ਗੋਲੀ ਚਲਾਉਣ ਕਾਰਨ ਨੌਜਵਾਨ ਜ਼ਖ਼ਮੀ
ਗੁਰਮੀਤ ਖੋਸਲਾ
ਸ਼ਾਹਕੋਟ, 6 ਜੂਨ
ਕਸਬਾ ਲੋਹੀਆਂ ਦੇ ਸਰਕਾਰੀ ਹਸਪਤਾਲ ’ਚ ਨਸ਼ੇ ਦੀ ਦਵਾਈ ਲੈਣ ਆਏ ਦੋ ਨੌਜਵਾਨਾਂ ’ਚ ਕਿਸੇ ਗੱਲ ਨੂੰ ਲੈ ਕੇ ਆਪਸੀ ਤਕਰਾਰ ਹੋ ਗਈ ਜਿਸ ਮਗਰੋਂ ਇੱਕ ਨੌਜਵਾਨ ਨੇ ਰਾਈਫਲ ਲਿਆ ਕੇ ਦੂਜੇ ਨੌਜਵਾਨ ਉੱਪਰ ਗੋਲੀ ਚਲਾ ਦਿੱਤੀ ਜਿਸ ਕਾਰਨ ਉਹ ਜਖਮੀ ਹੋ ਗਿਆ। ਪੁਲੀਸ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਕੁਲਵੰਤ ਸਿੰਘ (40) ਪੁੱਤਰ ਗੋਬਿੰਦ ਸਿੰਘ ਵਾਸੀ ਬਾੜਾ ਜਗੀਰ ਅਤੇ ਗੁਰਭੇਜ ਸਿੰਘ ਪੁੱਤਰ ਰੂੜ ਸਿੰਘ ਵਾਸੀ ਲੋਹੀਆਂ ਖਾਸ ਸਰਕਾਰੀ ਹਸਪਤਾਲ ’ਚ ਬਣਾਏ ਸੈਂਟਰ ’ਚ ਨਸ਼ੇ ਦੀ ਦਵਾਈ ਲੈਣ ਆਏ ਸਨ। ਇੱਥੇ ਉਨ੍ਹਾਂ ਦਾ ਕਿਸੇ ਗੱਲ ਨੂੰ ਲੈ ਕੇ ਆਪਸੀ ਤਕਰਾਰ ਹੋ ਗਈ ਜਿਸ ਤੋਂ ਬਾਅਦ ਗੁਰਭੇਜ ਸਿੰਘ ਨੇ ਘਰੋਂ ਰਾਈਫਲ ਲਿਆ ਕੇ ਕੁਲਵੰਤ ਸਿੰਘ ਉੱਪਰ ਗੋਲੀ ਚਲਾ ਦਿਤੀ ਜੋ ਉਸਦੀ ਕੂਹਣੀ ਵਿੱਚ ਵੱਜੀ। ਜ਼ਖਮੀ ਕੁਲਵੰਤ ਸਿੰਘ ਸਰਕਾਰੀ ਹਸਪਤਾਲ ਲੋਹੀਆਂ ਖਾਸ ਵਿਚ ਜ਼ੇਰੇ ਇਲਾਜ ਹੈ।
ਡੀ.ਐੱਸ.ਪੀ ਉਂਕਾਰ ਸਿੰਘ ਬਰਾੜ ਨੇ ਕਿਹਾ ਕਿ ਉਕਤ ਦੋਵੇਂ ਨੌਜਵਾਨ ਸੈਂਟਰ ਵਿੱਚੋਂ ਦਵਾਈ ਲੈਣ ਆਏ ਸਨ।
ਗੁਰਭੇਜ ਸਿੰਘ ਨੂੰ ਸਟਾਫ਼ ਨਾਲ ਬਦਤਮੀਜ਼ੀ ਕਰਨ ’ਤੇ ਰੋਕਣ ਤੋਂ ਬਾਅਦ ਉਸਨੇ ਘਰੋਂ ਰਾਈਫਲ ਲਿਆ ਕੇ ਕੁਲਵੰਤ ਸਿੰਘ ਉੱਪਰ ਗੋਲੀ ਚਲਾ ਦਿੱਤੀ। ਉਨ੍ਹਾਂ ਕਿਹਾ ਕਿ ਇਸੇ ਦੌਰਾਨ ਗੁਰਭੇਜ ਸਿੰਘ ਦੇ ਡਿੱਗਣ ਨਾਲ ਉਸਦੇ ਵੀ ਸੱਟਾਂ ਲੱਗੀਆਂ ਹਨ। ਇਸ ਸਮੇਂ ਦੋਵੇਂ ਨੌਜਵਾਨ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ। ਉਨ੍ਹਾਂ ਕਿਹਾ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ। ਇਹ ਵੀ ਜਾਂਚ ਕਰ ਰਹੇ ਹਨ ਕਿ ਰਾਈਫਲ ਕਿਸਦੀ ਹੈ। ਪੀੜਤ ਵੱਲੋਂ ਦਿਤੇ ਜਾਣ ਵਾਲੇ ਬਿਆਨਾਂ ਤੋਂ ਬਾਅਦ ਮੁਲਜ਼ਮ ਖ਼ਿਲਾਫ਼ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।