ਗੰਡੋਆ ਖਾਦ: ਮਿੱਟੀ ਸੁਧਾਰ ਅਤੇ ਰੁਜ਼ਗਾਰ ਲਈ ਢੁੱਕਵਾਂ ਤਰੀਕਾ
ਕੁਲਦੀਪ ਸਿੰਘ ਭੁੱਲਰ*
ਪੰਜਾਬ ਅੰਨ ਉਤਪਾਦਨ ਵਿੱਚ ਪੂਰੇ ਭਾਰਤ ’ਚ ਮੋਹਰੀ ਰਿਹਾ ਹੈ। ਲੰਮੇ ਸਮੇਂ ਤੋਂ ਰਸਾਇਣਕ ਖਾਦਾਂ ਅਤੇ ਕੀਟਨਾਸ਼ਕਾਂ ਦੀ ਗ਼ੈਰ-ਸਿਫ਼ਾਰਸ਼ੀ ਤੇ ਬੇਲੋੜੀ ਵਰਤੋਂ ਨੇ ਮਿੱਟੀ ਦੀ ਉਪਜਾਊ ਸ਼ਕਤੀ ’ਤੇ ਅਸਰ ਪਾਇਆ ਹੈ। ਪੇਂਡੂ ਖੇਤਰਾਂ ਵਿੱਚ ਰੁਜ਼ਗਾਰ ਦੇ ਮੌਕੇ ਘੱਟ ਹੋਣ ਕਾਰਨ ਪੇਂਡੂ ਆਬਾਦੀ ਸ਼ਹਿਰਾਂ ਵੱਲ ਰੁਖ਼ ਕਰ ਰਹੀ ਹੈ। ਇਸ ਮਸਲੇ ਨਾਲ ਨਜਿੱਠਣ ਅਤੇ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਵਰਮੀਕੰਪੋਸਟ ਜਾਂ ਗੰਡੋਆ ਖਾਦ ਦੇ ਉਤਪਾਦਨ ਵਰਗੀਆਂ ਟਿਕਾਊ ਕਿਰਿਆਵਾਂ ਨੂੰ ਅਪਣਾਉਣਾ ਇੱਕ ਬਦਲ ਹੋ ਸਕਦਾ ਹੈ।
ਗੰਡੋਆ ਖਾਦ/ਵਰਮੀਕੰਪੋਸਟ: ਵਰਮੀਕੰਪੋਸਟ ਪੌਸ਼ਟਿਕ ਤੱਤਾਂ ਨਾਲ ਭਰਪੂਰ ਜੈਵਿਕ ਖਾਦ ਹੈ ਜੋ ਗੰਡੋਇਆਂ ਵੱਲੋਂ ਜੈਵਿਕ ਰਹਿੰਦ-ਖੂੰਹਦ ਨੂੰ ਵਿਘਟਤ ਕਰ ਕੇ ਤਿਆਰ ਕੀਤੀ ਜਾਂਦੀ ਹੈ। ਇਸ ਪ੍ਰਕਿਰਿਆ ਵਿੱਚ ਜੈਵਿਕ ਪਦਾਰਥਾਂ ਜਿਵੇਂ ਫ਼ਸਲਾਂ ਦੀ ਰਹਿੰਦ-ਖੂੰਹਦ, ਜਾਨਵਰਾਂ ਦਾ ਗੋਬਰ ਅਤੇ ਰਸੋਈ ਦੀ ਰਹਿੰਦ-ਖੂੰਹਦ ਆਦਿ ਨੂੰ ਗੰਡੋਏ ਖਾਂਦੇ ਹਨ, ਹਜ਼ਮ ਕਰਦੇ ਹਨ ਅਤੇ ਮਿੱਟੀ ਲਈ ਕੀਮਤੀ ਪਦਾਰਥ ਵਿੱਚ ਬਦਲ ਦਿੰਦੇ ਹਨ। ਵਰਮੀਕੰਪੋਸਟ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਣ, ਮਿੱਟੀ ਦੇ ਢਾਂਚੇ ਵਿੱਚ ਸੁਧਾਰ ਕਰਨ ਅਤੇ ਪੌਦਿਆਂ ਦੇ ਵਾਧੇ ਵਿੱਚ ਸਹਾਈ ਹੋਣ ਦੀ ਯੋਗਤਾ ਲਈ ਕੀਮਤੀ ਹੈ।
ਪਰਾਲੀ ਦੇ ਪ੍ਰਬੰਧ ਦੀ ਚੁਣੌਤੀ: ਪੰਜਾਬ ਵਿੱਚ ਝੋਨੇ ਦੀ ਵਾਢੀ ਤੋਂ ਬਾਅਦ ਪਰਾਲੀ ਵੱਡੀ ਮਾਤਰਾ ਪੈਦਾ ਹੁੰਦੀ ਹੈ। ਕਿਸਾਨ ਖੇਤਾਂ ਨੂੰ ਜਲਦੀ ਸਾਫ਼ ਕਰਨ ਅਤੇ ਉਨ੍ਹਾਂ ਨੂੰ ਅਗਲੇ ਫ਼ਸਲੀ ਚੱਕਰ ਲਈ ਤਿਆਰ ਕਰਨ ਵਾਸਤੇ ਪਰਾਲੀ ਸਾੜਦੇ ਹਨ। ਹਾਲਾਂਕਿ, ਇਸ ਅਭਿਆਸ ਦੇ ਨੁਕਸਾਨਦੇਹ ਨਤੀਜੇ ਵਜੋਂ ਹਵਾ ਪ੍ਰਦੂਸ਼ਣ, ਮਿੱਟੀ ਦੇ ਜੈਵਿਕ ਪਦਾਰਥਾਂ ਦਾ ਨੁਕਸਾਨ ਅਤੇ ਮਨੁੱਖੀ ਸਿਹਤ ’ਤੇ ਮਾੜੇ ਪ੍ਰਭਾਵ ਸਾਡੇ ਸਾਹਮਣੇ ਹਨ।
ਮਿੱਟੀ ਸੁਧਾਰ ਵਿੱਚ ਗੰਡੋਆ ਖਾਦ ਦੀ ਭੂਮਿਕਾ:
• ਮਿੱਟੀ ਦੀ ਉਪਜਾਊ ਸ਼ਕਤੀ ਵਿੱਚ ਵਾਧਾ: ਵਰਮੀਕੰਪੋਸਟ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ ਅਤੇ ਸੂਖਮ ਪੋਸ਼ਕ ਤੱਤਾਂ ਵਰਗੇ ਜ਼ਰੂਰੀ ਪੋਸ਼ਟਿਕ ਤੱਤਾਂ ਦਾ ਇੱਕ ਸ਼ਕਤੀਸ਼ਾਲੀ ਸਰੋਤ ਹੈ। ਇਸ ਦੀ ਤੱਤਾਂ ਨੂੰ ਹੌਲੀ-ਹੌਲੀ ਮੁਹੱਈਆ ਕਰਵਾਉਣ ਦੀ ਪ੍ਰਕਿਰਤੀ ਪੌਦਿਆਂ ਨੂੰ ਪੋਸ਼ਟਿਕ ਤੱਤਾਂ ਦੀ ਨਿਰੰਤਰ ਪੂਰਤੀ ਨੂੰ ਯਕੀਨੀ ਬਣਾਉਂਦੀ ਹੈ, ਸਿਹਤਮੰਦ ਵਾਧੇ ਅਤੇ ਵਿਕਾਸ ਨੂੰ ਉਤਸ਼ਾਹਤ ਕਰਦੀ ਹੈ।
• ਮਿੱਟੀ ਦੀ ਬਣਤਰ ਵਿੱਚ ਸੁਧਾਰ: ਵਰਮੀਕੰਪੋਸਟ ਵਿੱਚ ਮੌਜੂਦ ਹਿਊਮਿਕ ਪਦਾਰਥ ਮਿੱਟੀ ਦੇ ਭੌਤਿਕ ਗੁਣਾਂ ਵਿੱਚ ਸੁਧਾਰ ਕਰਦੇ ਹਨ। ਇਸ ਨਾਲ ਪਾਣੀ ਜੀਰਨ ਅਤੇ ਮਿੱਟੀ ਵਿੱਚ ਨਮੀ ਬਰਕਰਾਰ ਰੱਖਣ ਵਿੱਚ ਸੁਧਾਰ ਹੁੰਦਾ ਹੈ। ਇਹ ਮਿੱਟੀ ਵਿੱਚ ਹਵਾ ਦਾ ਸੰਚਾਰ ਅਤੇ ਪਾਣੀ ਦੇ ਨਿਕਾਸ ਵਿੱਚ ਸੁਧਾਰ ਰਾਹੀਂ ਪੌਦਿਆਂ ਦੀਆਂ ਜੜ੍ਹਾਂ ਦੇ ਵਾਧੇ ਲਈ ਅਨੁਕੂਲ ਸਥਿਤੀਆਂ ਪੈਦਾ ਕਰਦੀ ਹੈ।
• ਮਿੱਟੀ ਤੋਂ ਹੋਣ ਵਾਲੀਆਂ ਬਿਮਾਰੀਆਂ ਨੂੰ ਘਟਾਉਣਾ: ਵਰਮੀਕੰਪੋਸਟ ਵਿੱਚ ਲਾਭਕਾਰੀ ਸੂਖ਼ਮ ਜੀਵ ਅਤੇ ਐਨਜ਼ਾਈਮ ਹੁੰਦੇ ਹਨ ਜੋ ਮਿੱਟੀ ਤੋਂ ਪੈਦਾ ਹੋਣ ਵਾਲੇ ਰੋਗਾਣੂਆਂ ਨੂੰ ਦਬਾਉਣ ਵਿੱਚ ਮਦਦ ਕਰਦੇ ਹਨ, ਜਿਸ ਨਾਲ ਫ਼ਸਲਾਂ ਵਿੱਚ ਬਿਮਾਰੀਆਂ ਘੱਟ ਹੁੰਦੀਆਂ ਹਨ। ਇਹ ਕੁਦਰਤੀ ਬਿਮਾਰੀ ਦਮਨ ਕਰਨ ਦੀ ਵਿਧੀ ਰਸਾਇਣਕ ਕੀਟਨਾਸ਼ਕਾਂ ਦੀ ਲੋੜ ਨੂੰ ਘੱਟ ਕਰਦੀ ਹੈ।
ਰੁਜ਼ਗਾਰ ਸਿਰਜਣ ਵਿੱਚ ਭੂਮਿਕਾ: ਵਰਮੀਕੰਪੋਸਟ ਉਤਪਾਦਨ ਪੰਜਾਬ ਵਿੱਚ, ਖ਼ਾਸਕਰ ਪੇਂਡੂ ਖੇਤਰਾਂ ਵਿੱਚ ਰੁਜ਼ਗਾਰ ਪੈਦਾ ਕਰਨ ਲਈ ਮੌਕੇ ਪੇਸ਼ ਕਰਦਾ ਹੈ। ਇਸ ਪ੍ਰਕਿਰਿਆ ਵਿੱਚ ਜੈਵਿਕ ਰਹਿੰਦ-ਖੂੰਹਦ ਨੂੰ ਇਕੱਠਾ ਕਰਨਾ, ਇਹ ਰਹਿੰਦ-ਖੂੰਹਦ ਗੰਡੋਇਆਂ ਨੂੰ ਖੁਆਉਣਾ, ਖਾਦ ਬਣਾਉਣ ਦੀ ਪ੍ਰਕਿਰਿਆ ਦਾ ਪ੍ਰਬੰਧਨ ਕਰਨਾ, ਤਿਆਰ ਉਤਪਾਦ ਨੂੰ ਵੱਖ ਕਰਨਾ ਅਤੇ ਪੈਕਿੰਗ ਕਰਨਾ ਸ਼ਾਮਲ ਹੈ। ਤਿਆਰ ਗੰਡੋਆ ਖਾਦ ਦੀ ਕਿਸਾਨਾਂ, ਨਰਸਰੀ ਚਾਲਕਾਂ, ਫੁੱਲਾਂ ਤੇ ਲੈਂਡਸਕੇਪ ਦੇ ਸ਼ੌਕੀਨ, ਸਬਜ਼ੀਆਂ ਅਤੇ ਫਲ ਉਤਪਾਦਕਾਂ ਨੂੰ ਵਿਕਰੀ ਰਾਹੀਂ ਰੁਜ਼ਗਾਰ ਦਾ ਸੁਖਾਲਾ ਤਰੀਕਾ ਹੈ। ਇਸ ਤੋਂ ਇਲਾਵਾ ਗੰਡੋਆ ਖਾਦ ਦੀ ਪਹਾੜੀ ਇਲਾਕਿਆਂ ਵਿੱਚ ਵੱਡੇ ਪੱਧਰ ’ਤੇ ਵਿਕਰੀ ਰਾਹੀਂ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਸਕਦਾ ਹੈ। ਥੋੜ੍ਹੇ ਸਮੇਂ ਦੀ ਸਿਖਲਾਈ ਪ੍ਰਾਪਤ ਕਰਨ ਤੋਂ ਬਾਅਦ ਵਰਮੀਕੰਪੋਸਟ ਉਤਪਾਦਨ ਇਕਾਈਆਂ ਸਥਾਪਤ ਕਰ ਕੇ, ਨੌਜਵਾਨ ਅਤੇ ਪੇਂਡੂ ਭਾਈਚਾਰੇ ਦੇ ਲੋਕ ਰੋਜ਼ੀ-ਰੋਟੀ ਪੈਦਾ ਕਰ ਸਕਦੇ ਹਨ ਅਤੇ ਪੇਂਡੂ ਆਬਾਦੀ ਨੂੰ ਆਰਥਿਕ ਤੌਰ ’ਤੇ ਸ਼ਕਤੀਸ਼ਾਲੀ ਬਣਾ ਸਕਦੇ ਹਨ। ਮਿੱਟੀ ਸੁਧਾਰ ਵਜੋਂ ਗੰਡੋਆ ਖਾਦ ਨੂੰ ਅਪਣਾਉਣ ਨਾਲ ਫ਼ਸਲਾਂ ਦੀ ਪੈਦਾਵਾਰ ਅਤੇ ਖੇਤੀ ਮੁਨਾਫ਼ੇ ਵਿੱਚ ਵਾਧਾ ਹੋ ਸਕਦਾ ਹੈ। ਇਸ ਨਾਲ ਆਰਥਿਕ ਵਿਕਾਸ ਵਿੱਚ ਹੋਰ ਯੋਗਦਾਨ ਪਾਇਆ ਜਾ ਸਕਦਾ ਹੈ।
ਵਿਧੀ: ਪੀਏਯੂ ਨੇ ਪਰਾਲੀ ’ਤੇ ਆਧਾਰਤ ਉਤਪਾਦਨ ਤਕਨੀਕ ਦੀ ਸਿਫ਼ਾਰਸ਼ ਕੀਤੀ ਹੈ। ਇਸ ਤਕਨੀਕ ਅਨੁਸਾਰ-
ਬੈੱਡਾਂ ਲਈ ਜਗ੍ਹਾ ਦੀ ਚੋਣ ਅਤੇ ਉਸਾਰੀ: ਵਰਮੀਕੰਪੋਸਟ ਬੈੱਡਾਂ ਦੀ ਉਸਾਰੀ ਲਈ ਢੁੱਕਵੇਂ ਸਥਾਨ ਦੀ ਚੋਣ ਕਰੋ। ਸਾਈਟ ਤਰਜੀਹੀ ਤੌਰ ’ਤੇ ਨੀਵੇਂ ਇਲਾਕਿਆਂ ’ਤੇ ਨਹੀਂ ਹੋਣੀ ਚਾਹੀਦੀ ਜਿੱਥੇ ਪਾਣੀ ਖੜ੍ਹਨ ਦੀ ਸਮੱਸਿਆ ਹੋ ਸਕਦੀ ਹੈ ਖ਼ਾਸ ਕਰ ਬਰਸਾਤ ਦੇ ਮੌਸਮ ਦੌਰਾਨ। ਇਹ ਤਰਜੀਹੀ ਤੌਰ ’ਤੇ ਡੇਅਰੀ ਫਾਰਮ ਦੇ ਨੇੜੇ ਹੋਣਾ ਚਾਹੀਦਾ ਹੈ ਜਿਸ ਨਾਲ ਬੈੱਡਾਂ ਦੀ ਭਰਾਈ ਲਈ ਲੇਬਰ ਲਾਗਤ ਨੂੰ ਘਟਾਇਆ ਜਾ ਸਕਦਾ ਹੈ। ਇਹ ਜਗ੍ਹਾ ਪਹੁੰਚਯੋਗ ਹੋਣੀ ਚਾਹੀਦੀ ਹੈ ਜਿੱਥੋਂ ਤਿਆਰ ਖਾਦ ਨੂੰ ਟਰੈਕਟਰ ਟਰਾਲੀ ਜਾਂ ਹੋਰ ਵਾਹਨਾਂ ਦੀ ਵਰਤੋਂ ਕਰ ਕੇ ਵਰਤੋਂ ਜਾਂ ਵਿਕਰੀ ਲਈ ਚੁੱਕਿਆ ਜਾ ਸਕਦਾ ਹੈ। ਇੱਟਾਂ ਦੀ ਵਰਤੋਂ ਕਰ ਕੇ 3 ਮੀਟਰ (ਚੌੜਾਈ) × 2 ਮੀਟਰ (ਉਚਾਈ) ਦੇ ਮਾਪ ਦੇ ਬੈੱਡ ਤਿਆਰ ਕੀਤੇ ਜਾ ਸਕਦੇ ਹਨ। ਇਨ੍ਹਾਂ ਦੀ ਲੰਬਾਈ ਉਪਲਬਧ ਜਗ੍ਹਾ ਅਨੁਸਾਰ ਵੱਧ-ਘੱਟ ਹੋ ਸਕਦੀ ਹੈ। ਬੈੱਡਾਂ ਵਿੱਚੋਂ ਗੋਹੇ ਦੇ ਰਿਸਾਅ ਨੂੰ ਰੋਕਣ ਲਈ ਇਨ੍ਹਾਂ ਬੈੱਡਾਂ ਦਾ ਫਰਸ਼ ਪੱਕਾ ਹੋਣਾ ਚਾਹੀਦਾ ਹੈ ਤੇ ਅੰਦਰਲੇ ਪਾਸਿਓਂ ਪਲੱਸਤਰ ਜਾਂ ਟੀਪ ਹੋਣਾ ਚਾਹੀਦਾ ਹੈ। ਇਨ੍ਹਾਂ ਬੈੱਡਾਂ ਦੇ ਫਰਸ਼ ਨੂੰ ਢਲਾਣ ਵਿੱਚ ਬਣਾਇਆ ਜਾਣਾ ਚਾਹੀਦਾ ਹੈ ਤਾਂ ਜੋ ਵਧੇਰੇ ਪਾਏ ਗਏ ਪਾਣੀ ਦਾ ਨਿਕਾਸ ਹੋ ਸਕੇ। ਜ਼ਿਆਦਾ ਪਾਣੀ ਇਕੱਠਾ ਕਰਨ ਲਈ ਬੈੱਡ ਦੇ ਇੱਕ ਕੋਨੇ ’ਤੇ ਡਰੇਨੇਜ ਪਾਈਪ ਲਗਾਈ ਜਾ ਸਕਦੀ ਹੈ।
