ਗੱਲ ਤਾਂ ਕਰ। ਕੁਝ ਤਾਂ ਬੋਲ। ਮੈਂ ਦੇਖਣਾ ਚਾਹੁੰਦਾ ਕਿ ਤੂੰ ਅੰਦਰੋਂ ਵੀ ਐਨਾ ਸੋਹਣਾ ਏਂ ਜਿੰਨਾ ਬਾਹਰੋਂ ਦਿਖਾਈ ਦਿੰਦਾ ਏਂ...।” ਕੁਝ ਗੱਲਾਂ ਦੂਸਰਿਆਂ ਦੇ ਮਨ ’ਚ ਪੈਲਾਂ ਪਾਉਂਦੀਆਂ ਹਨ ਤੇ ਸਾਡੀ ਪਛਾਣ ਬਣਦੀਆਂ ਹਨ। ਉਂਝ ਜ਼ਿੰਦਗੀ ਦੇ ਉਹ ਪਲ ਵੀ ਬਹੁਤ ਖ਼ੂਬਸੂਰਤ ਹੁੰਦੇ ਹਨ ਜਦੋਂ ਚੁੱਪ ਰਹਿ ਕੇ ਬਿਨਾਂ ਬੋਲੇ ਬੜਾ ਕੁਝ ਕਿਹਾ ਜਾ ਸਕਦਾ ਹੈ ਪਰ ਅਕਲਾਂ ਬਾਝੋਂ ਖੂਹ ਖਾਲੀ ਹੀ ਹੁੰਦੇ ਹਨ।ਸੰਪਰਕ: 94667-37933