For the best experience, open
https://m.punjabitribuneonline.com
on your mobile browser.
Advertisement

ਗੰਨਮੈਨ ਦੀ ਲੱਸੀ

04:38 AM Jan 31, 2025 IST
ਗੰਨਮੈਨ ਦੀ ਲੱਸੀ
Advertisement

ਨਿੰਦਰ ਘੁਗਿਆਣਵੀ
ਗੰਨਮੈਨ ਜੱਜ ਸਾਹਿਬ ਲਈ ਪਿੰਡੋਂ ਲੱਸੀ ਲਿਆਇਆ ਸੀ। ਲੱਸੀ ਕਾਹਦੀ ਲੈ ਆਇਆ, ਸਾਹਿਬ ਨੇ ਤਾਂ ਗੰਨਮੈਨ ਦੀ ਹੀ ‘ਲੱਸੀ’ ਕਰ ਦਿੱਤੀ ਸੀ। ਬੜੀ ਬੇਇਜ਼ਤੀ ਕੀਤੀ ਗੰਨਮੈਨ ਮਿੱਠੂ ਸਿੰਘ ਦੀ। ਕੋਲ ਖਲੋਤਿਆਂ ਮੇਰਾ ਵੀ ਬੁਰਾ ਹਾਲ ਹੋ ਗਿਆ ਸੀ, ਮਸੀਂ ਸੰਭਲਿਆ ਮੈਂ!
ਮਿੱਠੂ ਸਿੰਘ ਨੇ ਆਪਣੀ ਤੀਹ ਸਾਲ ਦੀ ਨੌਕਰੀ ਗੰਨਮੈਨੀ ਕਰਦਿਆਂ ਹੀ ਕੱਢ ਦਿੱਤੀ ਸੀ। ਸ਼ੁਰੂ-ਸ਼ੁਰੂ ਵਿੱਚ ਉਹ ਕਾਫੀ ਲੰਮਾ ਸਮਾਂ ਐੱਸਡੀਐੱਮ ਨਾਲ ਰਿਹਾ। ਕਿਸੇ ਜੱਜ ਨੇ ਐੱਸਐੱਸਪੀ ਨੂੰ ਆਖਿਆ ਕਿ ਕੋਈ ਵਧੀਆ ਜਿਹਾ ਗੰਨਮੈਨ ਭੇਜੋ। ਦਫਤਰੀਆਂ ਨੇ ਮਿੱਠੂ ਸਿੰਘ ਦੀ ਸਿਫਾਰਿਸ਼ ਕਰ ਦਿੱਤੀ ਤੇ ਉਸ ਨੂੰ ਐਡੀਸ਼ਨਲ ਸੈਸ਼ਨ ਜੱਜ ਨਾਲ ਗੰਨਮੈਨ ਲਗਾ ਦਿੱਤਾ ਗਿਆ। ਸਮੇਂ-ਸਮੇਂ ਜੱਜ ਬਦਲਦੇ ਰਹੇ ਪਰ ਮਿੱਠੂ ਸਿੰਘ ਨੂੰ ਕਿਸੇ ਨਾ ਬਦਲਿਆ। ਪਿੰਡ ਵੀ ਉਹਦਾ ਨੇੜੇ ਹੀ ਪੈਂਦਾ ਸੀ। ਸਵੇਰੇ ਉਹ ਆਰਾਮ ਨਾਲ ਬਸ ਚੜ੍ਹ ਕੇ ਸ਼ਹਿਰ ਆਉਂਦਾ। ਉਹਨੀਂ ਦਿਨੀਂ ਵਰਦੀ ਪਾਉਣ ਦੀ ਲੋੜ ਵੀ ਨਹੀਂ ਸੀ ਕਿਉਂਕਿ ਅਤਿਵਾਦ ਦੇ ਸਮੇਂ ਜੱਜਾਂ ਦੇ ਗੰਨਮੈਨ ਸਿਵਲ ਕੱਪੜਿਆਂ ਵਿਚ ਹੀ ਡਿਊਟੀ ਕਰਨ ਲੱਗ ਪਏ ਸਨ। ਜਦ ਅਤਿਵਾਦ ਮੁੱਕਿਆ ਤਾਂ ਕਈਆਂ ਨੇ ਵਰਦੀ ਫਿਰ ਵੀ ਨਹੀਂ ਸੀ ਪਹਿਨੀ, ਇਨ੍ਹਾਂ ਵਿਚੋਂ ਮਿੱਠੂ ਸਿੰਘ ਇੱਕ ਸੀ।
ਉਹ ਚੰਗੇ ਸਰਦੇ-ਪੁਜਦੇ ਜਿ਼ਮੀਂਦਾਰ ਘਰੋਂ ਸੀ। ਸਵੇਰੇ ਡਿਊਟੀ ’ਤੇ ਆਉਣ ਤੋਂ ਪਹਿਲਾਂ ਮੱਝਾਂ ਚੋਂਦਾ, ਡੇਅਰੀ ਦੁੱਧ ਪਾਉਂਦਾ ਤੇ ਨੀਰੇ ਚਾਰੇ ਦਾ ਕੰਮ ਧੰਦਾ ਸਮੇਟ ਕੇ ਡਿਊਟੀ ਉਤੇ ਐਨ ਵੇਲੇ ਸਿਰ ਆ ਪੁੱਜਦਾ। ਦੂਜੇ ਕੁ ਦਿਨ ਘਰੋਂ ਉਹ ਲੱਸੀ ਦਾ ਡੋਲਣਾ ਵੀ ਭਰਵਾ ਲਿਆਉਂਦਾ ਸੀ। ਜੱਜ ਸਾਹਿਬ ਤੇ ਉਨ੍ਹਾਂ ਦਾ ਪਰਿਵਾਰ ਖੁਸ਼ ਹੋ ਕੇ ਲੱਸੀ ਪੀਂਦੇ। ਮਿੱਠੂ ਨੇ ਕੁੱਕੜ ਕੁੱਕੜੀਆਂ ਵੀ ਰੱਖੇ ਹੋਏ ਸਨ। ਸਿਆਲਾਂ ਦੇ ਦਿਨੀਂ ਸਾਹਿਬ ਵਾਸਤੇ ਦੇਸੀ ਆਂਡੇ ਵੀ ਲੈ ਆਉਂਦਾ। ਸਾਗ ਬਣਵਾ ਲਿਆਉਂਦਾ। ਸਾਗ ਨੂੰ ਤੁੜਕਾ ਮੈਂ ਚਾੜ੍ਹ ਦਿੰਦਾ। ਜਦ ਮਿੱਠੂ ਸਿੰਘ ਖਾਲੀ ਭਾਂਡੇ ਵਾਪਿਸ ਲਿਜਾਂਦਾ ਤਾਂ ਮੈਂ ਸ਼ਿਸ਼ਟਾਚਾਰ ਵਜੋਂ ਕਦੇ ਗੁੜ ਦੀ ਭੇਲੀ, ਕਦੇ ਚਾਰ ਸ਼ਲਗਮ (ਗੋਂਗਲੂ) ਪਾ ਦਿੰਦਾ। ਮਿੱਠੂ ਦੂਜੇ ਦਿਨ ਆਣ ਕੇ ਮੈਨੂੰ ਆਖਦਾ, “ਸਾਡੇ ਘਰੇ ਗਧੇ ਨੀ ਖਾਂਦੇ ਗੋਂਗਲੂ।” ਮੈਂ ਖਿਝ ਕੇ ਆਖਿਆ, “ਹੁਣ ਹੋਰ ਕੀ ਪਾ ਦਿਆਂ ਮੈਂ ਤੈਨੂੰ?”
