ਗੈਸ ਫੈਕਟਰੀ ਵਿਰੋਧੀ ਸੰਘਰਸ਼ ਕਮੇਟੀ ਵੱਲੋਂ ਮਾਲਕ ’ਤੇ ਸਾਮਾਨ ਚੁੱਕਣ ਦਾ ਦੋਸ਼
ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 14 ਅਪਰੈਲ
ਨਜ਼ਦੀਕੀ ਪਿੰਡ ਭੂੰਦੜੀ ਵਿਖੇ ਲੱਗਣ ਵਾਲੀ ਗੈਸ ਫੈਕਟਰੀ ਖ਼ਿਲਾਫ਼ ਇਕ ਸਾਲ ਸਤਾਰਾਂ ਦਿਨ ਤੋਂ ਪੱਕਾ ਮੋਰਚਾ ਲੱਗਿਆ ਹੋਇਆ ਹੈ। ਇਸ ਸਬੰਧੀ ਬਣੀ ਸੰਘਰਸ਼ ਕਮੇਟੀ ਦੇ ਆਗੂਆਂ ਨੇ ਅੱਜ ਦੱਸਿਆ ਕਿ ਫੈਕਟਰੀ ਮਾਲਕ ਨੇ ਅੱਜ ਫੈਕਟਰੀ ਵਿੱਚੋਂ ਦਫ਼ਤਰ ਵਾਲਾ ਕੰਨਟੇਨਰ, ਹਜ਼ਾਰ ਕਿੱਲੋਵਾਰ ਦਾ ਟਰਾਂਸਫਾਰਮਰ ਆਦਿ ਚੁੱਕ ਲਿਆ। ਉਨ੍ਹਾਂ ਇਸ ਨੂੰ ਇਕ ਸਾਲ ਤੋਂ ਵੱਧ ਸਮੇਂ ਤੋਂ ਚੱਲ ਆ ਰਹੇ ਸੰਘਰਸ਼ ਤੇ ਪਿੰਡ ਵਾਸੀਆਂ ਦੇ ਸਬਰ ਦੀ ਜਿੱਤ ਕਰਾਰ ਦਿੱਤਾ। ਇਸ ਮੌਕੇ ਧਰਨਾਕਾਰੀਆਂ ਨੇ ਸੰਘਰਸ਼ ਵਿੱਚ ਡਟੇ ਰਹਿਣ ਦਾ ਅਹਿਦ ਦਹੁਰਾਇਆ।
ਉਨ੍ਹਾਂ ਕਿਹਾ ਕਿ ਇਸ ਨਾਲ ਸਾਬਤ ਹੁੰਦਾ ਹੈ ਕਿ ਲੋਕ ਏਕਤਾ ਨਾਲ ਕੋਈ ਵੀ ਸੰਘਰਸ਼ ਜਿੱਤਿਆ ਜਾ ਸਕਦਾ ਹੈ ਅਤੇ ਇਹ ਸੰਘਰਸ਼ ਵੀ ਰੰਗ ਲਿਆਇਆ ਹੈ। ਸੰਘਰਸ਼ ਕਮੇਟੀ ਦੇ ਕੋਆਰਡੀਨੇਟਰ ਸੁਖਦੇਵ ਭੂੰਦੜੀ, ਸਾਬਕਾ ਚੇਅਰਮੈਨ ਸੁਰਜੀਤ ਸਿੰਘ, ਹਰਪ੍ਰੀਤ ਸਿੰਘ ਹੈਪੀ, ਸੂਬੇਦਾਰ ਕਾਲਾ ਸਿੰਘ, ਸਤਵੰਤ ਸਿੰਘ ਸਿਵੀਆ ਨੇ ਕਿਹਾ ਕਿ ਅੱਜ ਗੈਸ ਫੈਕਟਰੀ ਭੂੰਦੜੀ ਦੇ ਮਾਲਕਾਂ ਵੱਲੋਂ ਫੈਕਟਰੀ ਵਿੱਚੋਂ ਆਪਣਾ ਕੰਨਟੇਨਰ ਤੇ ਟਰਾਂਸਫਾਰਮਰ ਸਣੇ ਹੋਰ ਸਾਮਾਨ ਚੁੱਕ ਲਿਆ ਗਿਆ। ਇਸ ਤੋਂ ਸਾਬਤ ਹੁੰਦਾ ਹੈ ਕਿ ਲੋਕਾਂ ਦੀ ਏਕਤਾ ਤੇ ਸਬਰ ਨਾਲ ਲੜਿਆ ਲਗਭਗ ਇਕ ਸਾਲ ਤੇ 17 ਦਿਨ ਦਾ ਸ਼ੰਘਰਸ਼ ਰੰਗ ਲਿਆਇਆ ਹੈ। ਲੋਕ ਏਕਤਾ ਨੇ ਸਰਕਾਰ ਤੇ ਪੁਲੀਸ ਪ੍ਰਸ਼ਾਸਨ ਦੇ ਜਬਰ ਨੂੰ ਠੱਲ ਪਾਈ ਹੈ। ਇਸ ਮੌਕੇ ਬੁਲਾਰਿਆਂ ਨੇ ਡਾ. ਸੁਖਦੇਵ ਸਿੰਘ ਭੂੰਦੜੀ ਤੇ ਜਗਤਾਰ ਸਿੰਘ ਮਾੜਾ ਨੂੰ ਇਸ ਜਿਤ ਦੀ ਮੁਬਾਰਕਬਾਦ ਦਿੱਤੀ। ਧਰਨੇ ਦੌਰਾਨ ਲੋਕ ਏਕਤਾ ਤੇ ਜਿੱਤ ਦੀ ਖੁਸ਼ੀ ਵਿੱਚ ਨਾਅਰੇ ਗੂੰਜੇ।
ਇਸ ਮੌਕੇ ਜਗਮੋਹਨ ਸਿੰਘ ਗਿੱਲ, ਰਛਪਾਲ ਸਿੰਘ ਤੂਰ, ਬਲਦੇਵ ਸਿੰਘ ਲਤਾਲਾ ਨੇ ਵੀ ਸੰਬੋਧਨ ਕੀਤਾ। ਧਰਨੇ ਵਿੱਚ ਗੁਰਮੇਲ ਸਿੰਘ ਸਨੇਤ, ਜਸਵੰਤ ਸਿੰਘ ਕਾਉਂਕੇ, ਭੋਲਾ ਸਿੰਘ, ਸਤਪਾਲ ਸਿੰਘ, ਮਨਜਿੰਦਰ ਸਿੰਘ ਮੋਨੀ, ਸੁਖਦੇਵ ਸਿੰਘ ਬੂਰਾ, ਲਖਵੀਰ ਸਿੰਘ ਖੀਰਾ, ਚਮਕੌਰ ਸਿੰਘ ਹਾਂਸ, ਨਛੱਤਰ ਸਿੰਘ ਗੋਰਾਹੂਰ, ਬਲਜਿੰਦਰ ਸਿੰਘ ਦੌਧਰ, ਪਲਵਿੰਦਰ ਸਿੰਘ ਸਵੱਦੀ, ਮਲਕੀਤ ਸਿੰਘ ਰਾਮਾ ਤੇ ਹੋਰ ਹਾਜ਼ਰ ਸਨ।