ਗੁੜ ਵਾਂਗ ਨਾ ਮਿੱਠੇ ਹੋਈਏ, ਮਿਰਚ ਵਾਂਗ ਕਦੇ ਲੜੀਏ ਨਾ...
ਲਖਵਿੰਦਰ ਸਿੰਘ ਰਈਆ
ਸਿਡਨੀ: ਇੱਥੇ ਮਹੀਨਾਵਾਰੀ ਸਾਹਿਤਕ ਦਰਬਾਰ ਬਾਬਾ ਬੁੱਢਾ ਜੀ ਹਾਲ ਗਲੈਨਵੁੱਡ (ਸਿਡਨੀ) ਵਿੱਚ ਕਰਵਾਇਆ ਗਿਆ। ਇਸ ਵਿੱਚ ਵੱਡੀ ਗਿਣਤੀ ਵਿੱਚ ਸਾਹਿਤਕ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ। ਭਾਰਤ-ਪਾਕਿਸਤਾਨ ਵਿੱਚ ਪੈਦਾ ਹੋਏ ਟਕਰਾਅ ਬਾਰੇ ਮਨਪ੍ਰੀਤ ਕੌਰ ਵੇਰਕਾ ਨੇ ਆਪਣੀ ਸੰਵੇਦਨਸ਼ੀਲ ਕਵਿਤਾ ਰਾਹੀਂ ਦਿਲੀ ਅਰਜ਼ੋਈ ਕੀਤੀ। ਖੁੱਲ੍ਹੀ ਕਵਿਤਾ ਦੇ ਡੂੰਘੇ ਅਰਥਾਂ ਵਾਲੇ ਪ੍ਰਤੀਬਿੰਬ ਬੋਲਾਂ ਰਾਹੀਂ ਡਾ. ਅਮਰਜੀਤ ਟਾਂਡਾ ਨੇ ਜੰਗਾਂ ਦੇ ਭਿਆਨਕ ਤੇ ਤਰਸਾਦੀ ਭਰੇ ਬਦਹਾਲੀ ਦੇ ਮੰਜ਼ਰ ਨੂੰ ਨਸ਼ਰ ਕੀਤਾ;
ਸਾਹਾਂ ਵਿੱਚ ਸੁਗੰਧੀਆਂ ਨੇ, ਪੈਰਾਂ ਵਿੱਚ ਪਾਬੰਦੀਆਂ ਨੇ
ਕੁਝ ਮੇਰੀਆਂ ਤੂੰ ਮੰਨ, ਕੁਝ ਆਪਣੀਆਂ ਤੂੰ ਸੁਣਾ
ਨੀਂ ਅੰਮੜੀਏ ਏਨੀਆਂ ਪਾਬੰਦੀਆਂ ਨਾ ਲਾ।
ਮੋਹ ਭਰੇ ਰਿਸ਼ਤਿਆਂ ਦੇ ਪਿਆਰ ਦੀ ਖੁਸ਼ਬੋਈ ਵਿੱਚ ਫਿਰਕੂ ਵੈਰ ਵਿਰੋਧ ਦੀਆਂ ਬੇੜੀਆਂ ਦੇ ਦਰਦ ਨੂੰ ਹਰਬੰਸ ਸਿੰਘ ਸਮਰਾਲਾ ਨੇ ਹੂਕ ਭਰੀ ਆਵਾਜ਼ ਨਾਲ ਪੇਸ਼ ਕੀਤਾ।
ਜੋਗਿੰਦਰ ਸਿੰਘ ਸੋਹੀ ਨੇ ਮਾਂ ਦੀ ਮਮਤਾ ਨਾਲ ਨਿਵੇਕਲੀ ਸਾਂਝ ਪਾਈ;
ਮਾਂ ਦਾ ਪਿਆਰ ਮਿਲਦਾ ਨਸੀਬਾਂ ਵਾਲਿਆਂ ਨੂੰ
ਦੁਨੀਆ ਵਿੱਚ ਅਜਿਹਾ ਕੋਈ ਬਾਜ਼ਾਰ ਨਹੀਂ ਹੁੰਦਾ
ਇਹ ਰਿਸ਼ਤਾ ਰੱਬ ਦੀਆਂ ਰਹਿਮਤਾਂ ਦਾ
ਹਰ ਕੋਈ ਰਿਸ਼ਤਾ ਏਨਾ ਵਫ਼ਾਦਾਰ ਨਹੀਂ ਹੁੰਦਾ।
ਈਰਖਾ ਤੋਂ ਦੂਰ ਰਹਿ ਕੇ ਕਿਰਤ ਨਾਲ ਜੁੜਨ ਤੇ ਸਮਾਜਿਕ ਸਰੋਕਾਰਾਂ ਵਿੱਚ ਸੰਤੁਲਨ ਕਾਇਮ ਰੱਖਣ ਲਈ ਸੰਤ ਸਿੰਘ ਬੀਲਾ ਤੇ ਅਮਰਬਲਜੀਤ ਸਿੰਘ ਨੇ ਕਵੀਸ਼ਰੀ ਦਾ ਖੂਬਸੂਰਤ ਰੰਗ ਬੰਨ੍ਹਿਆ;
ਦੱਬ ਕੇ ਵਾਹੀਏ ਰੱਜ ਕੇ ਖਾਈਏ ਦੇਖ ਕਿਸੇ ਵੱਲ ਸੜੀਏ ਨਾ
ਗੁੜ ਵਾਂਗ ਨਾ ਮਿੱਠੇ ਹੋਈਏ, ਮਿਰਚ ਵਾਂਗ ਕਦੇ ਲੜੀਏ ਨਾ।
ਅਵਤਾਰ ਸਿੰਘ ਖਹਿਰਾ ਨੇ ਬਚਪਨ ਦੀ ਲਾਪਰਵਾਹੀ, ਜਵਾਨੀ ਦੇ ਅਵੱਲੇ ਸ਼ੌਕ, ਕਾਰ ਵਿਵਹਾਰ, ਪੁਰਾਣੇ ਤੇ ਨਵੇਂ ਸਮੇਂ ਦੀ ਤੁਲਨਾ ਕਾਵਿਕ ਸ਼ਬਦਾਂ ਵਿੱਚ ਕੀਤੀ;
ਨਾ ਫ਼ਿਕਰ ਨਾ ਫਾਕਾ ਸੀ, ਬਚਪਨ ਭੂੰਡ ਪਟਾਕਾ ਸੀ।
ਰੋਜ਼ ਦੌੜੰਗੇ ਲਾਉਂਦੇ ਸੀ, ਪਿੰਡ ਦੀਆਂ ਗਲੀਆਂ ਗਾਹੁੰਦੇ ਸੀ।
ਕੰਨਾਂ ਵਿੱਚ ਮਿਸ਼ਰੀ ਘੋਲਦੇ ਬੋਲਾਂ ਰਾਹੀਂ ਕੁਲਦੀਪ ਸਿੰਘ ਜੌਹਲ ਨੇ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੱਤਾ;
ਚਿੱਟੀਆਂ ਕਪਾਹ ਦੀਆਂ ਫੁੱਟੀਆਂ, ਹਾਏ ਨੀਂ ਪੱਤ ਹਰੇ ਹਰੇ
ਆਖ ਨੀਂ ਨਣਾਨੇ ਤੇਰੇ ਵੀਰ ਨੂੰ, ਕਦੀ ਤਾਂ ਭੈੜਾ ਹੱਸਿਆ ਕਰੇ।
ਤਰੁੰਨਮ ਭਰੀ ਆਵਾਜ਼ ਨਾਲ ਰੇਡੀਓ ਕਲਾਕਾਰ ਰਾਣੀ ਇੰਦਰਜੀਤ ਕੌਰ ਚੰਡੀਗੜ੍ਹ ਨੇ ਸਾਹਿਤਕ ਦਰਬਾਰ ਵਿੱਚ ਗੀਤ ਗਾ ਕੇ ਇੱਕ ਵੱਖਰਾ ਰੰਗ ਭਰ ਦਿੱਤਾ;
ਗੁਜਰੀ ਦਾ ਚੰਨ, ਚੰਨਾਂ ’ਚੋਂ ਸੋਹਣਾ ਚੰਨ, ਗੁਜਰੀ ਦਾ ਚੰਨ।