ਮਿੱਠੂ ਸਿੰਘ ਦੇ ਸਾਹਿਬ ਅਤੇ ਪਰਿਵਾਰ ਦੀ ਨਿਗਾ ’ਚ ਚੰਗੇ ਨੰਬਰ ਬਣੇ ਹੋਏ ਸਨ। ਮੇਰੇ ਵਰਗੇ ਨਵਿਆਂ ਨਿਮਾਣਿਆਂ- ਨਿਤਾਣਿਆਂ ਉਤੇ ਰੋਹਬ ਛਾਂਟਣ ਲੱਗਾ ਮਿੰਟ ਲਾਉਂਦਾ ਸੀ ਮਿੱਠੂ ਸਿੰਘ ਪਰ ਉਹਦਾ ਇਹ ਢਮਢਮਾ ਹੁਣ ਨਹੀਂ ਸੀ ਚੱਲਣਾ।
ਬੜੇ ਸਖਤ ਸੁਭਾਅ ਦੇ ਨਵੇਂ ਜੱਜ ਸਾਹਿਬ ਆ ਗਏ ਸਨ। ਇਕ ਦੋ ਦਿਨ ਤਾਂ ਮਿੱਠੂ ਨੇ ਦੇਖਿਆ ਕਿ ਸਾਹਿਬ ਕਿਸੇ ਨੂੰ ਨੇੜੇ ਨੀ ਫਟਕਣ ਦਿੰਦਾ। ਜਦ ਪਹਿਲੇ ਦਿਨ ਸਾਹਿਬ ਨੇ ਸਾਰੇ ਸਟਾਫ ਦੇ ਨਾਂ ਪੁੱਛੇ ਸਨ ਤਾਂ ਕਿ ਪਛਾਣ ਰਹੇ ਤਾਂ ਮਿੱਠੂ ਤੋਂ ਜਦ ਸਾਹਿਬ ਨੇ ਪੁੱਛਿਆ ਕਿ ਤੇਰਾ ਨਾਂ ਕੀ ਐ ਬਈ? ਲੰਮੇ ਕੱਦ ਵਾਲਾ ਪਤਲਾ ਜਿਹਾ ਮਿੱਠੂ ਸਲੂਟ ਮਾਰ ਕੇ ਐਨ ਸਿੱਧਾ ਸਪਾਟ ਖਲੋ ਗਿਆ, ਫਿਰ ਮਰੀ ਜਿਹੀ ਆਵਾਜ਼ ’ਚ ਬੋਲਿਆ, “ਸਰ ਮਿੱਠੂ ਸਿੰਘ ਐ।” ਸਾਹਿਬ ਕੜਕਿਆ, “ਉਏ ਐਡਾ ਤੇਰਾ ਸਰੀਰ ਐ, ਆਵਾਜ਼ ਨੂੰ ਕੀ ਹੋਇਐ ਤੇਰੀ ਨੂੰ? ਜ਼ਰਾ ਉਚੀ ਬੋਲ, ਜਾਨ ਹੈਨੀ ਆਂ ਤੇਰੇ ’ਚ...?” ਸਾਹਿਬ ਦਾ ਦਬਕੜਾ ਸੁਣ ਮਿੱਠੂ ਦੇ ਪਸੀਨੇ ਛੁੱਟ ਗਏ। ਉਹ ਹੌਸਲਾ ਜਿਹਾ ਕਰ ਕੇ ਬੋਲਿਆ, “ਸੌਰੀ ਸਰ ਜੀ, ਮਿੱਠੂ ਸਿੰਘ ਆਂ ਜੀ ਮੈਂ ਮਿੱਠੂ...।”
“ਕਾਕਾ ਮਿੱਠੂ ਸਿੰਘ, ਗੱਲ ਸੁਣ ਲੈ ਧਿਆਨ ਨਾਲ, ਬੜੇ ਧਿਆਨ ਨਾਲ ਡਿਊਟੀ ਕਰਨੀ ਏਂ ਮੇਰੇ ਨਾਲ ਤੂੰ, ਕਿਸੇ ਐਰੈ-ਗੈਰੇ ਨੂੰ ਨਹੀਂ ਮਿਲਣਾ-ਗਿਲਣਾ, ਕੋਈ ਮੇਰੀ ਗੱਲ ਏਧਰੋਂ-ਓਧਰ ਤੇ ਓਧਰੋਂ-ਓਧਰ ਨੀ ਕਰਨੀ-ਸੁਣਨੀ। ਇਹ ਜੁਡੀਸ਼ਰੀ ਐ, ਇਹ ਪੁਲੀਸ ਜਾਂ ਸਿਵਲ ਮਹਿਕਮਾ ਨਹੀਂ ਐਂ। ਸੁਣ ਲੈ ਕੰਨ ਖੋਲ੍ਹ ਕੇ ਕਾਕਾ... ਤੇ ਨਾਲੇ ਸੁਣ ਲੈ, ਵਰਦੀ ਪਾ ਕੇ ਡਿਊਟੀ ਕਰਨੀ ਐਂ ਮੇਰੇ ਨਾਲ, ਏਥੇ ਸਿਵਲ ’ਚ ਐਦਾਂ ਤੁਰੇ ਫਿਰਦੇ ਓ, ਜਿਵੇਂ ਨਾਨਕੇ ਆਏ ਹੁੰਨੇ ਐ।” ਮੈਂ ਨੀਵੀਂ ਪਾਈ ਪਾਸੇ ਖੜ੍ਹਾ ਸਭ ਸੁਣੀ ਗਿਆ। ਨਵੇਂ ਸਾਹਿਬ ਦੇ ਕੌੜਤੁੰਮੇ ਵਰਗੇ ਸੁਭਾਅ ਨੂੰ ਦੇਖ ਸੁਣ ਕੇ ਮੇਰੀ ਵੀ ਜਾਨ ਨਿਕਲ ਗਈ ਸੀ। ਸਾਹਿਬ ਵਾਕਿਆ ਹੀ ਬੜਾ ਗਰਮ ਸੀ। ਮਿੱਠੂ ਸਿੰਘ ਨੇ ਸਲੂਟ ਮਾਰਿਆ, “ਓਕੇ ਸਰ ਜੀ।”
ਦੂਜੇ ਦਿਨ ਸਵੇਰੇ ਹੀ ਪੰਜਾਬ ਪੁਲੀਸ ਦੀ ਵਰਦੀ ਵਿਚ ਫੱਬਿਆ ਮਿੱਠੂ ਸਿੰਘ ਸਾਹਿਬ ਦੀ ਕੋਠੀ ਅੱਗੇ ਹਾਜ਼ਿਰ ਸੀ। ਬੜਾ ਪ੍ਰੇਸ਼ਾਨ ਹੋਇਆ ਖੜ੍ਹਾ ਸੀ। ਮੈਨੂੰ ਆਖਣ ਲੱਗਾ, “ਆਹ ਨਵਾਂ ਈ ਸਿਆਪਾ ਪੈ ਗਿਐ, ਕਿਹੜਾ ਕਰੂ ਨਿੱਤ ਵਰਦੀ ਪ੍ਰੈੱਸ? ਚੰਗੇ ਭਲੇ ਦਿਨ ਨਿਕਲੀ ਜਾਂਦੇ ਸੀ, ਸਾਹਿਬ ਬੜਾ ਕੱਬੇ ਸੁਭਾਅ ਦਾ ਐ ਯਾਰ ਏਹ ਤਾਂ।”
ਮੈਂ ਹੱਸਦਿਆਂ ਆਖਿਆ, “ਬਾਈ ਮਿੱਠੂ ਸਿਆਂ, ਤੈਨੂੰ ਸਾਰੇ ਢੰਗ ਤਰੀਕੇ ਆਉਂਦੇ ਐ, ਪੁਰਾਣਾ ਪਾਪੀ ਐਂ ਤੂੰ, ਸਾਹਿਬ ਨੇ ਆਪਣੇ ਆਪ ਸੈੱਟ ਹੋ ਜਾਣੈਂ, ਜਦ ਕੂਲੀਆਂ ਗੰਦਲਾਂ ਦਾ ਕਰਾਰਾ ਸਾਗ ਪਿੰਡ ਦੇ ਚੁੱਲ੍ਹੇ ਉਤੇ ਰਿੰਨ੍ਹਿਆ ਖੁਆਇਆ ਤੇ ਘਰ ਦੀ ਤੌੜੀ ਦੀ ਖੱਟੀ ਮਿੱਠੀ ਲੱਸੀ ਲਿਆ ਕੇ ਪਿਆਈ, ਜਦ ਦੇਸੀ ਆਂਡੇ ਖੁਆਏ, ਫੇਰ ਸਾਹਿਬ ਨੀ ਘੂਰਦਾ ਤੈਨੂੰ।” ਮੇਰੀ ਗੱਲ ਸੁਣ ਕੇ ਮਿੱਠੂ ਦੂਜੇ ਦਿਨ ਹੀ ਲੱਸੀ ਦੀ ਬੋਤਲ ਤੇ ਡੋਲਣਾ ਭਰਿਆ ਸਾਗ ਦਾ ਲੈ ਆਇਆ। ਮੈਂ ਰਸੋਈ ਵਿਚ ਸਮਾਨ ਰੱਖਣ ਤੁਰਿਆ ਤਾਂ ਸਾਹਮਣੇ ਬੈਠਾ ਸਾਹਿਬ ਬੋਲਿਆ, “ਓਏ, ਹਾਅ ਕੀ ਲਈ ਜਾਨੈਂ?” ਮੈਂ ਦੱਸਿਆ, “ਸਰ, ਮਿੱਠੂ ਸਿੰਘ ਪਿੰਡੋਂ ਲੈ ਕੇ ਆਇਐ ਸਾਗ ਤੇ ਲੱਸੀ।” ਇੰਨੀ ਸੁਣ ਸਾਹਿਬ ਚਿੜ ਗਿਆ, ਭਬਕ ਕੇ ਬੋਲਿਆ, “ਸੱਦ ਉਹਨੂੰ, ਓਹਦੀ ਏਹ ਹਿੰਮਤ ਕਿਵੇਂ ਪਈ?” ਸੁਣ ਮੈਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ। ਉਵੇਂ ਹੀ ਡੋਲਣਾ ਤੇ ਬੋਤਲ ਵਾਪਿਸ ਲੈ ਕੇ ਮੈਂ ਬਾਹਰ ਭੱਜਿਆ।
“ਆ ਜਾ ਮਿੱਠੂ ਸਿਆਂ, ਸਾਹਿਬ ਸੱਦ ਰਿਹੈ।” ਮੈਂ ਆਖਿਆ ਤਾਂ ਉਹ ਪਲ ਵਿਚ ਸਾਹਿਬ ਮੂਹਰੇ ਆਣ ਖੜ੍ਹਿਆ।
“ਗੱਲ ਸੁਣ ਮਿੱਠੂ, ਮੈਂ ਤੈਥੋਂ ਕਦ ਮੰਗੇ ਸੀ ਲੱਸੀ ਤੇ ਸਾਗ? ਬਿਨਾਂ ਪੁੱਛੇ ਦੱਸੇ ਹੀ ਚੱਕੀ ਫਿਰਦੈਂ ਡੋਲਣੇ ਬੋਤਲਾਂ?... ਮੈਂ ਜੱਜ ਆਂ, ਪਟਵਾਰੀ ਜਾਂ ਥਾਣੇਦਾਰ ਨਹੀਂ ਆਂ ਮੈਂ। ਖ਼ਬਰਦਾਰ ਜੇ ਮੁੜ ਲੈ ਕੇ ਆਇਆ ਤਾਂ।” ਕੰਬਦੀ ਆਵਾਜ਼ ’ਚ ਮਿਠੂ ਬੋਲਿਆ, “ਸਰ ਜੀ, ਆਹ ਨਿੰਦਰ ਨੇ ਕਿਹਾ ਸੀ, ਤਦੇ ਲਿਆਇਆ ਸੀ।” ਸਾਹਿਬ ਮੈਨੂੰ ਪੈ ਨਿਕਲਿਆ, “ਕਿਓਂ ਉਏ, ਤੂੰ ਅਰਦਲੀ ਐਂ ਕਿ ਜੱਜ? ਆਪਣੇ ਆਪ ਹੁਕਮ ਕਰਦਾ ਫਿਰਦੈਂ? ਖ਼ਬਰਦਾਰ! ਅੱਗੇ ਤੋਂ, ਚਲੋ ਜਾਓ ਏਥੋਂ।” ਮਿੱਠੂ ਦੇ ਸਾਗ ਤੇ ਲੱਸੀ ਨੇ ਮੇਰੀ ਵੀ ‘ਲੱਸੀ’ ਕਰਵਾ ਦਿੱਤੀ ਸੀ। ਧੌਣਾਂ ਹੇਠਾਂ ਸੁੱਟੀ ਅਸੀਂ ਦੋਵੇਂ ਕਮਰੇ ’ਚੋਂ ਬਾਹਰ ਆ ਗਏ।
ਸੰਪਰਕ: 94174-21700

Advertisement

Advertisement
Advertisement
Author Image

Jasvir Samar

View all posts

Advertisement