ਕੱਚਾ ਮਾਲ: ਵਰਮੀਕੰਪੋਸਟ ਨੂੰ ਪਸ਼ੂਆਂ ਦੇ ਗੋਬਰ ਅਤੇ ਕਈ ਪ੍ਰਕਾਰ ਦੀ ਜੈਵਿਕ ਰਹਿੰਦ-ਖੂੰਹਦ ਤੋਂ ਤਿਆਰ ਕੀਤਾ ਜਾ ਸਕਦਾ ਹੈ ਪਰ ਪੰਜਾਬ ਵਿੱਚ ਪਰਾਲੀ ਭਰਪੂਰ ਮਾਤਰਾ ਵਿੱਚ ਉਪਲਬਧ ਹੈ ਜਿਸ ਦੀ ਵਰਤੋਂ ਸੁਖਾਲੀ ਤੇ ਸਸਤੀ ਪੈਂਦੀ ਹੈ। ਇਸ ਲਈ ਪੀਏਯੂ ਨੇ ਪਰਾਲੀ ਅਤੇ ਪਸ਼ੂਆਂ ਦੇ ਗੋਬਰ ਨੂੰ 1:1 ਦੇ ਅਨੁਪਾਤ ਵਿੱਚ ਸਿਫਾਰਸ਼ ਕੀਤੀ ਹੈ।
ਬੈੱਡਾਂ ਨੂੰ ਭਰਨਾ: ਤਰਜੀਹੀ ਤੌਰ ’ਤੇ ਕੱਟੀ ਪਰਾਲੀ ਨੂੰ ਬੈੱਡ ਦੀ ਅੱਧੀ ਉਚਾਈ ਤੱਕ ਭਰਿਆ ਜਾਂਦਾ ਹੈ। ਸੁੱਕੀ ਪਰਾਲੀ ਦੀ ਨਮੀ ਦੇ ਪੱਧਰ ਨੂੰ 70-80 ਫ਼ੀਸਦੀ ਤੱਕ ਵਧਾਉਣ ਲਈ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ। ਫਿਰ ਗੋਬਰ ਨੂੰ ਬੈੱਡਾਂ ਦੇ ਉੱਪਰਲੇ ਪੱਧਰ ਲਈ ਭਰਿਆ ਜਾਂਦਾ ਹੈ। ਜੇ ਗੋਹਾ ਪਹਿਲਾਂ ਹੀ (7-10 ਦਿਨ) ਪੁਰਾਣਾ ਹੈ ਤਾਂ ਭਰਨ ਤੋਂ ਤੁਰੰਤ ਬਾਅਦ ਇਨ੍ਹਾਂ ਬੈੱਡਾਂ ਵਿੱਚ ਗੰਡੋਏ ਪਾਏ ਜਾ ਸਕਦੇ ਹਨ ਨਹੀਂ ਤਾਂ 7-10 ਦਿਨਾਂ ਤੱਕ ਇੰਤਜ਼ਾਰ ਕਰਨਾ ਪਏਗਾ ਕਿਉਂਕਿ ਸ਼ੁਰੂ ਵਿੱਚ ਗੋਹੇ ਵਿੱਚੋਂ ਨਿਕਲਣ ਵਾਲੀ ਅਮੋਨੀਆ ਗੈਸ ਦੀ ਵਧੇਰੇ ਮਾਤਰਾ ਗੰਡੋਇਆਂ ਲਈ ਨੁਕਸਾਨਦੇਹ ਹੁੰਦੀ ਹੈ।
ਗੰਡੋਇਆਂ ਦੀ ਚੋਣ ਅਤੇ ਮਾਤਰਾ: ਵੱਖ-ਵੱਖ ਕਿਸਮਾਂ ਦੇ ਗੰਡੋਏੇ ਉਪਲਬਧ ਹਨ ਪਰ ਲਾਲ ਵਿਗਲਰ (ਆਈਸੇਨੀਆ ਫੈਟੀਡਾ) ਤੇਜ਼ ਪ੍ਰਜਣਨ, ਪਰਿਵਰਤਨਸ਼ੀਲ ਜਲਵਾਯੂ ਸਥਿਤੀਆਂ ਨੂੰ ਸਹਿਣ ਲਈ ਬਿਹਤਰ ਦਰ ਅਤੇ ਜੈਵਿਕ ਪਦਾਰਥਾਂ ਦੇ ਤੇਜ਼ੀ ਨਾਲ ਵਿਘਟਨ ਲਈ ਸਭ ਤੋਂ ਵਧੀਆ ਹੁੁੰਦੇ ਹਨ। ਛੱਤੀ ਘਣ ਫੁੱਟ ਕੱਚੇ ਮਾਲ ਲਈ ਇੱਕ ਕਿਲੋਗ੍ਰਾਮ ਗੰਡੋਏ ਕਾਫ਼ੀ ਹੁੰਦੇ ਹਨ। ਆਮ ਤੌਰ ’ਤੇ ਗੰਡੋਆ ਖਾਦ ਤਿਆਰ ਹੋਣ ਦਾ ਚੱਕਰ ਪਾਏ ਗਏ ਗੰਡੋਇਆਂ ਦੀ ਮਾਤਰਾ ਦੇ ਉਲਟ ਅਨੁਪਾਤੀ ਹੁੰਦਾ ਹੈ ਅਰਥਾਤ ਜ਼ਿਆਦਾ ਗੰਡੋਏ ਤੇ ਛੋਟਾ ਉਪਤਾਦਨ ਚੱਕਰ ਪਰ ਉਨ੍ਹਾਂ ਦੇ ਪਰਸਪਰ ਮੁਕਾਬਲੇ ਨੂੰ ਘਟਾਉਣ ਅਤੇ ਗੰਡੋਇਆਂ ਦੇ ਉਤਪਾਦਨ ਨੂੰ ਵਧਾਉਣ ਲਈ ਸਿਫ਼ਾਰਸ਼ ਕੀਤੀ ਮਾਤਰਾ ਪਾਉਣੀ ਚਾਹੀਦੀ ਹੈ।
ਖਾਦ ਬਣਾਉਣ ਦੀ ਪ੍ਰਕਿਰਿਆ: ਸਫ਼ਲਤਾਪੂਰਵਕ ਵਰਮੀਕੰਪੋਸਟਿੰਗ ਲਈ ਨਮੀ ਅਤੇ ਛਾਂ ਦੋ ਪ੍ਰਮੁੱਖ ਕਾਰਕ ਹਨ। ਨਮੀ ਬਣਾਈ ਰੱਖਣ ਲਈ ਬੈੱਡਾਂ ਨੂੰ ਮੌਸਮ ਅਨੁਸਾਰ ਵਾਸ਼ਪੀਕਰਨ ਦਰ ਦੇ ਅਨੁਸਾਰ ਪਾਣੀ ਨਾਲ ਛਿੜਕਾਅ ਕੀਤਾ ਜਾਣਾ ਚਾਹੀਦਾ ਹੈ। ਪਾਣੀ ਦਾ ਛਿੜਕਾਅ ਕਰਨ ਲਈ ਨਿਯਮ ਇਹ ਹੈ ਕਿ ਬੈੱਡਾਂ ਦੀ ਸਮੱਗਰੀ ਹੱਥਾਂ ਨੂੰ ਗਿੱਲੀ ਮਹਿਸੂਸ ਹੋਵੇ ਪਰ ਡਰੇਨੇਜ ਪਾਈਪ ਤੋਂ ਜ਼ਿਆਦਾ ਪਾਣੀ ਦਾ ਰਿਸਾਅ ਨਾ ਹੋਵੇ। ਬੈੱਡਾਂ ਨੂੰ ਮੀਂਹ ਤੋਂ ਬਚਾਉਣ ਲਈ ਢੁੱਕਵੇਂ ਪਰ ਘੱਟ ਲਾਗਤ ਵਾਲੇ ਸ਼ੈੱਡ ਬਣਾਉਣੇ ਚਾਹੀਦੇ ਹਨ। ਬੈੱਡ ਵਿੱਚ ਬਹੁਤ ਜ਼ਿਆਦਾ ਪਾਣੀ ਦੇ ਨਤੀਜੇ ਵਜੋਂ ਖ਼ੁਰਾਕੀ ਤੱਤ ਪਾਣੀ ਦੇ ਨਾਲ ਬਾਹਰ ਨਿਕਲ ਜਾਂਦੇ ਹਨ ਅਤੇ ਬੈੱਡਾਂ ਵਿੱਚ ਹਵਾ ਦੀ ਅਣਹੋਂਦ ਕਾਰਨ ਗੰਡੋਇਅਆਂਦੇ ਵਿਕਾਸ ’ਤੇ ਵੀ ਮਾੜਾ ਅਸਰ ਪੈਂਦਾ ਹੈ। ਛਾਂ ਬਣਾਈ ਰੱਖਣ ਲਈ ਪੁਰਾਣਾ ਜੂਟ ਦਾ ਬਾਰਦਾਨਾ ਸਭ ਤੋਂ ਵਧੀਆ ਵਿਕਲਪ ਹੈ ਪਰ ਜੇ ਉਪਲਬਧ ਨਹੀਂ ਤਾਂ ਬੈੱਡ ਦੇ ਉੱਪਰ ਪਰਾਲੀ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪਰਾਲੀ ਨੂੰ ਇੱਕ ਪਤਲੀ ਪਰਤ ਵਿੱਚ ਵਿਛਾਉ ਤਾਂ ਜੋ ਪਾਣੀ ਪਾਉਣ ਵਿੱਚ ਰੁਕਾਵਟ ਨਾ ਪਵੇ।
ਵਰਮੀਕੰਪੋਸਟ ਅਲੱਗ ਕਰਨਾ ਤੇ ਭੰਡਾਰਨ: ਅੰਤਿਮ ਉਤਪਾਦ ਦੀ ਪਛਾਣ ਗੰਧ ਰਹਿਤ ਦਾਣੇਦਾਰ ਭੂਰੇ ਰੰਗ ਦੀ ਸਮੱਗਰੀ ਦੁਆਰਾ ਕੀਤੀ ਜਾ ਸਕਦੀ ਹੈ। ਅਗਲਾ ਕੰਮ ਗੰਡੋਇਆਂ ਨੂੰ ਤਿਆਰ ਵਰਮੀਕੰਪੋਸਟ ਤੋਂ ਵੱਖ ਕਰਨਾ ਹੈ। ਇਸ ਕੰਮ ਲਈ ਉਪਰਲੀ ਮਲਚ ਨੂੰ ਹਟਾਉ ਤੇ ਪਾਣੀ ਪਾਉਣਾ ਬੰਦ ਕਰ ਦਿਉ ਅਤੇ ਵਰਮੀਕੰਪੋਸਟ ਦੇ ਛੋਟੇ ਢੇਰ ਬਣਾਓ। ਵਧੇਰੇ ਰੌਸ਼ਨੀ ਅਤੇ ਨਮੀ ਦੀ ਅਣਹੋਂਦ ਕਾਰਨ ਗੰਡੋਏ ਹੇਠਾਂ ਵੱਲ ਦੀ ਚਲੇ ਜਾਣਗੇ। ਵਰਮੀਕੰਪੋਸਟ ਨੂੰ ਚਾਰ ਮਿਲੀਮੀਟਰ ਆਕਾਰ ਦੀ ਛਾਣਨੀ ਦੀ ਵਰਤੋਂ ਕਰ ਕੇ ਛਾਣਿਆ ਜਾ ਸਕਦਾ ਹੈ ਤਾਂ ਜੋ ਕੱਚਾ ਜੈਵਿਕ ਪਦਾਰਥ ਅਤੇ ਰਹਿੰਦੇ ਗੰਡੋਏ ਅਲੱਗ ਕੀਤੇ ਜਾ ਸਕਣ। ਤਿਆਰ ਖਾਦ ਨੂੰ ਵਰਮੀਕੰਪੋਸਟ ਨੂੰ ਢੁਕਵੇਂ ਆਕਾਰ ਦੇ ਬੈੱਗਾਂ ਵਿੱਚ ਪੈਕ ਕਰੋ। ਵਰਤੋਂ ਜਾਂ ਵਿਕਰੀ ਤੱਕ ਇਨ੍ਹਾਂ ਬੋਰਿਆਂ ਨੂੰ ਠੰਢੀ, ਖੁਸ਼ਕ ਅਤੇ ਛਾਂਦਾਰ ਜਗ੍ਹਾ ’ਤੇ ਭੰਡਾਰ ਕਰੋ।
*ਸਕੂਲ ਆਫ ਆਰਗੈਨਿਕ ਫਾਰਮਿੰਗ, ਪੀਏਯੂ, ਲੁਧਿਆਣਾ।