ਗੜਿਆਂ ਤੇ ਹਨੇਰੀ ਨੇ ਕਣਕ ਦੀ ਪੱਕੀ ਫ਼ਸਲ ਮਧੌਲੀ
ਜੋਗਿੰਦਰ ਸਿੰਘ ਮਾਨ
ਮਾਨਸਾ, 12 ਅਪਰੈਲ
ਮਾਲਵਾ ਪੱਟੀ ਦੇ ਖੇਤਾਂ ’ਚ ਵਿਸਾਖੀ ਤੋਂ ਪਹਿਲਾਂ ਭਾਵੇਂ ਕਣਕ ਦੀ ਕੰਬਾਈਨਾਂ ਨਾਲ ਵਾਢੀ ਸ਼ੁਰੂ ਹੋ ਗਈ ਸੀ ਪਰ ਬੀਤੇ ਕੱਲ੍ਹ ਬਾਅਦ ਦੁਪਹਿਰ ਮੌਸਮ ਦਾ ਮਿਜ਼ਾਜ ਵਿਗੜਣ ਕਾਰਨ ਆਏ ਝੱਖੜ-ਝੋਲੇ, ਕਣੀਆਂ ਅਤੇ ਗੜੇਮਾਰੀ ਨੇ ਕਿਸਾਨਾਂ ਦੇ ਕੰਮ-ਕਾਰ ਨੂੰ ਖਿਲਾਰ ਦਿੱਤਾ ਹੈ। ਕਣੀਆਂ ਤੇ ਗੜੇਮਾਰੀ ਕਾਰਨ ਕਣਕਾਂ ਨੇ ਸਲਾਬ ਫੜ ਲਈ ਹੈ, ਜਿਸ ਕਾਰਨ ਕਿਸੇ ਵੀ ਖੇਤ ’ਚ ਅੱਜ ਕੰਬਾਇਨ ਅਤੇ ਕਣਕ ਦੀ ਵਾਢੀ ਦਾ ਕਾਰਜ ਨਹੀਂ ਚੱਲ ਸਕਿਆ ਹੈ। ਮੌਸਮ ਦੀ ਇਸ ਤਬਦੀਲੀ ਤੋਂ ਪ੍ਰੇਸ਼ਾਨ ਹੋਏ ਅਨੇਕਾਂ ਕਿਸਾਨਾਂ ਦਾ ਕਹਿਣਾ ਹੈ ਕਿ ਅੱਜਕੱਲ੍ਹ ਸਾਫ਼-ਸੁਥਰੇ ਮੌਸਮ ਦੀ ਲੋੜ ਸੀ ਪਰ ਅਸਮਾਨ ’ਤੇ ਚਮਕਦੀਆਂ ਬਿਜਲੀਆਂ ਅਤੇ ਮੀਂਹ-ਝੱਖੜ ਨੇ ਉਨ੍ਹਾਂ ਨੂੰ ਡੂੰਘੀਆਂ ਸੋਚਾਂ ਵਿੱਚ ਪਾ ਦਿੱਤਾ ਹੈ। ਕਿਸਾਨ ਅਸਮਾਨ ਉਪਰ ਛਾਈਆਂ ਕਾਲੀਆਂ ਘਟਾਵਾਂ ਨੂੰ ਵੇਖ ਕੇ ਝੁਰਨ ਲੱਗਿਆ ਹੈ। ਖੇਤੀ ਮਾਹਿਰਾਂ ਦਾ ਮੰਨਣਾ ਹੈ ਕਿ ਜੇ ਪੰਜਾਬ ਵਿਚ ਅਜਿਹਾ ਮੌਸਮ ਜਾਰੀ ਰਹਿੰਦਾ ਹੈ ਤਾਂ ਹਾੜੀ ਦੀਆਂ ਸਾਰੀਆਂ ਫ਼ਸਲਾਂ ਦੀ ਵਾਢੀ ਦੇ ਕੰਮ ’ਚ ਖੜੋਤ ਆ ਜਾਵੇਗੀ। ਇਸੇ ਦੌਰਾਨ ਹੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਠਿੰਡਾ ਸਥਿਤ ਖੇਤਰੀ ਖੋਜ ਕੇਂਦਰ ਦੇ ਵਿਗਿਆਨੀ ਡਾ. ਜੀਐੱਸ ਰੋਮਾਣਾ ਦਾ ਕਹਿਣਾ ਹੈ ਕਿ ਇਸ ਵੇਲੇ ਮੌਸਮ ’ਚ ਦਿਨ ਸਮੇਂ ਚੰਗੀਆਂ ਧੁੱਪਾਂ ਲੱਗਣ ਦਾ ਵੇਲਾ ਅਤੇ ਰਾਤ ਸਮੇਂ ਵੀ ਮੌਸਮ ਦਾ ਸਾਫ਼ ਰਹਿਣਾ ਵੀ ਜ਼ਰੂਰੀ ਹੈ ਤਾਂ ਕਿ ਕਣਕ ਦੀ ਵਾਢੀ ਦਾ ਕਾਰਜ ਸਹੀ ਢੰਗ ਨਾਲ ਨੇਪਰੇ ਚੜ੍ਹ ਸਕੇ ਪਰ ਇਸ ਮੌਸਮ ਨੇ ਕਿਸਾਨਾਂ ਨੂੰ ਫ਼ਿਕਰਾਂ ਵਿੱਚ ਪਾ ਦਿੱਤਾ ਹੈ। ਕਿਸਾਨਾਂ ਨੂੰ ਖਦਸ਼ਾ ਹੈ ਕਿ ਬੇਈਮਾਨ ਹੋਇਆ ਇਹ ਮੌਸਮ ਕਿਧਰੇ ਉਨ੍ਹਾਂ ਦੀਆਂ ਸੱਧਰਾਂ ਅਤੇ ਅਰਮਾਨਾਂ ਨੂੰ ਫ਼ਸਲਾਂ ਦੇ ਨੁਕਸਾਨ ਰੂਪੀ ਸਟਾਈਲ ਵਿੱਚ ਹੀ ਨਾ ਮਧੌਲ ਸੁੱਟੇ।
ਆੜ੍ਹਤੀਆਂ ਨੂੰ ਮੰਡੀ ਬੋਰਡ ਦੀ ਸਖ਼ਤ ਹਦਾਇਤ
ਮਾਨਸਾ ਦੇ ਜ਼ਿਲ੍ਹਾ ਉਪ ਮੰਡੀ ਅਫ਼ਸਰ ਜੈ ਸਿੰਘ ਸਿੱਧੂ ਨੇ ਮਾੜੇ ਮੌਸਮ ਨੂੰ ਵੇਖਦਿਆਂ ਆੜ੍ਹਤੀਆਂ ਨੂੰ ਸਖ਼ਤ ਹਦਾਇਤ ਕੀਤੀ ਹੈ ਕਿ ਜੇ ਕਿਸੇ ਕਿਸਾਨ ਦੀ ਮੰਡੀਆਂ ਵਿੱਚ ਵਿਕਣ ਲਈ ਆਈ ਕਣਕ ਦੀ ਫ਼ਸਲ ਤਰਪਾਲਾਂ ਤੋਂ ਬਿਨਾਂ ਭਿੱਜ ਗਈ ਸੀ ਤਾਂ ਆੜ੍ਹਤੀਏ ਖ਼ਿਲਾਫ਼ ਸਖ਼ਤ ਵਿਭਾਗੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਹਦਾਇਤ ਆੜ੍ਹਤੀਆਂ ਨੂੰ ਲਿਖਤੀ ਰੂਪ ਵਿੱਚ ਭੇਜ ਕੇ ਮਾਨਸਾ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਅਤੇ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੂੰ ਬਕਾਇਦਾ ਜਾਣੂ ਕਰਵਾ ਦਿੱਤਾ ਗਿਆ ਹੈ।