ਪੱਤਰ ਪ੍ਰੇਰਕਜਲੰਧਰ, 8 ਜੂਨਆਦਮਪੁਰ ਪੁਲੀਸ ਵੱਲੋ ਜਾਨੋਂ ਮਾਰਨ ਦੀ ਨੀਅਤ ਨਾਲ ਦੋ ਵਿਅਕਤੀਆਂ ’ਤੇ ਗੋਲੀਆ ਚਲਾਉਣ ਵਾਲੇ ਨੂੰ ਬਿਨਾਂ ਲਾਇਸੰਸੀ ਰਿਵਾਲਵਰ ਸਮੇਤ ਗ੍ਰਿਫਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਰਾਹੁਲ ਮਿਗਲਾਨੀ ਵਾਸੀ ਚੱਕ ਝੰਡੂ ਥਾਣਾ ਭੋਗਪੁਰ ਵਜੋਂ ਹੋਈ ਹੈ। ਡੀਐੱਸਪੀ ਕੁਲਵੰਤ ਸਿੰਘ ਨੇ ਦੱਸਿਆ ਕਿ ਬੀਤੇ ਦਿਨ ਜਸਪ੍ਰੀਤ ਸਿੰਘ ਵਾਸੀ ਨੰਗਲ ਫੀਦਾ ਜੋ ਆਪਣੇ ਚਾਚਾ ਚਰਨਜੀਤ ਸਿੰਘ ਨਾਲ ਆਪਣੀ ਭੂਆ ਰਮਨਪ੍ਰੀਤ ਕੌਰ ਜੋ ਹਸਪਤਾਲ ਦਾਖਲ ਹੈ, ਦਾ ਪਤਾ ਲੈਣ ਲਈ ਗਏ ਸਨ। ਸ਼ਨਿੱਚਰਵਾਰ ਸਵੇਰੇ ਕਰੀਬ ਪੰਜ ਵਜੇ ਦੋਵੋਂ ਜਦੋਂ ਵਾਪਸ ਆਪਣੇ ਪਿੰਡ ਆਏ ਤਾਂ ਦੇਖਿਆ ਕਿ ਪਿੰਡ ਦੀ ਮੇਨ ਰੋਡ ’ਤੇ ਗੁਰਜੀਤ ਸਿੰਘ ਦੇ ਪਲਾਟ ਵਿਚ ਉੱਗੀ ਬੂਟੀ ਵਿਚ ਇਕ ਗੱਡੀ ਖੜ੍ਹੀ ਸੀ ਜਿਸ ਵਿੱਚ ਇਕ ਨਾਮਾਲੂਮ ਵਿਅਕਤੀ ਬੈਠਾ ਹੋਇਆ ਸੀ।ਗੱਡੀ ਸ਼ੱਕੀ ਹਾਲਤ ਵਿਚ ਖੜ੍ਹੀ ਹੋਣ ਕਰ ਕੇ ਉਹ ਦੋਵੇਂ ਦੇਖਣ ਲਈ ਗੱਡੀ ਕੋਲ ਗਏ ਤਾਂ ਉਸ ’ਚ ਸਵਾਰ ਵਿਅਕਤੀ ਵੱਲੋਂ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਉਹ ਦੋਵੇਂ ਗੱਡੀ ਰੋਕਣ ਲਈ ਅੱਗੇ ਹੋਏ ਤਾਂ ਉਸ ਵਿਅਕਤੀ ਨੇ ਪਿਸਤੌਲ ਨਾਲ ਉਨ੍ਹਾਂ ’ਤੇ ਚਾਰ ਫਾਇਰ ਕੀਤੇ। ਦੋਵਾਂ ਨੇ ਉਥੋਂ ਭੱਜ ਕੇ ਜਾਨ ਬਚਾਈ ਤੇ ਕਾਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਡੀਐੱਸਪੀ ਨੇ ਦੱਸਿਆ ਕਿ ਪੁਲੀਸ ਨੇ ਸ਼ਿਕਾਇਤ ਦੇ ਅਧਾਰ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਦੌਰਾਨ ਸੂਚਨਾ ਮਿਲੀ ਸੀ ਕਿ ਮੁਲਜ਼ਮ ਰਾਹੁਲ ਮਿਗਲਾਨੀ ਆਪਣੀ ਦੁਕਾਨ ਪਿੰਡ ਬਿਨਪਾਲਕੇ ਵਿਚ ਬੈਠਾ ਹੈ, ਇਸ ’ਤੇ ਇਸ ਨੂੰ ਪੁਲੀਸ ਕਾਬੂ ਕਰ ਲਿਆ। ਪੁਲੀਸ ਨੇ ਰਾਹੁਲ ਮਿਗਲਾਨੀ ਨੂੰ ਗ੍ਰਿਫਤਾਰ ਕਰ ਕੇ ਉਸ ਪਾਸੋਂ ਬਿਨਾਂ ਲਾਇਸੈਂਸੀ ਰਿਵਾਲਵਰ ਕੁੱਲ 18 ਰੌਂਦ, (12 ਜਿੰਦਾ ਰੌਂਦ ਤੇ 6 ਖਾਲੀ ਖੋਲ) ਬਰਾਮਦ ਹੋਏ ਹਨ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।