ਪੱਤਰ ਪ੍ਰੇਰਕਸ਼ੇਰਪੁਰ, 28 ਜੂਨਪਿੰਡ ਬੜੀ ਵਿੱਚ ਭੱਠਾ ਮਜ਼ਦੂਰ ਦੇ ਘਰ ਬੀਤੀ ਰਾਤ ਅਚਾਨਕ ਘਰੇਲੂ ਗੈਸ ਸਿਲੰਡਰ ਫਟਣ ਕਾਰਨ ਮਕਾਨ ਢਹਿ ਗਿਆ। ਹਾਲਾਂਕਿ ਕੋਠੇ ’ਤੇ ਸੁੱਤੇ ਪਰਿਵਾਰਕ ਮੈਂਬਰਾਂ ਦਾ ਬਚਾਅ ਹੋ ਗਿਆ। ਭੱਠਾ ਮਜ਼ਦੂਰ ਬਲਵਿੰਦਰ ਸਿੰਘ ਪੁੱਤਰ ਜੰਗੀਰ ਸਿੰਘ ਵਾਸੀ ਬੜੀ ਨੇ ਦੱਸਿਆ ਕਿ ਬੀਤੀ ਰਾਤ ਗਰਮੀ ਕਾਰਨ ਉਹ ਆਪਣੀ ਪਤਨੀ ਤੇ ਧੀਆਂ ਨਾਲ ਕੋਠੇ ’ਤੇ ਸੁੱਤੇ ਸੀ ਅਤੇ ਤਕਰੀਬਨ ਪੌਣੇ ਬਾਰਾਂ ਵਜੇ ਧਮਾਕੇ ਦੀ ਅਵਾਜ਼ ਸੁਣ ਕੇ ਸਹਿਮ ਗਏ।ਸਿਲੰਡਰ ਫਟਣ ਕਾਰਨ ਰਸੋਈ, ਬਾਥਰੂਮ ਮਲਬੇ ਵਿੱਚ ਤਬਦੀਲ ਹੋ ਗਿਆ ਪਰ ਜਿਸ ਛੱਤ ’ਤੇ ਉਹ ਪਏ ਸਨ ਉਸ ਦਾ ਬਚਾਅ ਹੋ ਗਿਆ। ਰਸੋਈ ਦੇ ਨੇੜੇ ਘਰ ਅੰਦਰਲੇ ਫਰਨੀਚਰ, ਛੱਤ ਵਾਲਾ ਪੱਖਾ, ਮੋਟਰਸਾਈਕਲ, ਫਰਿੱਜ਼, ਕੂਲਰ, ਹੋਰ ਸਾਮਾਨ ਦਾ ਨੁਕਸਾਨ ਹੋਇਆ। ਮਕਾਨ ਵਿੱਚ ਤਰੇੜਾਂ ਆ ਗਈਆਂ ਹਨ। ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ ਇੰਡੇਨ ਨਾਲ ਸਬੰਧਤ ਗੈਸ ਏਜੰਸੀ ਤੋਂ ਲੰਘੀ 9 ਜੂਨ ਨੂੰ ਸਿਲੰਡਰ ਭਰਵਾਇਆ ਸੀ, ਸਿਲੰਡਰ ਨੂੰ ਕੋਈ ਅੱਗ ਨਹੀਂ ਲੱਗੀ ਪਰ ਸਿਲੰਡਰ ਦੇ ਫਟ ਜਾਣ ਦੇ ਕਾਰਨਾਂ ਦਾ ਹਾਲੇ ਪਤਾ ਨਹੀਂ ਲੱਗ ਸਕਿਆ। ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਜਸਮੇਲ ਸਿੰਘ ਬੜੀ ਅਤੇ ਪਿੰਡ ਦੇ ਸਰਪੰਚ ਮਨਵੀਰ ਸਿੰਘ ਬੜੀ ਨੇ ਮਕਾਨ ਦੇ ਨੁਕਸਾਨ ਲਈ ਮੁਆਵਜ਼ੇ ਦੀ ਮੰਗ ਕੀਤੀ। ‘ਆਪ’ ਆਗੂ ਅਮਨਪ੍ਰੀਤ ਸਿੰਘ ਨੇ ਮਾਮਲਾ ਆਪ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਧਿਆਨ ਵਿੱਚ ਲਿਆ ਕੇ ਪਰਿਵਾਰ ਦੀ ਮਾਲੀ ਮਦਦ ਕਰਵਾਉਣ ਦਾ ਵਾਅਦਾ ਕੀਤਾ।ਤਕਨੀਕੀ ਬਾਰੀਕੀਆਂ ਵਾਚ ਰਹੇ ਹਾਂ: ਏਜੰਸੀ ਮਾਲਕਗੈਸ ਏਜੰਸੀ ਹਿੱਸਦਾਰ ਮਾਲਕ ਗੁਰਵਿੰਦਰ ਸਿੰਘ ਨੇ ਕਿਹਾ ਕਿ ਉਹ ਸਿਲੰਡਰ ਦੀ ਬੁਕਿੰਗ, ਜਾਰੀ ਹੋਣ ਦੀ ਤਾਰੀਕ ਸਣੇ ਸਮੁੱਚੀਆਂ ਤਕਨੀਕੀ ਬਾਰੀਕੀਆਂ ਨੂੰ ਵਾਚ ਰਹੇ ਹਨ, ਜਿਸ ਮਗਰੋਂ ਹੀ ਕੁੱਝ ਦੱਸਿਆ ਜਾ ਸਕਦਾ ਹੈ। ਉਂਜ ਇਨਸਾਨੀਅਤ ਤੌਰ ’ਤੇ ਉਹ ਪੀੜਤ ਪਰਿਵਾਰ ਦੇ ਨਾਲ ਹਨ।