ਗ੍ਰੇਟਾ ਥਨਬਰਗ ਤੇੇ ਸਾਥੀਆਂ ਨੂੰ ਅਗਵਾ ਕਰਨ ਦੀ ਨਿੰਦਾ
ਨਿੱਜੀ ਪੱਤਰ ਪ੍ਰੇਰਕ
ਰਾਏਕੋਟ, 10 ਜੂਨ
ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਨਰਾਇਣ ਦੱਤ ਅਤੇ ਜਨਰਲ ਸਕੱਤਰ ਕਮਲਜੀਤ ਖੰਨਾ ਨੇ ਇਜ਼ਰਾਈਲੀ ਹਾਕਮਾਂ ਵੱਲੋਂ 7 ਅਕਤੂਬਰ 2023 ਤੋਂ ਫ਼ਲਸਤੀਨੀ ਲੋਕਾਂ ਦੀ ਕੀਤੀ ਜਾ ਰਹੀ ਨਸਲਕੁਸ਼ੀ ਦੀ ਜ਼ੋਰਦਾਰ ਨਿੰਦਾ ਕੀਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ 7 ਅਕਤੂਬਰ 2023 ਅਤੇ 4 ਜੂਨ 2025 ਦਰਮਿਆਨ ਗਾਜ਼ਾ ਵਿੱਚ ਘੱਟੋ-ਘੱਟ 54,607 ਫ਼ਲਸਤੀਨੀ ਮਾਰੇ ਗਏ ਹਨ ਅਤੇ 1,25,341 ਜ਼ਖ਼ਮੀ ਹੋਏ ਹਨ, ਜਿਨ੍ਹਾਂ ਵਿੱਚ ਦੋ ਤਿਹਾਈ ਬੱਚੇ ਅਤੇ ਔਰਤਾਂ ਹਨ। ਉਨ੍ਹਾਂ ਇਹ ਵੀ ਕਿਹਾ ਕਿ 22 ਮਈ ਦੀ ਰਿਪੋਰਟ ਅਨੁਸਾਰ 14,000 ਫ਼ਲਸਤੀਨੀ ਬੱਚੇ ਭੁੱਖ ਕਾਰਨ ਮੌਤ ਕਿਨਾਰੇ ਖੜ੍ਹੇ ਹਨ। ਗਾਜ਼ਾ ਦੀ 2.1 ਮਿਲੀਅਨ ਆਬਾਦੀ ਲੰਬੇ ਸਮੇਂ ਤੋਂ ਭੋਜਨ ਦੀ ਕਮੀ ਦਾ ਸਾਹਮਣਾ ਕਰ ਰਹੀ ਹੈ, ਲਗਪਗ ਪੰਜ ਲੱਖ ਲੋਕ ਭੁੱਖਮਰੀ, ਗੰਭੀਰ ਕੁਪੋਸ਼ਣ, ਬਿਮਾਰੀ ਅਤੇ ਮੌਤ ਦੀ ਭਿਆਨਕ ਸਥਿਤੀ ਵਿੱਚ ਹਨ।
ਇਨਕਲਾਬੀ ਕੇਂਦਰ ਦੇ ਆਗੂਆਂ ਨੇ ਕਿਹਾ ਕਿ ਹੁਣ ਤੱਕ ਇਹ ਦੁਨੀਆਂ ਦੇ ਸਭ ਤੋਂ ਭੈੜੇ ਭੁੱਖਮਰੀ ਸੰਕਟਾਂ ਵਿੱਚੋਂ ਇੱਕ ਹੈ ਅਤੇ ਹੁਣ ਇਜ਼ਰਾਈਲ ਨੇ ਇਸ ਇਲਾਕੇ ’ਤੇ ਦੋ ਮਹੀਨਿਆਂ ਤੋਂ ਵੱਧ ਸਮੇਂ ਤੋਂ ਨਾਕਾਬੰਦੀ ਕੀਤੀ ਹੋਈ ਹੈ। ਉਨ੍ਹਾਂ ਕਿਹਾ ਕਿ ਅਕਾਲ ਬਾਰੇ ਸੁਤੰਤਰ ਮਾਹਿਰਾਂ ਦੀ ਤਾਜ਼ਾ ਸਮੀਖਿਆ ਅਨੁਸਾਰ ਨਾਕਾਬੰਦੀ ਕਾਰਨ ਗਾਜ਼ਾ ਦੇ ਪੰਜ ਲੱਖ ਲੋਕਾਂ ਨੂੰ ਭੁੱਖਮਰੀ ਵੱਲ ਧੱਕ ਦਿੱਤਾ ਹੈ। ਇਜ਼ਰਾਈਲ ਦੀ ਇਸ ਅਣਮਨੁੱਖੀ ਕਾਰਵਾਈ ਦਾ ਸਹਾਇਤਾ ਸੰਗਠਨਾਂ ਅਤੇ ਅਧਿਕਾਰ ਸਮੂਹਾਂ ਵੱਲੋਂ ਵਿਆਪਕ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਨੇਤਨਯਾਹੂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀ ਦੇ ਬਾਵਜੂਦ ਅੱਗੇ ਵਧ ਰਹੇ ਗ੍ਰੇਟਾ ਥਨਬਰਗ ਅਤੇ ਮੈਡੇਲੀਨ ਜਹਾਜ਼ 'ਤੇ ਉਸ ਦੇ ਸਾਥੀਆਂ ਨੂੰ ਇਜ਼ਰਾਈਲ ਵੱਲੋਂ ਹਿਰਾਸਤ ਵਿੱਚ ਲੈ ਲਿਆ ਹੈ। ਜਹਾਜ਼ ਵਿੱਚ ਸਵਾਰ ਲੋਕਾਂ ਜਿਨ੍ਹਾਂ ਵਿੱਚ ‘ਗੇਮ ਆਫ਼ ਥ੍ਰੋਨਜ਼’ ਦੇ ਅਦਾਕਾਰ ਲੀਅਮ ਕਨਿੰਘਮ ਅਤੇ ਰੀਮਾ ਹਸਨ (ਯੂਰਪੀਅਨ ਸੰਸਦ ਦੀ ਫਰਾਂਸੀਸੀ ਮੈਂਬਰ) ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਗ੍ਰੇਟਾ ਦੀ ਰਾਹਤ ਸਮਗਰੀ ਭਾਵੇਂ ਮਾਸੂਮ ਬੱਚਿਆਂ ਤੱਕ ਨਾ ਪਹੁੰਚੀ ਹੋਵੇ, ਪਰ ਸੁਨੇਹਾ ਪੂਰੀ ਦੁਨੀਆ ਤੱਕ ਪਹੁੰਚ ਗਿਆ ਹੈ। ਜ਼ਿਕਰਯੋਗ ਹੈ ਕਿ 21 ਨਵੰਬਰ 2024 ਨੂੰ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ਦੇ ਪ੍ਰੀ-ਟ੍ਰਾਇਲ ਚੈਂਬਰ ਨੇ ਫ਼ਲਸਤੀਨ ਵਿੱਚ ਅਪਰਾਧਾਂ ਲਈ ਬੈਂਜਾਮਿਨ ਨੇਤਨਯਾਹੂ ਅਤੇ ਸਾਬਕਾ ਰੱਖਿਆ ਮੰਤਰੀ ਯੋਆਵ ਗੈਲੈਂਟ ਦੇ ਜਾਰੀ ਗ੍ਰਿਫ਼ਤਾਰੀ ਵਰੰਟਾਂ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਨੇਤਨਯਾਹੂ ਅਤੇ ਗੈਲੈਂਟ ਗਾਜ਼ਾ ਖ਼ਿਲਾਫ਼ ਅਪਰਾਧਾਂ ਲਈ ਜ਼ਿੰਮੇਵਾਰ ਹੋ ਸਕਦੇ ਹਨ ਅਤੇ ਜੰਗੀ ਅਪਰਾਧ, ਜਿਸ ਕਾਰਨ ਗਾਜ਼ਾ ਆਬਾਦੀ ਨੂੰ ਭੁੱਖਮਰੀ ਅਤੇ ਗੰਭੀਰ ਦੇਖਭਾਲ ਤੋਂ ਵਾਂਝੇ ਕੀਤਾ ਜਾ ਰਿਹਾ ਹੈ। ਇਨਕਲਾਬੀ ਕੇਂਦਰ ਦੇ ਆਗੂਆਂ ਮੁਖ਼ਤਿਆਰ ਪੂਹਲਾ, ਜਗਜੀਤ ਸਿੰਘ ਲਹਿਰਾ ਮੁਹੱਬਤ ਅਤੇ ਜਸਵੰਤ ਸਿੰਘ ਜੀਰਖ ਨੇ ਕਿਹਾ ਕਿ ਅਮਰੀਕੀ ਰਾਸ਼ਟਰਪਤੀ ਟਰੰਪ 23 ਲੱਖ ਦੀ ਆਬਾਦੀ ਨੂੰ ਉਜਾੜ ਕੇ ਸਮੁੰਦਰੀ ਕੰਢੇ ਰੀਅਲ ਅਸਟੇਟ ਦਾ ਕਾਰੋਬਾਰ ਅਤੇ ਐਸ਼ਗਾਹ ਦਾ ਅੱਡਾ ਬਣਾਉਣ ਦੀਆਂ ਗੋਂਦਾਂ ਗੁੰਦ ਰਿਹਾ ਹੈ।