ਗੈਸ ਫੈਕਟਰੀਆਂ ਵਿਰੁੱਧ ਅਖਾੜਾ ਤੇ ਭੂੰਦੜੀ ’ਚ ਤਣਾਅ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 6 ਫਰਵਰੀ
ਇਥੋਂ ਦੇ ਦੋ ਪਿੰਡਾਂ ਅਖਾੜਾ ਅਤੇ ਭੂੰਦੜੀ ਵਿੱਚ ਲੱਗ ਰਹੀਆਂ ਗੈਸ ਫੈਕਟਰੀਆਂ ਕਾਰਨ ਅੱਜ ਸਵੇਰ ਤੋਂ ਹੀ ਟਕਰਾਅ ਅਤੇ ਤਣਾਅ ਵਾਲੀ ਸਥਿਤੀ ਬਣੀ ਰਹੀ। ਅਖਾੜਾ ਅਤੇ ਭੂੰਦੜੀ ਦੇ ਲੋਕ ਪੱਕੇ ਮੋਰਚੇ ਲਾਈ ਬੈਠੇ ਹਨ ਅਤੇ ਇਨ੍ਹਾਂ ਫੈਕਟਰੀਆਂ ਨੂੰ ਚੱਲਣ ਨਹੀਂ ਦਿੱਤਾ ਜਾ ਰਿਹਾ। ਦੋਵਾਂ ਪਿੰਡਾਂ ਵਿੱਚ ਅੱਜ ਵੱਡੀ ਗਿਣਤੀ ਪੁਲੀਸ ਫੋਰਸ ਪਹੁੰਚ ਗਈ। ਬੇਟ ਦੇ ਪਿੰਡ ਭੂੰਦੜੀ ਵਿੱਚ ਤਾਂ ਪੁਲੀਸ ਪੱਕੇ ਮੋਰਚੇ ਵਾਲੇ ਟੈਂਟ ਨੂੰ ਪੁੱਟਣ ਵਿੱਚ ਕਾਮਯਾਬ ਹੋ ਗਈ ਅਤੇ ਔਰਤਾਂ ਦੇ ਡਟਵੇਂ ਵਿਰੋਧ ਨੂੰ ਲਾਠੀਚਾਰਜ ਨਾਲ ਪਛਾੜ ਵੀ ਦਿੱਤਾ ਪਰ ਅਖਾੜਾ ਵਿੱਚ ਕਨਸੋਅ ਮਿਲਣ ਕਰਕੇ ਸਵੇਰ ਵੇਲੇ ਹੀ ਪਿੰਡ ਵਾਸੀ ਇਕੱਠੇ ਹੋਣੇ ਸ਼ੁਰੂ ਹੋ ਗਏ। ਪੁਲੀਸ ਫੋਰਸ ਦੇ ਵੱਡੀ ਗਿਣਤੀ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਸਮੁੱਚਾ ਪਿੰਡ ਇਕ ਥਾਂ ਇਕੱਠਾ ਹੋ ਗਿਆ। ਪਿੰਡਾਂ ਵਿੱਚੋਂ ਲੰਘਦੀਆਂ ਸੜਕਾਂ ’ਤੇ ਟਰਾਲੀਆਂ, ਟਰੈਕਟਰ ਤੇ ਰੇਹੜੇ ਖੜ੍ਹੇ ਕਰਕੇ ਰੋਕ ਰੋਕਾਂ ਲਗਾ ਦਿੱਤੀਆਂ ਗਈਆਂ।
ਪੁਲੀਸ ਦੀ ਤਿਆਰੀ ਦਾ ਅੰਦਾਜ਼ਾ ਇਸ ਤੋਂ ਲੱਗ ਜਾਂਦਾ ਹੈ ਕਿ ਮੌਕੇ ’ਤੇ 17 ਜੀਓ, ਤਿੰਨ ਜ਼ਿਲ੍ਹਿਆਂ ਦੀ ਪੁਲੀਸ ਫੋਰਸ, ਪੀਏਪੀ ਫਿਲੌਰ ਦੇ ਜਵਾਨ, ਲੁਧਿਆਣਾ ਦਿਹਾਤੀ ਪੁਲੀਸ ਦੇ ਸਾਰੇ ਥਾਣਾ ਮੁਖੀ, ਐਡੀਸ਼ਨਲ ਥਾਣਾ ਮੁਖੀ, ਦੋਵੇਂ ਥਾਵਾਂ ’ਤੇ ਚਾਰ ਸੌ ਦੇ ਕਰੀਬ ਪੁਲੀਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ। ਮੌਕੇ ’ਤੇ ਹਾਲਾਤ ਸੰਭਾਲਣ ਲਈ ਦੋ-ਦੋ ਫਾਇਰ ਬ੍ਰਿਗੇਡ ਅਤੇ ਐਂਬੂਲੈਂਸਾਂ ਮੌਜੂਦ ਸਨ। ਅਖਾੜਾ ਵਿੱਚ ਡੀਐੱਸਪੀ ਜਸਜਯੋਤ ਸਿੰਘ ਤੇ ਭੂੰਦੜੀ ਵਿੱਚ ਡੀਐੱਸਪੀ ਇੰਦਰਜੀਤ ਸਿੰਘ ਬੋਪਾਰਾਏ ਸਣੇ ਹੋਰ ਪੁਲੀਸ ਅਧਿਕਾਰੀ ਮੌਜੂਦ ਰਹੇ। ਇਸ ਤੋਂ ਪਹਿਲਾਂ ਪੁਲੀਸ ਨੇ ਬੀਕੇਯੂ (ਡਕੌਂਦਾ) ਦੇ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਬੀਕੇਯੂ (ਉਗਰਾਹਾਂ) ਦੇ ਆਗੂ ਚਰਨ ਸਿੰਘ ਨੂਰਪੁਰਾ, ਇਨਕਾਲਬੀ ਕੇਂਦਰ ਪੰਜਾਬ ਦੇ ਜਨਰਲ ਸਕੱਤਰ ਕੰਵਲਜੀਤ ਖੰਨਾ ਦੇ ਘਰਾਂ ’ਚ ਛਾਪੇ ਮਾਰੇ। ਜਿਹੜੇ ਆਗੂ ਘਰਾਂ ’ਚ ਮਿਲੇ ਉਨ੍ਹਾਂ ਨੂੰ ਨਜ਼ਰਬੰਦ ਕੀਤਾ ਗਿਆ। ਭੂੰਦੜੀ ਵਿੱਚ ਭਾਵੇਂ ਲਾਠੀਚਾਰਜ ਕਰਕੇ ਪੁਲੀਸ ਹਾਵੀ ਹੋ ਗਈ ਪਰ ਅਖਾੜਾ ਵਿੱਚ ਪੁਲੀਸ ਬੇਵੱਸ ਨਜ਼ਰ ਆਈ।