ਗੈਸ ਏਜੰਸੀ ਵਰਕਰਾਂ ਵੱਲੋਂ ਕਿਰਤ ਵਿਭਾਗ ਦੇ ਦਫ਼ਤਰ ਅੱਗੇ ਧਰਨਾ

ਰੋਸ ਪ੍ਰਦਰਸ਼ਨ ਵਿੱਚ ਸ਼ਿਰਕਤ ਕਰਦੇ ਹੋਏ ਗੈਸ ਏਜੰਸੀ ਦੇ ਵਰਕਰ।

ਰਵੇਲ ਸਿੰਘ ਭਿੰਡਰ
ਪਟਿਆਲਾ, 21 ਮਈ
ਕਰੋਨਾਵਾਇਰਸ ਮਹਾਮਾਰੀ ਦੌਰਾਨ ਆਪਣੀ ਜਾਨ ਜੋਖ਼ਮ ਵਿੱਚ ਪਾ ਕੇ ਲਗਾਤਾਰ ਆਪਣੀਆਂ ਸੇਵਾਵਾਂ ਦੇ ਰਹੇ ਗੈਸ ਏਜੰਸੀ ਵਰਕਰਾਂ ਵੱਲੋਂ ਗੈਸ ਵਰਕਰਜ਼ ਯੂਨੀਅਨ ਦੇ ਬੈਨਰ ਹੇਠ ਅੱਜ ਕਿਰਤ ਵਿਭਾਗ ਦੇ ਪਟਿਆਲਾ ਸਥਿਤ ਦਫ਼ਤਰ ਵਿੱਚ ਇਕੱਠ ਕਰ ਕੇ ਧਰਨਾ-ਪ੍ਰਦਰਸ਼ਨ ਕੀਤਾ ਗਿਆ। ਧਰਨੇ ਦੀ ਖ਼ਬਰ ਮਿਲਦੇ ਹੀ ਤਹਿਸੀਲਦਾਰ ਰਣਜੀਤ ਸਿੰਘ ਅਤੇ ਭਾਰੀ ਪੁਲੀਸ ਬਲ ਮੌਕੇ ’ਤੇ ਪਹੁੰਚ ਗਿਆ। ਤਹਿਸੀਲਦਾਰ ਨੇ 27 ਮਈ ਨੂੰ ਉੱਚ ਪੱਧਰੀ ਮੀਟਿੰਗ ਕਰਵਾਉਣ ਤੇ ਮੰਗਾਂ ਦਾ ਨਿਪਟਾਰਾ ਕਰਨ ਦਾ ਵਿਸ਼ਵਾਸ ਦਿਵਾਇਆ। ਇਸ ’ਤੇ ਗੈਸ ਏਜੰਸੀ ਵਰਕਰਜ਼ ਯੂਨੀਅਨ ਨੇ ਚਿਤਾਵਨੀ ਦਿੱਤੀ ਕਿ ਜੇਕਰ 27 ਮਈ ਨੂੰ ਮੀਟਿੰਗ ਨਾ ਹੋਈ ਤਾਂ ਵਰਕਰ ਡਿਪਟੀ ਕਮਿਸ਼ਨਰ ਦੇ ਦਫ਼ਤਰ ਦਾ ਘਿਰਾਓ ਕਰਨਗੇ। ਹੜਤਾਲੀ ਗੈਸ ਏਜੰਸੀ ਵਰਕਰਾਂ ਵੱਲੋਂ ਅੱਜ ਗੈਸ ਸਪਲਾਈ ਵੀ ਬੰਦ ਰੱਖੀ ਗਈ। ਕਿਰਤ ਕਮਿਸ਼ਨਰ ਦਫ਼ਤਰ ਅੱਗੇ ਦਿੱਤੇ ਇਸ ਰੋਸ ਧਰਨੇ ਨੂੰ ਯੂਨੀਅਨ ਦੇ ਪ੍ਰਧਾਨ ਕਸ਼ਮੀਰ ਸਿੰਘ ਬਿੱਲਾ ਤੇ ਜਨਰਲ ਸਕੱਤਰ ਸੁਰਜੀਤ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਲੰਬੇ ਸਮੇਂ ਤੋਂ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਨਜ਼ਰਅੰਦਾਜ਼ ਕਰਦੀ ਆ ਰਹੀ ਹੈ। ਇਸ ਮਹਾਮਾਰੀ ਦੌਰਾਨ ਵੀ ਉਨ੍ਹਾਂ ਨੂੰ ਕੋਈ ਬੀਮਾ ਪਾਲਿਸੀ ਅਤੇ ਮੈਡੀਕਲ ਜਾਂਚ ਦੀ ਸਹੂਲਤ ਨਹੀਂ ਦਿੱਤੀ ਗਈ। ਧਰਨੇ ਨੂੰ ਯਨੀਅਨ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਜਸਵੀਰ ਸਿੰਘ, ਜਸਪਾਲ ਸਿੰਘ ਅਤੇ ਲੋਕ ਸੰਘਰਸ਼ ਕਮੇਟੀ ਦੇ ਕਨਵੀਨਰ ਰਾਮਿੰਦਰ ਪਟਿਆਲਾ ਨੇ ਸੰਬੋਧਨ ਕੀਤਾ।

Tags :