ਬਾਬਾ ਬੋਹੜ ਵਜੋਂ ਜਾਣੇ ਜਾਂਦੇ ਗਿਆਨੀ ਸੰਤੋਖ ਸਿੰਘ ਨੇ ਹਾਸਰਸ ਸ਼ੈਲੀ ਨਾਲ ਪਾਖੰਡਾਂ, ਵਿਖਾਵੇ ਭਰੀ ਧਾਰਮਿਕ ਆਸਥਾ ਦੀ ਬੁਰਾਈ ਉਤੇ ਕੁੰਜੀਵਤ ਭਾਸ਼ਣ ਰਾਹੀਂ ਬੜੀ ਬੇਬਾਕੀ ਨਾਲ ਉਂਗਲ ਧਰੀ। ਅਮਲਾਂ ਵਿਹੂਣੀ ਫੁਕਰੀ ਜੀਵਨਸ਼ੈਲੀ ’ਤੇ ਤੰਨਜ, ਮੁਕੱਦਰ ਦਾ ਸਿਕੰਦਰ, ਫੋਕੇ ਫੈਸ਼ਨ, ਝੂਠੇ ਵਿਖਾਵੇ ਆਦਿ ਵਿਸ਼ਿਆਂ ’ਤੇ ਨਰਿੰਦਰ ਪਾਲ ਸਿੰਘ ਚੰਡੀਗੜ੍ਹ, ਪਰਮਜੀਤ ਸਿੰਘ, ਅਮਰਜੀਤ ਸਿੰਘ ਨਾਗੀ, ਕੈਪਟਨ ਦਲਜੀਤ ਸਿੰਘ, ਸੁਰਿੰਦਰ ਸਿੰਘ ਜਗਰਾਉਂ, ਹਰਬੰਸ ਸਿੰਘ ਮਾਲਵਾ, ਦਵਿੰਦਰ ਕੌਰ ਸਰਕਾਰੀਆ, ਕੰਵਰਪਾਲ ਸਿੰਘ, ਜਰਨੈਲ ਕੌਰ, ਕਮਾਂਡੈਂਟ ਭੁਪਿੰਦਰ ਸਿੰਘ ਧਾਲੀਵਾਲ, ਦਲਬੀਰ ਸਿੰਘ ਪੱਡਾ, ਛਿੰਦਰਪਾਲ ਕੌਰ ਬੈਂਸ, ਮਨਜੀਤ ਕੌਰ, ਜਸਵੰਤ ਸਿੰਘ ਪੰਨੂੰ, ਨਰੰਗ ਸਿੰਘ ਖਾਲਸਾ ਹਰਿਆਣਾ, ਪ੍ਰਿਤਪਾਲ ਸਿੰਘ ਸੰਗਰੂਰ, ਸੁਰਿੰਦਰ ਸਿੰਘ ਸੋਹੀ, ਗੁਰਦੇਵ ਸਿੰਘ ਸੰਗਰੂਰ, ਹਰਮੋਹਨ ਸਿੰਘ ਵਾਲੀਆ, ਪ੍ਰਿਤਪਾਲ ਸਿੰਘ ਮਠਾੜੂ, ਬਹਾਦਰ ਸਿੰਘ, ਜਸਵੰਤ ਸਿੰਘ ਘੁੰਮਣ, ਪਰਮਜੀਤ ਸਿੰਘ ਪੰਮਾ ਭੀਲੋਵਾਲ, ਹਰਦੀਪ ਸਿੰਘ ਕੁਕਰੇਜਾ ਭਵਨਜੀਤ ਸਿੰਘ, ਗੁਰਜੰਟ ਸਿੰਘ ਖੈਰਾ, ਜਸਪਾਲ ਸਿੰਘ ਆਦਿ ਸਾਹਿਤਕਾਰਾਂ ਨੇ ਵਡਮੁੱਲੇ ਵਿਚਾਰਾਂ ਦਾ ਪ੍ਰਗਟਾਵਾ ਕੀਤਾ।
ਉਕਤ ਸਾਹਿਤਕ ਵਿਚਾਰ ਚਰਚਾ ਉਪਰੰਤ ਲੇਖਕ ਭੁਪਿੰਦਰ ਸਿੰਘ ਚੌਕੀਮਾਨ ਦੀਆਂ ਦੋ ਪੁਸਤਕਾਂ ‘ਧਰਮ ਨੂੰ ਕਿਵੇਂ ਸਮਝੀਏ’ ਅਤੇ ‘ਸਫਲ ਜੀਵਨ ਦਾ ਰਹੱਸ’ ਸਾਹਿਤਕ ਪ੍ਰੇਮੀਆਂ ਵੱਲੋਂ ਰਿਲੀਜ਼ ਕੀਤੀਆਂ ਗਈਆਂ। ਇਸ ਸਮੁੱਚੇ ਸਾਹਿਤਕ ਦਰਬਾਰ ਦੇ ਮੰਚ ਸੰਚਾਲਨ ਦੀ ਸੇਵਾ ਜੋਗਿੰਦਰ ਸਿੰਘ ਜਗਰਾਉਂ ਨੇ ਬਾਖੂਬੀ ਨਿਭਾਈ।
ਸੰਪਰਕ : 61430204832